
ਚੰਡੀਗੜ੍ਹ, 5 ਦਸੰਬਰ (ਤਰੁਣ ਭਜਨੀ): ਟਰੈਚਿਆ ਓਸੋਫ਼ੈਗਲ ਫ਼ਿਸਟੁਲਾ ਇਕ ਅਜਿਹੀ ਬੀਮਾਰੀ ਹੈ ਜੋ ਨਵ-ਜੰਮੇ ਬੱਚਿਆਂ ਦੀ ਖਾਣ ਅਤੇ ਸਾਹ ਵਾਲੀ ਨਾਲੀ (ਫੂਡ ਐਂਡ ਵਿੰਡ ਪਾਈਪ) ਵਿਚ ਗੜਬੜ ਹੋਣ ਕਾਰਨ ਬੱਚਿਆਂ ਨੂੰ ਸਾਹ ਲੈਣ ਅਤੇ ਦੁਧ ਪੀਣ ਵਿਚ ਕਾਫ਼ੀ ਤਕਲੀਫ਼ ਹੁੰਦੀ ਹੈ। ਦੇਸ਼ ਵਿਚ ਇਸ ਦੇ ਸੱਭ ਤੋਂ ਵਧ ਮਰੀਜ਼ ਪੀ.ਜੀ.ਆਈ. ਵਿਚ ਆ ਰਹੇ ਹਨ। ਪੀ.ਜੀ.ਆਈ. ਹਰ ਸਾਲ ਇਸ ਬੀਮਾਰੀ ਨਾਲ ਪੜਤ ਨਵ-ਜੰਮੇ ਬੱਚਿਆਂ ਦੇ ਲਗਭਗ 250 ਅਪ੍ਰੇਸ਼ਨ ਕਰਦਾ ਹੈ। ਅਜਿਹੀ ਬੀਮਾਰੀ ਨਾਲ ਪੀੜਤ ਨਵ-ਜੰਮੇ ਬੱਚੇ ਦਾ ਅਪ੍ਰੇਸ਼ਨ ਕਰਨਾ ਕਾਫ਼ੀ ਮੁਸ਼ਕਲ ਕੰਮ ਹੁੰਦਾ ਹੈ ਪਰ ਪੀ.ਜੀ.ਆਈ. ਦੇ ਡਾਕਟਰਾਂ ਦੀ ਟੀਮ ਕਾਫ਼ੀ ਹੱਦ ਤਕ ਇਸ ਵਿਚ ਸਫ਼ਲ ਸਾਬਤ ਹੋਈ ਹੈ। ਡਾਕਟਰਾਂ ਅਨੁਸਾਰ ਇਸ ਦਾ ਇਲਾਜ ਸਮੇਂ 'ਤੇ ਨਾ ਕਰਵਾਇਆ ਜਾਵੇ ਤਾਂ ਬੱਚੇ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਇਸ ਬੀਮਾਰੀ ਨੂੰ ਡਾਕਟਰੀ ਭਾਸ਼ਾ ਵਿਚ ਟਰੈਚਿਆ ਓਸੋਫ਼ੈਗਲ ਫ਼ਿਸਟੁਲਾ ਕਿਹਾ ਜਾਂਦਾ ਹੈ। ਇਸ ਬੀਮਾਰੀ ਨੂੰ ਲੈ ਕੇ ਸੱਭ ਤੋਂ ਜ਼ਿਆਦਾ ਮਰੀਜ਼ ਪੀ.ਜੀ.ਆਈ. ਵਿਚ ਆਉਂਦੇ ਹਨ। ਜਿਥੇ ਨਵ-ਜੰਮੇ ਬੱਚਿਆਂ ਵਿਚ ਖਾਣ ਅਤੇ ਸਾਹ ਲੈਣ ਵਾਲੀ ਨਾਲੀ ਦੇ ਆਪ੍ਰੇਸ਼ਨ ਹੁੰਦੇ ਹਨ। ਪੀ ਜੀ ਅਈ ਦੇ ਪੈਡੀਕੈਟ੍ਰਿਕ ਵਿਭਾਗ ਵਿਚ ਜੂਨ ਮਹੀਨੇ ਤਕ 19 ਬੱਚਿਆਂ ਦਾ ਆਪ੍ਰੇਸ਼ਨ ਕੀਤਾ ਜਾ ਚੁਕਾ ਹੈ। ਪੂਰੇ ਦੇਸ਼ ਵਿਚ ਪੀ ਜੀ ਆਈ ਇਸ ਬੀਮਾਰੀ ਦੇ ਬੱਚਿਆਂ ਦੇ ਅਪ੍ਰੇਸ਼ਨ ਕਰਨ ਵਿਚ ਸੱਭ ਤੋਂ ਅੱਗੇ ਹੈ। ਪੀ.ਜੀ.ਆਈ. ਪੈਡੀਕੈਟ੍ਰਿਕ ਵਿਭਾਗ ਦੇ ਪ੍ਰੋਫੈਸਰ ਜੇ ਕੇ ਮਹਾਜਨ ਨੇ ਦਸਿਆ ਕਿ 2500 ਤੋਂ 3000 ਕੇਸਾਂ ਵਿਚ ਇਕ ਮਾਮਲਾ ਅਜਿਹਾ ਆਉਂਦਾ ਹੈ ਜਿਸ ਵਿਚ ਬੱਚੇ ਦੀ ਵਿੰਡ ਅਤੇ ਫ਼ੂਡ ਨਾਲੀ ਪੂਰੀ ਤਰ੍ਹਾਂ ਨਾਲ ਵਿਕਸਤ ਨਹੀਂ ਹੁੰਦੀ ਹੈ ਜਿਸ ਨਾਲ ਬੱਚੇ ਨੂੰ ਸਾਹ ਲੈਣ ਅਤੇ ਦੁਧ ਪੀਣ ਵਿਚ ਮੁਸ਼ਕਲ ਆਉਂਦੀ ਹੈ। ਇਹ ਸਰਜਰੀ ਕਰਨ ਲਈ ਮਾਹਰ ਡਾਕਟਰਾਂ ਦੀ ਲੋੜ ਹੁੰਦੀ ਹੈ। ਪੀ ਜੀ ਆਈ ਇਸ ਖੇਤਰ ਵਿਚ ਅਜਿਹਾ ਇਕੱਲਾ ਹਸਪਤਾਲ ਹੈ ਜਿਥੇ ਇਸ ਬੀਮਾਰੀ ਦੇ ਸੱਭ ਤੋਂ ਵਧ ਆਪ੍ਰੇਸ਼ਨ ਕੀਤੇ ਜਾਂਦੇ ਹਨ। ਪ੍ਰੋ ਰਾਮਸਨੁਜ ਨੇ ਦਸਿਆ ਕਿ ਸੱਭ ਤੋਂ ਵਧ ਮਾਮਲੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਤੋਂ ਆਉਂਦੇ ਹਨ। ਉਨ੍ਹਾਂ ਦਸਿਆ ਕਿ ਆਉਣ ਵਾਲੇ ਸਮੇਂ ਵਿਚ ਪੀ.ਜੀ.ਆਈ. ਵਿਚ ਨਵੇਂ ਤਰੀਕੇ ਨਾਲ ਵੀ ਇਸ ਦਾ ਇਲਾਜ ਸੰਭਵ ਹੋਵੇਗਾ। ਉਨ੍ਹਾਂ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਕੀ ਹੋਲ ਰਿਪੇਅਰ ਵੀ ਕੀਤੀ ਜਾ ਸਕੇਗੀ ਜਿਸ ਨਾਲ ਇਕ ਸੁਰਾਗ ਕਰ ਕੇ ਸਾਹ ਅਤੇ ਭੋਜਨ ਵਾਲੀ ਨਾਲੀ ਨੂੰ ਜੋੜਿਆ ਜਾ ਸਕੇਗਾ।