
ਖਰੜ/ਐਸ.ਏ.ਐਸ.
ਨਗਰ, 10 ਸਤੰਬਰ (ਨਾਗਪਾਲ, ਗੁਰਮੁਖ ਵਾਲੀਆ) : ਪਿੰਡ ਦਾਊਂ 'ਚ ਦੁਰਗਾ ਸੀਤਲਾ ਮਾਤਾ
ਮੰਦਰ ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪਾਸੇ ਕੁੱਝ ਅਸਮਾਜਕ ਅਨਸਰਾਂ
ਨੇ ਮੰਦਰ 'ਚ ਅੱਗ ਲਾ ਦਿਤੀ, ਉਥੇ ਹੀ ਮੁਲਜ਼ਮਾਂ ਵਲੋਂ ਮਹਾਸ਼ਿਵ ਪੁਰਾਣ ਦੇ ਧਾਰਮਕ ਗ੍ਰੰਥ
ਦੇ ਅੰਗ ਵੀ ਪਾੜ ਕੇ ਅੱਗ ਲਾ ਦਿਤੇ ਗਏ ਅਤੇ ਇਕ ਗਊ ਦੇ ਵਛੜੇ ਦੀ ਕਟੀ ਹੋਈ ਪੂੰਛ ਅਤੇ
ਸੌਦਾ ਸਾਧ ਦੀਆਂ ਦੋ ਤਸਵੀਰਾਂ ਵੀ ਉਥੇ ਟੰਗ ਦਿਤੀਆਂ ਗਈਆਂ। ਪੁਲਿਸ ਨੇ ਇਸ ਸਬੰਧੀ
ਅਣਪਛਾਤਿਆਂ ਵਿਰੁਧ ਧਾਰਾ 295 ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਸ
ਸਬੰਧੀ ਮੰਦਰ ਦੇ ਮੁੱਖ ਸੇਵਾਦਾਰ ਮੋਹਨ ਸਿੰਘ ਨੇ ਦਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ 8
ਵਜੇ ਮੰਦਰ ਨੂੰ ਤਾਲਾ ਲਗਾ ਕੇ ਅਪਣੇ ਘਰ ਚਲਾ ਗਿਆ ਸੀ। ਰਾਤ ਕਰੀਬ 2 ਵਜੇ ਉਸ ਨੂੰ
ਚੌਕੀਦਾਰ ਮੋਹਨ ਸਿੰਘ ਉਰਫ਼ ਮੋਹਣਾ ਨੇ ਦਸਿਆ ਕਿ ਮੰਦਰ 'ਚ ਅੱਗ ਲੱਗ ਗਈ ਹੈ, ਉਹ ਤੁਰਤ
ਮੌਕੇ 'ਤੇ ਪੁੱਜੇ ਅਤੇ ਲੋਕਾਂ ਦੀ ਮਦਦ ਨਾਲ ਅੱਗ ਬੁਝਾਈ। ਇਹ ਅੱਗ ਮੰਦਰ ਦੇ ਨੇੜੇ
ਰਹਿੰਦੇ ਇਕ ਪਰਵਾਰ ਨੇ ਵੇਖੀ ਜਿਨ੍ਹਾਂ ਵਲੋਂ ਰੌਲਾ ਪਾਉਣ ਤੋਂ ਬਾਅਦ ਹੀ ਇਸ ਅੱਗ 'ਤੇ
ਕਾਬੂ ਪਾਇਆ ਗਿਆ। ਲੋਕਾਂ ਨੇ ਦਸਿਆ ਕਿ ਉਨ੍ਹਾਂ ਵੇਖਿਆ ਕਿ ਮੰਦਰ ਦੇ ਦਰਵਾਜ਼ੇ 'ਤੇ
ਜਿੰਦਰਾ ਲੱਗਾ ਹੋਈਆ ਸੀ ਅਤੇ ਗਊ ਦੇ ਵੱਛੇ ਦੀ ਇਕ ਕਟੀ ਹੋਈ ਪੂੰਛ ਅਤੇ ਸੌਦਾ ਸਾਧ ਦੀਆਂ
ਦੋ ਤਸਵੀਰਾਂ ਟੰਗੀਆਂ ਹੋਈਆਂ ਸਨ, ਥਾਂ-ਥਾਂ 'ਤੇ ਮਹਾਸ਼ਿਵ ਪੁਰਾਣ ਦੇ ਫਟੇ ਹੋਏ ਪੰਨੇ
ਡਿੱਗੇ ਹੋਏ ਸਨ ਜਿਨ੍ਹਾਂ ਨੂੰ ਅੱਗ ਲਗਾ ਕੇ ਸਾੜਿਆਂ ਵੀ ਹੋਇਆ ਸੀ। ਮੰਦਰ ਦੀ ਖਿੜਕੀ ਦਾ
ਕੱਚ ਭੰਨ ਕੇ ਅੰਦਰ ਡੀਜ਼ਲ ਪਾ ਕੇ ਅੱਗ ਲਗਾ ਦਿਤੀ ਗਈ ਸੀ। ਡੀਜ਼ਲ ਦੇ ਛਿੱਟੇ ਸੜਕ 'ਤੇ ਵੀ
ਪਿੰਡ ਰਾਏਪੁਰ ਤਕ ਵੇਖਣ ਨੂੰ ਮਿਲੇ।
ਸਰਪੰਚ ਅਵਤਾਰ ਸਿੰਘ ਗੌਸਲ ਨੇ ਦਸਿਆ ਕਿ ਇਸ ਵਾਰਦਾਤ ਦੀ ਸੂਚਨਾ ਦੇਣ ਲਈ ਉਨ੍ਹਾਂ ਪੁਲਿਸ ਨੂੰ 100 ਨੰਬਰ 'ਤੇ ਸੂਚਨਾ ਦੇਣ ਦੀ ਕੋਸ਼ਿਸ ਕੀਤੀ ਪਰ ਨੰਬਰ ਨਹੀਂ ਮਿਲਿਆ ਜਿਸ ਉਪਰੰਤ ਉਹ ਬਲੌਂਗੀ ਥਾਣੇ ਪੁੱਜੇ ਜਿਥੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਅਜੇ ਡਿਊਟੀ ਅਫ਼ਸਰ ਨਹੀਂ ਹੈ। ਕਰੀਬ 4 ਵਜੇ ਹਾਇਵੇਅ 'ਤੇ ਜਾ ਰਹੀ ਪੁਲਿਸ ਪਟਰੌਲਿੰਗ ਵੈਨ ਨੂੰ ਰੋਕਿਆ ਤੇ ਸੂਚਨਾ ਦਿਤੀ ਜਿਸ ਉਪਰੰਤ 5 ਵਜੇ ਦੇ ਕਰੀਬ ਬਲੌਂਗੀ ਥਾਣਾ ਮੁਖੀ ਅਮਰਦੀਪ ਸਿੰਘ ਅਤੇ ਡੀਐਸਪੀ ਖਰੜ ਦੀਪ ਕਮਲ ਮੌਕੇ 'ਤੇ ਪੁੱਜੇ। ਉਨ੍ਹਾਂ ਮੌਕਾ ਵੇਖਿਆ ਗਿਆ ਅਤੇ ਸਾਰਾ ਸਮਾਨ ਕਬਜ਼ੇ 'ਚ ਲੈ ਲਿਆ। ਮੌਕੇ 'ਤੇ ਅੱਗ ਨਾਲ ਕਾਲੀਆਂ ਹੋਈਆਂ ਕੰਧਾਂ 'ਤੇ ਸਫੇਦੀ ਦਾ ਕੰਮ ਵੀ ਸ਼ੁਰੂ ਕਰਵਾ ਦਿਤਾ।
ਸ਼ਿਵ ਸੈਨਾ ਹਿੰਦ
ਦੇ ਨਿਸ਼ਾਂਤ ਸ਼ਰਮਾ ਦੇ ਆਉਣ ਤੋਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ : ਸ਼ਿਵ ਸੇਨਾ ਹਿੰਦ ਦੇ
ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਇਸ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਮੌਕੇ
'ਤੇ ਪੁੱਜੇ ਅਤੇ ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ
ਮੌਕੇ 'ਤੇ ਐਸਪੀ ਡੀ ਹਰਬੀਰ ਸਿੰਘ ਅਟਵਾਲ ਨੇ ਪਰਚਾ ਦਰਜ ਕਰਨ ਦਾ ਭਰੋਸਾ ਦਿਵਾਇਆ ਜਿਸ
ਉਪਰੰਤ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਨਿਸ਼ਾਤ ਸ਼ਰਮਾ ਨੇ ਕਿਹਾ ਕਿ ਇਹ ਇਕ
ਮੰਦਭਾਗੀ ਘਟਨਾ ਹੈ ਜਿਸ ਨਾਲ ਉਨ੍ਹਾਂ ਦੀ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ
ਕਿ ਪੁਲਿਸ ਪ੍ਰਸ਼ਾਸਨ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ।