
ਚੰਡੀਗੜ੍ਹ, 26 ਫ਼ਰਵਰੀ (ਤਰੁਣ ਭਜਨੀ): ਸ਼ਹਿਰ ਵਿਚ ਪੀਜੀਆਈ ਦੇ ਇਕ ਜੂਨੀਅਰ ਰੈਜਿਡੈਂਟ ਡਾਕਟਰ ਸਣੇ ਤਿੰਨ ਲੋਕਾਂ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੀ ਜੀ ਆਈ ਦੇ ਹੋਸਟਲ ਦੇ ਇਕ ਕਮਰੇ ਵਿਚ ਡਾਕਟਰ ਰੱਸੀ ਨਾਲ ਫਾਹਾ ਲਗਾਕੇ ਪੱਖੇ ਨਾਲ ਲਟਕ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਉਥੇ ਤਰਥੱਲੀ ਮਚ ਗਈ। ਡਾਕਟਰ ਵਲੋਂ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਹਾਲੇ ਪਤਾ ਨਹੀ ਲੱਗ ਸਕਿਆ ਹੈ ਅਤੇ ਨਾ ਹੀ ਪੁਲਿਸ ਨੂੰ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ ਹੈ। ਸੂਚਨਾ ਮਿਲਦੇ ਹੀ ਮੌਕੇ ਤੇ ਡੀ ਐਸ ਪੀ ਸੈਂਟਰਲ ਰਾਮਗੋਪਾਲ ਅਤੇ ਹੋਰ ਪੁਲਿਸ ਕਰਮਚਾਰੀ ਪਹੁੰਚ ਗਏ। ਡਾਕਟਰ ਦੀ ਪਛਾਣ 24 ਸਾਲਾ ਕ੍ਰਿਸ਼ਨ ਪ੍ਰਸ਼ਾਦ ਦੇ ਰੂਪ ਵਿਚ ਹੋਈ ਹੈ। ਕ੍ਰਿਸ਼ਨ ਪ੍ਰਸ਼ਾਦ ਮੂਲ ਰੂਪ ਤੋਂ ਤਮਿਲਨਾਡੂ ਦੇ ਰਮੇਸ਼ਵਰਮ ਦਾ ਰਹਿਣ ਵਾਲਾ ਸੀ। ਮ੍ਰਿਤਕ ਪੀਜੀਆਈ ਵਿਚ ਬਣੇ ਹੋਸਟਲ ਦੇ ਕਮਰੇ ਵਿਚ ਰਹਿੰਦਾ ਸੀ। ਕ੍ਰਿਸਣ ਪ੍ਰਸ਼ਾਦ ਨੇ ਇਸ ਸਾਲ 1 ਜਨਵਰੀ ਨੂੰ ਹੀ ਪੀਜੀਆਈ ਦੇ ਰੇਡਿਉਲਾਜੀ ਵਿਭਾਗ ਵਿਚ ਐਮਡੀ ਦਾ ਕੋਰਸ ਕਰ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਪੀਜੀਆਈ ਦੇ ਕਈ ਡਾਕਟਰ ਤਣਾਅ ਕਾਰਨ ਖ਼ੁਦਕੁਸ਼ੀ ਕਰ ਚੁਕੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰੀਪੋਰਟ ਆਉਣ ਤੋਂ ਬਾਅਦ ਹੀ ਕੁੱਝ ਸਾਫ਼ ਪਤਾ ਲੱਗੇਗਾ। ਪੁਲਿਸ ਨੇ ਮ੍ਰਿਤਕ ਦੇ ਪਰਵਾਰ ਨੂੰ ਸੂਚਨਾ ਦੇ ਦਿਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਕ੍ਰਿਸ਼ਨ ਪ੍ਰਸ਼ਾਦ ਰੋਜ਼ਾਨਾ ਦੀ ਤਰ੍ਹਾਂ ਜਦੋਂ ਕੰਮ 'ਤੇ ਨਹੀਂ ਆਇਆ ਤਾਂ ਸਾਥੀਆਂ ਨੇ ਇਸ ਦੀ ਸੂਚਨਾ ਇੰਚਾਰਜ਼ ਨੂੰ ਦਿਤੀ। ਮੌਕੇ 'ਤੇ ਪਹੁੰਚੇ ਇੰਚਾਰਜ਼ ਨੇ ਜਦੋਂ ਦਰਵਾਜ਼ਾ ਖੜਕਾਇਆ, ਪਰ ਦਰਵਾਜਾ ਨਾ ਖੁਲਣ ਤੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦਰਵਾਜਾ ਤੋੜ ਕੇ ਅੰਦਰ ਦਾਖ਼ਲ ਹੋਈ ਤਾਂ ਵੇਖ਼ਿਆ ਡਾ. ਕ੍ਰਿਸ਼ਨ ਕੁਮਾਰ ਫਾਹੇ ਨਾਲ ਲਟਕ ਰਿਹਾ ਸੀ।
ਮਨੀਮਾਜਰਾ ਸਥਿਤ ਨਗਲਾ ਮੌਹਲੇ ਵਿਚ ਐਤਵਾਰ ਰਾਤੀ ਇਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਦੇ ਰੂਪ ਵਿਚ ਹੋਈ ਹੈ। ਸੋਮਵਾਰ ਸਵੇਰੇ ਕਾਫ਼ੀ ਸਮੇਂ ਤਕ ਜਦੋ ਨਹੀ ਉਠਿਆ ਤਾਂ ਘਰਵਾਲਿਆਂ ਨੇ ਉਸਦਾ ਕਮਰੇ ਦਾ ਦਰਵਾਜਾ ਖੜਕਾਇਆ। ਦਰਵਾਜਾ ਨਾ ਖੁਲਣ 'ਤੇ ਪਰਵਾਰ ਨੂੰ ਕੁੱਝ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਗੁਆਂਢੀਆਂ ਨੂੰ ਸੱਦਿਆ ਅਤੇ ਦਰਵਾਜਾ ਤੋੜ ਕੇ ਵੇਖਿਆ ਤਾਂ ਚਰਨਜੀਤ ਪੱਖੇ ਨਾਲ ਝੂਲ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਉਥੇ ਹੀ ਡਡੂਮਾਜਰਾ ਕਾਲੋਨੀ ਵਿਚ ਇਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਦੀ ਪਛਾਣ 34 ਸਾਲਾ ਪ੍ਰਦੀਪ ਕੁਮਾਰ ਦੇ ਰੂਪ ਵਿਚ ਹੋਈ ਹੈ। ਪ੍ਰਦੀਪ ਨੇ ਘਰ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੀ। ਮੌਕੇ 'ਤੇ ਪਹੁੰਚੀ ਪੁਲਿਸ ਉਸ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਲੈ ਗਈ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।