
ਚੰਡੀਗੜ੍ਹ, 19 ਜਨਵਰੀ (ਸਰਬਜੀਤ ਢਿੱਲੋਂ): ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਅੱਜ ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸੈਕਟਰ-36, 52 ਅਤੇ 56 'ਚ ਤਿਆਰ ਕੀਤੇ ਗਰੀਨ ਪਾਰਕਾਂ ਦਾ ਮੇਅਰ ਦਿਵੇਸ਼ ਮੋਦਗਿਲ ਦੇ ਸੱਦੇ 'ਤੇ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸੈਕਟਰ-36 ਦੇ ਫ਼ਰੈਗਰੈਂਸ ਗਾਰਡਨ ਤੋਂ ਇਲਾਵਾ ਹੋਰ ਪਾਰਕਾਂ ਵਿਚ ਨਿਗਮ ਵਲੋਂ ਲਗਾਏ ਓਪਨ ਏਅਰ ਜਿੰਮਾਂ ਅਤੇ ਘਾਹ-ਫੂਸ ਤੋਂ ਤਿਆਰ ਆਰਗੈਨਿਕ ਖਾਦ ਬਣਾਉਣ ਵਾਲੀਆਂ ਥਾਵਾਂ ਅਤੇ ਟੈਰੀਸਰੀ ਵਾਟਰ ਦੀ ਸਪਲਾਈ ਸਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਦੇਸੀ ਖਾਦਾਂ ਦੇ ਪੈਕਟ ਵੀ ਵੰਡੇ।
ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਨਗਰ ਨਿਗਮ ਵਲੋਂ ਪਾਰਕਾਂ ਨੂੰ ਵਿਕਸਤ ਕਰਨ ਅਤੇ ਫੁੱਲਦਾਰ ਪੌਦੇ ਲਾਉਣ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਮੇਅਰ ਦਿਵੇਸ਼ ਮੋਦਗਿੱਲ, ਕਮਿਸ਼ਨਰ ਜਤਿੰਦਰ ਯਾਦਵ, ਏਰੀਆ ਕੌਂਸਲਰ ਹੀਰਾ ਨੇਗੀ, ਹਰਦੀਪ ਸਿੰਘ, ਸੁਨੀਤਾ ਧਵਨ, ਚੀਫ਼ ਇੰਜ. ਨਗਰ ਨਿਗਮ ਆਦਿ ਹਾਜ਼ਰ ਸਨ।