
ਚੰਡੀਗੜ੍ਹ, 20 ਨਵੰਬਰ (ਤਰਣ ਭਜਨੀ): ਕੋਚਿੰਗ ਸੈਂਟਰ ਤੋਂ ਆਟੋ ਵਿਚ ਪੀਜੀ ਜਾ ਰਹੀ 22 ਸਾਲਾ ਮੁਟਿਆਰ ਨਾਲ ਸਾਮੂਹਕ ਬਲਾਤਕਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੂੰ ਇਕ ਆਰਜ਼ੀ ਨੰਬਰ ਵਾਲੇ ਆਟੋ ਦੀ ਭਾਲ ਹੈ। ਜਿਸ ਵਿਚ ਪੀੜਤਾ ਨੂੰ ਲਿਜਾਕੇ ਮੁਲਜ਼ਮਾਂ ਨੇ ਅਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਪੀੜਤਾ ਨੇ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਦਸਿਆ ਕਿ ਜਿਸ ਆਟੋ ਵਿਚ ਉਹ ਬੈਠੀ ਸੀ, ਉਸ ਆਟੋ ਦਾ ਨੰਬਰ ਆਰਜ਼ੀ ਸੀ ਪਰ ਉਸ ਨੂੰ ਉਸ ਆਟੋ ਦਾ ਨੰਬਰ ਨਹੀਂ ਪਤਾ। ਪੁਲਿਸ ਬੀਤੇ ਕੁੱਝ ਸਮੇਂ ਦੌਰਾਨ ਨਵੇਂ ਕਢਵਾਏ ਗਏ ਆਟੋ ਦੇ ਰੀਕਾਰਡ ਜਾਂਚ ਕਰ ਰਹੀ ਹੈ ਤਾਕਿ ਮੁਲਜ਼ਮਾਂ ਦਾ ਕੋਈ ਸੁਰਾਗ਼ ਹੱਥ ਲੱਗ ਸਕੇ। ਇਸ ਤੋਂ ਇਲਾਵਾ ਪੁਲਿਸ ਨੇ ਸ਼ਹਿਰ ਦੇ ਆਟੋ ਚਲਕਾਂ 'ਤੇ ਵੀ ਅਪਣਾ ਸ਼ਿਕੰਜਾ ਕਸਣਾ ਸ਼ੁਰੂ ਕਰ ਦਿਤਾ ਹੈ। ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਸੋਮਵਾਰ ਚੰਡੀਗੜ੍ਹ ਪੁਲਿਸ ਦੇ ਕਾਂਸਟਬਲਾਂ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਸ਼ੱਕੀ ਆਟੋ ਚਲਕਾਂ ਦੀ ਜਾਂਚ ਕਰਨ। ਇਸ ਤੋਂ ਪਹਿਲਾਂ ਐਸ.ਐਸ.ਪੀ. ਨੇ ਡੀ.ਐਸ.ਪੀਜ਼. ਅਤੇ ਥਾਣਾ ਮੁਖੀਆਂ ਨਾਲ ਬੈਠਕ ਕਰ ਕੇ ਮੁਲਜ਼ਮਾਂ ਨੂੰ ਫੜਨ ਲਈ ਕਿਹਾ ਸੀ। ਪੁਲਿਸ ਵਾਰਦਾਤ ਸੁਲਝਾਣ ਲਈ 300 ਤੋਂ ਵਧ ਲੋਕਾਂ ਨਾਲ ਪੁੱਛਗਿਛ ਕਰ ਚੁਕੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਮੁਲਜ਼ਮਾਂ ਨਾਲ ਮਿਲਦੇ-ਜੁਲਦੇ ਲੋਕਾਂ ਦਾ ਮੋਬਾਈਲ ਨੰਬਰ ਲੈ ਕੇ ਉਨ੍ਹਾਂ ਦੀ ਲੋਕੇਸ਼ਨ ਟਰੇਸ ਕੀਤੀ ਹੈ ਪਰ ਇਸ ਦੇ ਬਾਵਜੂਦ ਕੋਈ ਸੁਰਾਗ਼ ਨਹੀਂ ਮਿਲਿਆ। ਅੰਬਾਲਾ ਤਕ ਕੀਤੀ ਜਾ ਰਹੀ ਹੈ ਮੁਲਜ਼ਮਾਂ ਦੀ ਭਾਲ : ਟਰਾਈਸਿਟੀ ਤੋਂ ਇਲਾਵਾ ਅੰਬਾਲਾ ਵਿਚ ਵੀ ਮੁਲਜ਼ਮਾਂ ਅਤੇ ਆਟੋ ਦੀ ਭਾਲ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਨੇ ਅੰਬਾਲਾ ਵਿਚ ਵੀ ਮੁਲਜ਼ਮਾਂ ਦੀ ਤਸਵੀਰਾਂ ਭੇਜੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਅੰਬਾਲਾ ਵਿਚ ਕਾਫ਼ੀ ਗਿਣਤੀ ਵਿਚ ਆਟੋ ਚਲਦੇ ਹਨ। ਪੁਲਿਸ ਆਟੋ ਚਲਾਕਾਂ ਤੋਂ ਵੀ ਪੁਛਗਿਛ ਕਰ ਰਹੀ ਹੈ। ਇਸ ਤੋਂ ਪਹਿਲਾਂ ਪੰਚਕੂਲਾ ਅਤੇ ਮੋਹਾਲੀ ਪੁਲਿਸ ਦਾ ਵੀ ਸਹਿਯੋਗ ਲਿਆ ਗਿਆ ਸੀ।ਆਟੋ ਵੈਲਫ਼ੇਅਰ ਐਸੋਸੀਏਸ਼ਨ ਨੇ ਕੀਤੀ ਸਹਿਯੋਗ ਦੇਣ ਦੀ ਗੱਲ : ਦੂਜੇ ਪਾਸੇ ਆਟੋ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਸ਼ਸ਼ੀ ਸ਼ੰਕਰ ਤਿਵਾੜੀ ਅਤੇ ਪ੍ਰਧਾਨ ਸੋਮਨਾਥ ਨੇ ਆਟੋ ਚਾਲਕਾਂ ਵਲੋਂ ਕੀਤੇ ਗਏ ਅਪਰਾਧ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਆਟੋ ਵੈਲਫ਼ੇਅਰ ਐਸੋਸੀਏਸ਼ਨ ਟਰਾਈਸਿਟੀ ਬਿਲਕੁਲ ਇਸ ਵਿਰੁਧ ਹੈ ਅਤੇ ਇਸ ਕੁੱਝ ਆਟੋ ਵਾਲਿਆਂ ਕਾਰਨ ਹੀ ਸਾਰੇ ਆਟੋ ਵਾਲੇ ਬਦਨਾਮ ਹੋ ਰਹੇ ਹਨ । ਦੋਵੇਂ ਨੇਤਾਵਾਂ ਨੇ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਜੋ ਵੀ ਆਟੋ ਵਾਲਾ ਗ਼ਲਤ ਕੰਮ ਕਰਦਾ ਹੈ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਵੈਲਫ਼ੇਅਰ ਐਸਸੀਏਸ਼ਨ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਕਰਨ ਲਈ ਤਿਆਰ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਆਟੋ ਵਾਲਿਆਂ ਨਾਲ ਬੈਠਕ ਕੀਤੀ ਜਾਵੇ। ਇਸ ਨਾਲ ਅਪਰਾਧ 'ਤੇ ਕਾਫ਼ੀ ਠੱਲ੍ਹ ਪਵੇਗੀ ਅਤੇ ਜੋ ਆਟੋ ਡਰਾਈਵਰ ਡਰ ਕੇ ਪੁਲਿਸ ਨਾਲ ਕੋਈ ਗੱਲ ਨਹੀਂ ਦੱਸਦੇ ਉਹ ਨਿਡਰ ਹੋਕੇ ਪੁਲਿਸ ਨਾਲ ਖੁੱਲ੍ਹ ਕੇ ਗੱਲ ਕਰਨਗੇ ਅਤੇ ਮੁਲਜਮਾਂ ਨੂੰ ਫੜਵਾਉਣ ਵਿਚ ਮਦਦ ਕਰਨਗੇ।ਇਹ ਹੈ ਮਾਮਲਾਆਟੋ ਵਿਚ ਚੰਡੀਗੜ ਤੋਂ ਮੋਹਾਲੀ ਜਾ ਰਹੀ 22 ਸਾਲਾ ਮੁਟਿਆਰ ਦੇ ਨਾਲ ਆਟੋ ਚਾਲਕ ਅਤੇ ਉਸ ਵਿਚ ਮੌਜੂਦ ਦੋ ਮੁੰਡਿਆਂ ਨੇ ਸਾਮੂਹਕ ਬਲਾਤਕਾਰ ਕੀਤਾ । ਘਟਨਾ ਸ਼ੁੱਕਰਵਾਰ ਸ਼ਾਮ ਪੌਣੇ 8 ਵਜੇ ਦੀ ਹੈ । ਮੁਟਿਆਰ ਨੇ ਸੈਕਟਰ 36 - 37 ਲਾਇਟ ਪਵਾਇੰਟ ਤੋਂ ਆਟੋ ਲਿਆ ਸੀ । ਆਟੋ ਵਿਚ ਦੋ ਮੁੰਡੇ ਪਿੱਛੇ ਬੈਠੇ ਸਨ ਅਤੇ ਅਜਿਹਾ ਲੱਗ ਰਿਹਾ ਸੀ ਕਿ ਸਵਾਰੀ ਹਨ । ਆਟੋ ਚਲਾਕ ਨੇ ਪਹਿਲਾਂ ਸੈਕਟਰ 42 ਦੇ ਪਟਰੋਲ ਪੰਪ ਤੋਂ ਤੇਲ ਪਵਾਇਆ ਅਤੇ ਉਸਤੋਂ ਬਾਅਦ ਡਰਾਇਵਰ ਦੇ ਨਾਲ ਮਿਲਕੇ ਦੋਹਾਂ ਮੁੰਡਿਆਂ ਨੇ ਸੈਕਟਰ - 53 ਦੇ ਕੋਲ ਪੈਂਦੇ ਜੰਗਲਾਂ ਵਿਚ ਮੁਟਿਆਰ ਨਾਲ ਸਾਮੂਹਕ ਬਲਾਤਕਾਰ ਕੀਤਾ। ਮੁਟਿਆਰ ਮੂਲ ਰੂਪ ਤੋਂ ਦੇਹਰਾਦੂਨ ਦੀ ਰਹਿਣ ਵਾਲੀ ਹੈ ਅਤੇ ਇੱਥੇ ਸੈਕਟਰ 17 ਵਿੱਚ ਪ੍ਰਾਇਵੇਟ ਨੌਕਰੀ ਕਰਦੀ ਹੈ ਅਤੇ ਸੈਕਟਰ - 37 ਵਿਚ ਟਾਇਪਿੰਗ ਸਿਖਦੀ ਹੈ । ਸ਼ੁੱਕਰਵਾਰ ਨੂੰ ਟਾਈਪ ਕਲਾਸ ਦੇ ਬਾਅਦ ਉਹ ਆਪਣੀ ਸਹੇਲੀ ਦੇ ਕੋਲ ਮੋਹਾਲੀ ਫੇਜ - 3ਬੀ1 ਜਾ ਰਹੀ ਸੀ । ਘਟਨਾ ਦੇ ਬਾਅਦ ਕੁੜੀ ਨੇ ਸ਼ਿਕਾਇਤ ਪੁਲਿਸ ਨੂੰ ਦਿਤੀ । ਪੁਲਿਸ ਨੇ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਚ ਉਸਦਾ ਮੈਡੀਕਲ ਕਰਵਾਇਆ । ਇਸ ਦੌਰਾਨ ਕੁੜੀ ਦੇ ਚਿਹਰੇ ਤੇ ਸੱਟ ਵੀ ਆਈ ਹੈ ।