
ਚੰਡੀਗੜ੍ਹ, 3 ਸਤੰਬਰ
(ਬਠਲਾਣਾ) : ਇਸ ਸਾਲ ਹੋ ਰਹੀਆਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ 'ਚ
ਪੁਸੂ ਪਾਰਟੀ ਨੂੰ ਛੱਡ ਕੇ ਮੁੱਖ ਪਾਰਟੀਆਂ ਜਿਵੇਂ ਐਨਐਸਯੂਆਈ, ਏਬੀਵੀਪੀ, ਐਸਐਫਐਸ, ਸੋਈ,
ਐਸਐਫਆਈ, ਐਚਐਸਏ ਅਤੇ ਪੀਐਸਯੂ ਲਲਕਾਰ ਆਦਿ ਨੇ ਗਠਜੋੜ ਦੀ ਰਾਜਨੀਤੀ ਤੋਂ ਕਿਨਾਰਾ ਕਰ
ਲਿਆ ਲਗਦਾ ਹੈ।
ਪਿਛਲੇ ਸਾਲਾਂ ਵਿਚ ਜਿੱਤ ਪੱਕੀ ਕਰਨ ਲਈ ਪਾਰਟੀਆਂ ਨੇ ਸਿਧਾਂਤਹੀਣ
ਗਠਜੋੜ ਕਰਨ ਤੋਂ ਕਦੇ ਵੀ ਪ੍ਰਹੇਜ਼ ਨਹੀਂ ਕੀਤਾ, ਗਠਜੋੜ ਕਰਨ ਦੀ ਰਾਜਨੀਤੀ ਪਹਿਲੀ ਵਾਰ
2011-12 ਵਿਚ ਵੇਖਣ ਨੂੰ ਮਿਲੀ, ਜਦੋਂ ਸੋਪੂ ਅਤੇ ਸੋਈ ਨੇ ਮਿਲ ਕੇ ਚੋਣ ਲੜੀ। ਇਸੇ
ਤਰ੍ਹਾਂ 2012-13 'ਚ ਸੋਪੂ, ਸੋਈ ਅਤੇ ਐਸਐਸਏ ਅਤੇ ਐਨਐਸਯੂਆਈ ਨੇ ਗਠਜੋੜ ਕਰ ਕੇ ਚੋਣ
ਜਿੱਤੀ, ਜਿਸ ਵਿਚ ਅਕਾਲੀ ਦਲ ਬਾਦਲ ਦੀ ਸੋਈ ਅਤੇ ਖੱਬੇਪੱਖੀਆਂ ਦੀ ਐਸਐਫਆਈ ਵੀ ਸ਼ਾਮਲ
ਰਹੀ, ਜੋ ਸਿਧਾਂਤਾਂ ਦੇ ਬਿਲਕੁਲ ਅਨੁਕੂਲ ਨਹੀਂ ਹੈ। ਸਾਲ 2013-14 ਵਿਚ ਤਾਂ ਉਸ ਵੇਲੇ
ਕਮਾਲ ਹੀ ਹੋ ਗਈ, ਜਦੋਂ ਕਾਂਗਰਸ ਦੀ ਐਨਐਸਯੂਆਈ ਨੇ ਪ੍ਰਧਾਨਗੀ ਜਿੱਤਣ ਲਈ ਭਾਜਪਾ ਦੀ
ਏਬੀਵੀਪੀ ਅਤੇ ਚੌਟਾਲਾ ਪਾਰਟੀ ਦੀ ਇਨੈਲੋ ਦੀ ਇਨਸੋ ਨਾਲ ਹੱਥ ਮਿਲਾ ਲਿਆ। ਸਾਲ 2014-15
'ਚ ਵੀ ਗਠਜੋੜ ਦੀ ਰਾਜਨੀਤੀ ਕਾਰਗਰ ਸਾਬਤ ਹੋਈ, ਸਾਲ 2015-16 ਦੌਰਾਨ ਸੋਈ ਪਾਰਟੀ ਨੇ
ਅਪਣੇ ਸਿਆਸੀ ਭਾਈਵਾਲ ਇਨਸੋ ਨਾਲ ਗਠਜੋੜ ਕੀਤਾ। ਇਸ ਗਠਜੋੜ 'ਚ ਕੁਲ 6 ਪਾਰਟੀਆਂ ਸ਼ਾਮਲ
ਸਨ। ਕਾਂਗਰਸ ਨਾਲ ਸਬੰਧਤ ਐਨਐਸਯੂਆਈ ਨੇ ਵੀ ਐਚਐਸਏ ਤੋਂ ਇਲਾਵਾ ਹਿਮਾਚਲੀ ਵਿਦਿਆਰਥੀਆਂ
ਦੀਆਂ ਦੋ ਜਥੇਬੰਦੀਆਂ ਨਾਲ ਹੱਥ ਮਿਲਾ ਕੇ ਚੋਣ ਲੜੀ। ਪਿਛਲੇ ਸਾਲ ਅਕਾਲੀ ਦਲ ਬਾਦਲ ਦੀ
ਸੋਈ, ਚੌਟਾਲਾ ਇਨੈਲੋ ਦੀ ਇਨਸੋ ਅਤੇ ਭਾਜਪਾ ਦੀ ਏਬੀਵੀਪੀ ਨਾਲ ਗਠਜੋੜ ਕੀਤਾ ਜੋ ਕਾਮਯਾਬੀ
ਨਾ ਦਿਵਾ ਸਕਿਆ, ਜਦੋਂਕਿ ਯੂਨੀਵਰਸਿਟੀ ਕੈਂਪਸ ਦੀ ਸੱਭ ਤੋਂ ਪੁਰਾਣੀ ਪੁਸੂ ਪਾਰਟੀ ਨੇ
ਐਨਐਸਯੂਆਈ ਦੇ ਇਕ ਗਰੁਪ ਨਾਲ ਸਮਝੌਤਾ ਕਰ ਕੇ ਚੋਣ ਜਿੱਤ ਲਈ।
ਇਸ ਤਰ੍ਹਾਂ ਨਾਲ ਪਿਛਲੀਆਂ 6 ਚੋਣਾਂ ਵਿਚ ਦਰਜਨ ਤੋਂ ਉਪਰ ਵਿਦਿਆਰਥੀ ਜਥੇਬੰਦੀਆਂ ਨੇ ਗਠਜੋੜ ਕਰ ਕੇ ਚੋਣਾਂ ਲੜੀਆਂ ਅਤੇ ਜਿੱਤੀਆਂ ਵੀ।
ਗਠਜੋੜ
ਨੂੰ ਤਰਜੀਹ ਨਹੀਂ : ਪਿਛਲੀਆਂ ਚੋਣਾਂ ਵਿਚ ਸੋਈ ਅਪਣੇ ਸਿਆਸੀ ਪ੍ਰਭੂਆਂ ਦੀ ਪੈੜ 'ਤੇ
ਚਲਦਿਆਂ ਇਨਸੋ (ਚੌਟਾਲਾ) ਅਤੇ ਏਬੀਵੀਪੀ (ਭਾਜਪਾ) ਨਾਲ ਗਠਜੋੜ ਕੀਤਾ ਅਤੇ ਦੂਜਾ ਸਥਾਨ
ਲਿਆ। ਇਸ ਵਾਰ ਸੋਈ ਦੇ ਦੋਵੇਂ ਭਾਈਵਾਲ ਅਲੱਗ ਹੋ ਗਏ। ਸੋਈ ਨੇ ਇਕ ਘੱਟ ਪਛਾਣ ਵਾਲੀ
ਜਥੇਬੰਦੀ ਪੀਯੂਐਚਐਚ ਨੂੰ 1 ਸੀਟ ਦੇ ਕੇ ਸਮਝੌਤਾ ਕੀਤਾ। ਕੁਲ ਮਿਲਾ ਕੇ ਸੋਈ ਇਕੱਲਿਆਂ ਹੀ
ਚੋਣ ਲੜ ਰਹੀ ਹੈ। ਦੇਸ਼ ਦੇ ਬਹੁਤੇ ਸੂਬਿਆਂ 'ਚ ਰਾਜ ਕਰ ਰਹੀ ਭਾਜਪਾ ਦੀ ਏਬੀਵੀਪੀ
ਜਥੇਬੰਦੀ ਕੇਵਲ 1 ਸੀਟ (ਪ੍ਰਧਾਨ) 'ਤੇ ਹੀ ਚੋਣ ਲੜ ਰਹੀ ਹੈ, ਉਹ ਵੀ ਬਿਲਕੁਲ ਇਕੱਲੀ,
ਐਨਐਸਯੂਆਈ ਜੋ ਸਾਲ 2014-15 'ਚ ਗਠਜੋੜ ਦੇ ਸਹਾਰੇ ਲਗਾਤਾਰ ਜਿਤਦੀ ਰਹੀ ਹੈ, ਇਸ ਵਾਰ
ਇਕੱਲਿਆਂ ਹੀ ਚੋਣ ਲੜ ਰਹੀ ਹੈ। ਹਾਲਾਂਕਿ ਜੀਜੀਐਸਯੂ ਅਤੇ ਸੋਪੂ ਨੇ ਬਿਨਾਂ ਸ਼ਰਤ ਸਮਰਥਨ
ਦਾ ਐਲਾਨ ਕੀਤਾ ਹੈ। ਇਨਸੋ ਇਕੱਲੀ ਕੇਵਲ ਸਕੱਤਰ ਅਹੁਦੇ ਲਈ ਚੋਣ ਲੜ ਰਹੀ ਹੈ, ਪਿਛਲੇ ਸਾਲ
ਇਸ ਦਾ ਸੋਈ ਪਾਰਟੀ ਨਾਲ ਗਠਜੋੜ ਸੀ। ਇਸੇ ਤਰ੍ਹਾਂ ਖੱਬੇਪੱਖੀ ਵਿਚਾਰਧਾਰਾ ਵਾਲੀਆਂ ਤਿੰਨ
ਜਥੇਬੰਦੀਆਂ ਐਸਐਫਐਸ, ਐਸਐਚਆਈ ਅਤੇ ਪੀਐਸਯੂ ਲਲਕਾਰ ਵੀ ਅਲੱਗ-ਅਲੱਗ ਚੋਣਾਂ ਲੜ ਰਹੀਆਂ
ਹਨ, ਭਾਵੇਂ ਕਿ ਇਨ੍ਹਾਂ ਦੇ ਮੁੱਦੇ ਸਾਂਝੇ ਹਨ।
ਚੰਡੀਗੜ੍ਹੀਆਂ ਨੂੰ ਨਹੀਂ ਪਸੰਦ
ਨੇਤਾਗਿਰੀ, ਪੰਜਾਬ ਮੋਹਰੀ : ਇਨ੍ਹਾਂ ਚੋਣਾਂ 'ਚ ਜਿਹੜੇ 29 ਉਮੀਦਵਾਰ ਮੈਦਾਨ 'ਚ ਹਨ,
ਉਨ੍ਹਾਂ 'ਚੋਂ ਮੁੱਖ ਪਾਰਟੀਆਂ ਦੇ 20 'ਚੋਂ 11 ਉਮੀਦਵਾਰ ਪੰਜਾਬ ਦੇ, ਹਰਿਆਣਾ ਦੇ 6
ਉਮੀਦਵਾਰ ਹਨ, ਜਦਕਿ ਚੰਡੀਗੜ੍ਹ, ਬਿਹਾਰ ਅਤੇ ਯੂਪੀ ਦਾ 1-1 ਉਮੀਦਵਾਰ ਹੈ। ਅੰਕੜਿਆਂ ਤੋਂ
ਸਾਫ ਹੈ ਕਿ ਚੰਡੀਗੜ੍ਹ ਤੇ ਹਜ਼ਾਰਾਂ ਵਿਦਿਆਰਥੀ ਕੈਂਪਸ 'ਚ ਪੜ੍ਹਦੇ ਹਨ ਪਰੰਤੂ ਕੇਵਲ
ਦੇਵਿੰਦਰ ਸਿੰਘ ਨਾਮ ਦਾ ਵਿਦਿਆਰਥੀ ਪ੍ਰਧਾਨਗੀ ਦੀ ਚੋਣ ਲੜ ਰਿਹਾ ਹੈ, ਉਹ ਵੀ ਐਸਐਫ਼ਆਈ
ਤੋਂ, ਜਿਸਦੇ ਜਿੱਤਣ ਦੀ ਸੰਭਾਵਨਾ ਬਹੁਤੀ ਨਹੀਂ ਲਗਦੀ।
ਮਲੇਰਕੋਟਲਾ ਦੀ ਹਸਨਪ੍ਰੀਤ ਦਾ
ਮੁਕਾਬਲਾ 5 ਮੁੰਡਿਆਂ ਨਾਲ : ਐਸਐਫਐਸ ਵਲੋਂ ਮਲੇਰਕੋਟਲਾ ਦੀ ਹਸਨਪ੍ਰੀਤ ਕੌਰ ਪ੍ਰਧਾਨਗੀ
ਪਦ ਦੀ ਉਮੀਦਵਾਰ ਹੈ, ਉਸ ਲਈ ਇਹ ਚੋਣ ਬਹੁਤ ਚੁਣੌਤੀ ਵਾਲੀ ਹੈ ਕਿਉਂਕਿ ਅੱਜ ਤਕ ਕੋਈ
ਲੜਕੀ ਉਮੀਦਵਾਰ ਪ੍ਰਧਾਨ ਦੀ ਚੋਣ ਨਹੀਂ ਜਿਤੀ। ਉਸਦਾ ਮੁਕਾਬਲਾ ਫ਼ਿਰੋਜ਼ਪੁਰ ਦੇ ਜਸ਼ਨ
ਕੰਬੋਜ, ਸਿਰਸਾ ਦੇ ਕੁਲਦੀਪ ਸਿੰਘ, ਹੁਸ਼ਿਆਰਪੁਰ ਦੇ ਹਰਮਨ ਸਿੰਘ ਤੋਂ ਇਲਾਵਾ ਚੰਡੀਗੜ੍ਹ
ਦੇ ਦੇਵਿੰਦਰ ਸਿੰਘ ਅਤੇ ਲਖਨਊ ਦੇ ਅਵਿਨਾਸ਼ ਪਾਂਡੇ ਨਾਲ ਹੋ ਰਿਹਾ ਹੈ।
ਸਾਰੀਆਂ ਸੀਟਾਂ
'ਤੇ ਚੋਣ ਲੜ ਰਹੇ ਨੇ ਇਹ ਉਮੀਦਵਾਰ : ਅਰਮਾਨ ਗੋਇਲ ਅਤੇ ਪ੍ਰਿਯੰਕਾ ਦੋ ਆਜ਼ਾਦ ਉਮੀਦਵਾਰ
ਅਜਿਹੇ ਵੀ ਹਨ, ਜੋ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੀਆਂ ਸਾਰੀਆਂ
ਸੀਟਾਂ 'ਤੇ ਚੋਣ ਲੜ ਰਹੇ ਹਨ। ਉਹ ਨਾਮ ਵਾਪਸ ਲੈਣੇ ਭੁੱਲ ਗਏ ਜਾਂ ਜਾਣ-ਬੁੱਝ ਕੇ ਅਜਿਹਾ
ਕੀਤਾ ਜਾ ਰਿਹਾ ਹੈ, ਇਹ ਉਹ ਖ਼ੁਦ ਹੀ ਜਾਣਦੇ ਹਨ।