
ਚੰਡੀਗੜ੍ਹ, 12
ਸਤੰਬਰ (ਤਰੁਣ ਭਜਨੀ) : ਚੰਡੀਗੜ੍ਹ ਵਿਚ ਆਏ ਦਿਨ ਲੜਕੀਆਂ ਦਾ ਪਿੱਛਾ ਕਰਨ ਅਤੇ ਉਨ੍ਹਾਂ
ਨਾਲ ਛੇੜਛਾੜ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਸ਼ਹਿਰ ਦੇ ਨੌਜਵਾਨ ਕੋਈ ਸਬਕ ਨਹੀਂ
ਲੈ ਰਹੇ ਹਨ। ਇਹ ਘਟਨਾਵਾਂ ਲਗਾਤਾਰ ਵਧਦੀ ਜਾ ਰਹੀ ਹਨ ਅਤੇ ਮੁਲਜ਼ਮ ਗ੍ਰਿਫ਼ਤਾਰ ਹੁੰਦੇ ਜਾ
ਰਹੇ ਹਨ।
ਪਿਛਲੇ ਮਹੀਨੇ ਅਗੱਸਤ ਵਿਚ ਹੀ ਰਾਤ ਦੇ ਸਮੇਂ ਆਈਏਐਸ ਅਧਿਕਾਰੀ ਦੀ ਧੀ ਵਰਣਿਕਾ ਕੁੰਡੂ ਦਾ ਗੱਡੀ ਤੇ ਪਿੱਛਾ ਕਰ ਕੇ ਉਸ ਨਾਲ ਛੇੜਛਾੜ ਅਤੇ ਫਿਰ ਅਗ਼ਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਦੀ ਗ੍ਰਿਫ਼ਤਾਰੀ ਨੇ ਪੂਰੇ ਦੇਸ਼ ਵਿਚ ਚੰਡੀਗੜ੍ਹ ਵਰਗੇ ਸੁਰੱਖਿਅਤ ਮੰਨੇ ਜਾਣ ਵਾਲੇ ਸ਼ਹਿਰ ਦਾ ਅਕਸ ਖ਼ਰਾਬ ਕੀਤਾ ਸੀ। ਪਰ ਇਸ ਘਟਨਾ ਤੋਂ ਬਾਅਦ ਵੀ ਨੌਜਵਾਨਾਂ ਦੇ ਹੋਸ਼ ਟਿਕਾਣੇ ਨਹੀਂ ਆਏ ਅਤੇ ਇਸ ਤੋਂ ਬਾਅਦ ਵੀ ਅਜਿਹੇ ਕਈਂ ਮਾਮਲੇ ਸਾਹਮਣੇ ਆਏ ਜਿਸ ਵਿਚ ਲੜਕੀਆਂ ਨਾਲ ਰਾਤ ਦੇ ਸਮੇਂ ਸ਼ਰੇਆਮ ਛੇੜਛਾੜ ਕੀਤੀ ਗਈ।
ਦਸਣਯੋਗ ਹੈ ਕਿ ਵਰਣਿਕਾ ਕੁੰਡੂ ਦੇ ਮਾਮਲੇ ਦੇ ਬਾਅਦ ਹੁਣ
ਤੱਕ ਸ਼ਹਿਰ ਵਿਚ ਇਸੇ ਤਰ੍ਹਾਂ ਦੀ ਚਾਰ ਵਾਰਦਾਤਾਂ ਹੋ ਚੁੱਕੀਆਂ ਹਨ। ਨਵਾਂ ਮਾਮਲਾ ਬੀਤੇ
ਸ਼ਨਿਚਰਵਾਰ ਦਾ ਹੈ ਜਿਸ ਵਿਚ ਲੜਕੀ ਵਲੋਂ ਕੰਟਰੋਲ ਰੂਮ 'ਤੇ ਫ਼ੋਨ ਕੀਤਾ ਗਿਆ ਅਤੇ ਨਾਲ ਹੀ
ਲੜਕੀ ਨੇ ਲੋਕਾਂ ਦੀ ਮਦਦ ਨਾਲ ਮੁਲਜ਼ਮ ਨੂੰ ਫੜ ਲਿਆ ਹੈ ।
ਇਕ ਮਹੀਨੇ ਦੌਰਾਨ ਹੋਈਆਂ
ਛੇੜਛਾੜ ਦੀਆਂ ਘਟਨਾਵਾਂ : 4 ਅਗੱਸਤ ਦੀ ਰਾਤ ਨੂੰ ਆਈਏਐਸ ਦੀ ਧੀ ਦੇ ਨਾਲ ਛੇੜਛਾੜ ਹੋਈ।
ਹਰਿਆਣਾ ਭਾਜਪਾ ਪ੍ਰਧਾਨ ਦੇ ਪੁੱਤਰ ਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ
ਨੇ ਰਾਤ ਸਮੇਂ ਇਕੱਲੀ ਲੜਕੀ ਵੇਖ ਕੇ ਉਸ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਸੀ।
ਇਸ ਦੇ
ਬਾਅਦ ਸੈਕਟਰ-36 'ਚ ਐਕਟਿਵਾ 'ਤੇ ਜਾ ਰਹੀ ਇਕ ਲੜਕੀ ਦਾ ਕਾਰ ਸਵਾਰ ਕੁੱਝ ਨੌਜਵਾਨਾਂ ਨੇ
ਪਿੱਛਾ ਕੀਤਾ ਅਤੇ ਫਿਰ ਉਸ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਦੀ ਸ਼ਿਕਾਇਤ 'ਤੇ
ਮਾਮਲੇ ਵਿਚ ਪੁਲਿਸ ਨੇ ਸਾਰੇ ਮੁਲਜ਼ਮ ਗ੍ਰਿਫਤਾਰ ਕਰ ਲਏ।
ਇਸ ਘਟਨਾ ਤੋਂ ਕੁੱਝ ਦਿਨ
ਬਾਅਦ ਹੀ ਸੈਕਟਰ 15 ਤੋਂ ਜਾ ਰਹੀ ਮੁਟਿਆਰ ਦਾ ਪਿੱਛਾ ਕਰ ਉਸ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼
ਕੀਤੀ ਗਈ, ਇਸ ਮਾਮਲੇ ਵਿਚ ਵੀ ਸਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਸੈਕਟਰ 22 ਹੋਟਲ ਪੰਕਜ ਦੇ ਨੇੜੇ ਘਰ ਜਾ ਰਹੀ ਮੁਟਿਆਰ ਦਾ ਕਾਰ ਸਵਾਰ ਨੌਜਵਾਨਾਂ ਨੇ ਪਿੱਛਾ ਕੀਤਾ ਅਤੇ ਫਿਰ ਉਸ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਵਿਚ ਵੀ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ, ਪਰ ਬਾਅਦ ਵਿਚ ਲੜਕੀ ਨੇ ਸ਼ਿਕਾਇਤ ਦੇਣ ਤੋਂ ਮਨਾ ਕਰ ਦਿਤਾ ਸੀ। ਇਸੇ ਮਹੀਨੇ 9 ਸਤੰਬਰ ਨੂੰ ਸੈਕਟਰ 22 ਵਿਚ ਕਾਲ ਸੈਂਟਰ ਤੋਂ ਰਾਤ ਦੀ ਸ਼ਿਫ਼ਟ ਖ਼ਤਮ ਕਰ ਕੇ ਐਕਟਿਵਾ 'ਤੇ ਘਰ ਜਾ ਰਹੀ ਲੜਕੀ ਦਾ ਕਾਰ ਸਵਾਰ ਨੌਜਵਾਨ ਨੇ ਪਿੱਛਾ ਕੀਤਾ ਅਤੇ ਉਸ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ।
ਰਾਤ ਦੇ ਸਮੇਂ ਜ਼ਿਆਦਾਤਰ ਲੜਕੀਆਂ ਜਾਂਦੀ ਹਨ ਕੰਮ 'ਤੇ :
ਛੇੜਛਾੜ ਅਤੇ ਪਿੱਛਾ ਕਰਨ ਦੇ ਮਾਮਲੇ ਉਨ੍ਹਾ ਲੜਕੀਆਂ ਨਾਲ ਵੀ ਵਾਪਰੇ ਜੋ ਰਾਤ ਦੇ ਸਮੇਂ
ਕੰਮ ਤੇ ਜਾਂਦੀ ਹਨ। ਅਕਸਰ ਲੋਕ ਰਾਤ ਦੇ ਸਮੇਂ ਲੜਕੀ ਨੂੰ ਇਕਲਾ ਵੇਖ ਕੇ ਉਸ ਨਾਲ ਛੇੜਛਾੜ
ਕਰਨ ਦੀ ਕੋਸ਼ਿਸ਼ ਕਰਦੇ ਹਨ। ਸ਼ਹਿਰ ਚ ਰਾਤ ਦੇ ਸਮੇਂ ਕਈ ਲੜਕੀਆਂ ਕਾਲ ਸੈਂਟਰ, ਰੇਡਿਉ
ਸਟੇਸ਼ਨ, ਅਖ਼ਬਾਰ, ਆਈ.ਟੀ. ਸੈਕਟਰ ਅਤੇ ਹੋਰ ਥਾਵਾਂ 'ਤੇ ਵੀ ਕੰਮ ਕਰਨ ਜਾਂਦੀਆਂ ਹਨ। ਰਾਤ
ਦੀ ਸ਼ਿਫ਼ਟ ਹੋਣ ਕਾਰਨ ਕੰਮ ਖ਼ਤਮ ਕਰਨ ਤੋਂ ਬਾਅਦ ਇਨ੍ਹਾਂ ਲੜਕੀਆਂ ਨੂੰ ਰਾਤ ਸਮੇਂ ਘਰ ਜਾਣਾ
ਹੁੰਦਾ ਹੈ। ਜਿਸ ਕਾਰਨ ਲੜਕੀਆਂ ਛੇੜਛਾੜ ਦਾ ਸ਼ਿਕਾਰ ਹੁੰਦੀਆਂ ਹਨ।