
ਚੰਡੀਗੜ੍ਹ, 25 ਅਕਤੂਬਰ (ਸਰਬਜੀਤ ਢਿੱਲੋਂ) : ਮਿਊਂਸੀਪਲ ਕਾਰਪੋਰੇਸ਼ਨ ਸ਼ਹਿਰ ਦੇ 20 ਹਜ਼ਾਰ ਦੇ ਕਰੀਬ ਸਟਰੀਟ ਵੈਂਡਰਾਂ ਨੂੰ ਨਵੰਬਰ ਤਕ ਵੈਂਡਿੰਗ ਜ਼ੋਨ ਬਣਾ ਕੇ ਮੁੜ ਵਸਾਉਣ ਦਾ ਕੰਮ ਪੂਰਾ ਕਰ ਲਵੇਗੀ। ਮਿਊਂਸੀਪਲ ਕਾਰਪੋਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਵਾਰਡ ਨੰਬਰ-1 ਤੋਂ 11 ਤਕ ਵੈਂਡਰਾਂ ਦੀ ਪੜਤਾਲ ਚਾਲੂ ਹੋਣ ਮਗਰੋਂ ਉਨ੍ਹਾਂ ਨੂੰ ਪੱਕੇ ਸਥਾਨ ਦੇਣ ਦੀ ਸ਼ੁਰੂਆਤ ਕੀਤੀ ਜਾ ਚੁਕੀ ਹੈ। ਦੱਸਣਯੋਗ ਹੈ ਕਿ ਨਗਰ ਨਿਗਮ ਕੋਲ 21 ਹਜ਼ਾਰ ਦੇ ਕਰੀਬ ਵੈਂਡਰਾਂ ਦੀ ਸੂਚੀ ਹੈ।
ਲਾਟਰੀ ਰਾਹੀਂ ਕਰੇਗੀ ਥਾਂ ਅਲਾਟ : ਮਿਊਂਸੀਪਲ ਕਾਰਪੋਰੇਸ਼ਨ ਵੈਂਡਰਾਂ ਨੂੰ ਥਾਵਾਂ ਦੀ ਅਲਾਟਮੈਂਟ ਡਰਾਅ ਕੱਢ ਕੇ ਕਰੇਗੀ। ਇਹ ਡਰਾਅ ਅਗਲੇ ਮਹੀਨੇ ਦੇ ਅਖ਼ੀਰ ਵਿਚ ਕਢਿਆ ਜਾਵੇਗਾ। ਨਗਰ ਨਿਗਮ ਦੇ ਇਕ ਅਫ਼ਸਰ ਨੇ ਦਸਿਆ ਕਿ ਇਨ੍ਹਾਂ ਵੈਂਡਰਾਂ ਨੂੰ ਵਸਾਉਣ ਲਈ ਆਰਕੀਟੈਕਟ ਵਿਭਾਗ ਕੋਲੋਂ ਪ੍ਰਵਾਨਗੀ ਮੰਗੀ ਗਈ ਹੈ। ਪ੍ਰਸ਼ਾਸਨ ਵਲੋਂ ਸੈਕਟਰ-17, 19 ਅਤੇ 22 ਨੂੰ ਵੈਂਡਿੰਗ ਜ਼ੋਨ ਵਿਚੋਂ ਬਾਹਰ ਰੱਖਣ ਲਈ ਜ਼ੋਰ ਦਿਤਾ ਜਾ ਰਿਹਾ ਹੈ ਪਰ ਭਾਜਪਾ ਦੇ ਇਨ੍ਹਾਂ ਇਲਾਕਿਆਂ ਵਿਚੋਂ ਚੁਣੇ ਹੋਏ ਕੌਂਸਲਰ ਇਸ ਤਜਵੀਜ਼ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਅਪਣੀਆਂ ਵੋਟਾਂ ਦਾ ਫ਼ਿਕਰ ਵੀ ਹੈ।