
ਚੰਡੀਗੜ੍ਹ, 21 ਫ਼ਰਵਰੀ (ਸਰਬਜੀਤ ਢਿੱਲੋਂ) : ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਅਤੇ ਟੂਰਿਜ਼ਮ ਵਿਭਾਗ ਚੰਡੀਗੜ੍ਹ ਵਲੋਂ ਰੋਜ਼ ਗਾਰਡਨ ਸੈਕਟਰ 16 ਵਿਚ 46ਵਾਂ ਗੁਲਾਬਾਂ ਦਾ ਮੇਲਾ 2018 ਭਲਕੇ 23 ਫ਼ਰਵਰੀ ਤੋਂ ਲੈ ਕੇ 25 ਫ਼ਰਵਰੀ ਤਕ ਮਨਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਕਰਨਗੇ। ਮੇਲੇ 'ਚ ਪ੍ਰਬੰਧਕਾਂ ਵਲੋਂ ਐਤਕੀਂ ਦੂਜੀ ਵਾਰ ਦਰਸ਼ਕਾਂ ਲਈ ਹਵਾਈ ਸਫ਼ਰ ਦਾ ਆਨੰਦ ਮਾਣਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਹਵਾਈ ਸਫ਼ਰ ਦੇ ਚਾਹਵਾਨ ਦਰਸ਼ਕ 2630 ਰੁਪਏ ਪ੍ਰਤੀ ਸਵਾਰੀ ਹਵਾਈ ਸਫ਼ਰ ਕਰ ਸਕਣਗੇ, ਜਦਕਿ ਪਿਛਲੀ ਵਾਰ ਇਸ ਸਫ਼ਰ ਦਾ ਰੇਟ 3500 ਰੁਪਏ ਰੱਖਿਆ ਗਿਆ ਸੀ। ਨਗਰ ਨਿਗਮ ਵਲੋਂ ਪਹਿਲੀ ਵਾਰੀ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਦਾ 50 ਲੱਖ ਰੁਪਏ ਦਾ ਬੀਮਾ ਵੀ ਕਰਵਾਇਆ ਗਿਆ। ਇਸ ਮੇਲੇ 'ਚ ਪੰਜਾਬੀ ਦੇ ਪ੍ਰਸਿੱਧ ਗਾਇਕ 'ਲਈਅਰ ਵੈਲੀ' ਸੈਕਟਰ 10 'ਚ ਸ਼ਾਮ ਵੇਲੇ ਸੰਗੀਤਮਈ ਮਹਿਫ਼ਲਾਂ ਸਜਾ ਕੇ ਖ਼ੂਬ ਧਮਾਲਾਂ ਪਾਉਣਗੇ। ਇਸ ਤੋਂ ਇਲਾਵਾ ਕਈ ਹੋਰ ਫੁੱਲਾਂ, ਫ਼ੋਟੋਗ੍ਰਾਫ਼ੀ ਤੇ ਛੋਟੇ ਬੱਚਿਆਂ ਦੇ ਸੁੰਦਰਤਾ ਮੁਕਾਬਲੇ, ਨਵ-ਵਿਆਹੇ ਜੋੜਿਆਂ ਦੇ ਮੁਕਾਬਲੇ ਅਤੇ ਗੀਤ ਸੰਗੀਤ ਦੇ ਪ੍ਰੋਗਰਾਮ ਉਲੀਕੇ ਗਏ ਹਨ। ਇਸ ਮੇਲੇ 'ਚ 10 ਲੋਕਾਂ ਦੇ ਪੁੱਜਣ ਦੀ ਉਮੀਦ ਹੈ।
ਇਹ ਜਾਣਕਾਰੀ ਅੱਜ ਇਥੇ ਬੁਲਾਏ ਗਏ ਪੱਤਰਕਾਰ ਸੰਮੇਲਨ 'ਚ ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਟੂਰਿਜ਼ਮ ਅਤੇ ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਜਤਿੰਦਰ ਯਾਦਵ ਆਈ.ਏ.ਐਸ. ਅਤੇ ਮੇਅਰ ਦਿਵੇਸ਼ ਮੋਦਗਿਲ ਨੇ ਦਿਤੀ। ਇਸ ਮੌਕੇ ਪ੍ਰਸ਼ਾਸਕ ਅਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੇਲੇ 'ਤੇ 50 ਲੱਖ ਰੁਪਏ ਖ਼ਰਚ ਹੋਣਗੇ।ਜ਼ਿਕਰਯੋਗ ਹੈ ਕਿ 'ਗੁਲਾਬਾਂ ਦਾ ਮੇਲਾ' ਚੰਡੀਗੜ੍ਹ ਦੇ ਪਹਿਲੇ ਅਤੇ ਮਰਹੂਮ ਕਮਿਸ਼ਨਰ ਡਾ. ਮਹਿੰਦਰ ਸਿੰਘ ਰੰਧਾਵਾ ਵਲੋਂ 1967 'ਚ 40 ਏਕੜ ਰਕਬੇ 'ਚ ਰੋਜ਼ ਗਾਰਡਨ ਤਿਆਰ ਕਰਵਾਇਆ ਸੀ। ਇਸ ਨੂੰ 1966 ਤੋਂ ਬਾਅਦ ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਸਾਂਭ-ਸੰਭਾਲ ਕਰਦੀ ਆ ਰਹੀ ਹੈ। ਇਸ ਰੋਜ਼ ਗਾਰਡਨ 'ਚ ਗੁਲਾਬਾਂ ਦੀਆਂ ਵੱਖ ਵੱਖ ਪ੍ਰਕਾਰਾਂ ਦੀਆਂ 829 ਕਿਸਮਾਂ ਲਾਈਆਂ ਗਈਆਂ ਹਨ, ਜਿਸ ਦੇ 40 ਹਜ਼ਾਰ ਦੇ ਕਰੀਬ ਖੂਬਸੂਰਤ ਤੇ ਰੰਗ ਬਿਰੰਗੇ ਫੁੱਲ ਮੇਲੀਆਂ ਦਾ ਨਿੱਘਾ ਸਵਾਗਤ ਕਰਨਗੇ। ਇਹ ਰੋਜ਼ ਮੇਲਾ ਚੰਡੀਗੜ੍ਹ ਭਾਰਤ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਦੇ ਸਾਲਾਨਾ ਕੈਲੰਡਰ 'ਚ ਸਾਲਾਨਾ ਈਵੈਂਟ 'ਚ ਦਰਜ ਕੀਤਾ ਜਾ ਚੁਕਾ ਹੈ।