
ਕੁਰਾਲੀ, 20
ਸਤੰਬਰ (ਸੁਖਵਿੰਦਰ ਸਿੰਘ ਸੁੱਖੀ) : ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਹੋਏ ਨਾਜਾਇਜ਼
ਕਬਜ਼ਿਆਂ ਦੀ ਭਰਮਾਰ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ
ਹੈ। ਸ਼ਹਿਰ ਦੇ ਮੇਨ ਬਜ਼ਾਰ, ਸਬਜ਼ੀ ਮੰਡੀ ਚੌਕ ਅਤੇ ਮਾਤਾ ਰਾਣੀ ਚੌਕ ਵਿਚ ਨਾਜਾਇਜ਼ ਕਬਜ਼ਿਆਂ
ਦੀ ਭਰਮਾਰ ਕਾਰਨ ਲੋਕਾਂ ਦਾ ਪੈਦਲ ਲੰਘਣਾ ਵੀ ਔਖਾ ਹੋ ਗਿਆ ਹੈ। ਸ਼ਹਿਰ ਵਿਚ ਮਾਤਾ ਰਾਣੀ
ਚੌਕ ਅਤੇ ਹੋਰ ਕਈ ਥਾਵਾਂ 'ਤੇ ਦੁਕਾਨਦਾਰਾਂ ਵਲੋਂ ਅਪਣਾ ਸਮਾਨ ਦੁਕਾਨਾਂ ਤੋਂ ਬਾਹਰ ਕੱਢ
ਕੇ ਰਖਿਆ ਜਾਂਦਾ ਹੈ ਜਿਸ ਕਾਰਨ ਪਹਿਲਾਂ ਹੀ ਤੰਗ ਬਾਜ਼ਾਰ ਵਿਚ ਜਾਮ ਦੀ ਸਥਿਤੀ ਬਣੀ
ਰਹਿੰਦੀ ਹੈ। ਸੱਭ ਤੋਂ ਵੱਡੀ ਸਮੱਸਿਆ ਮਾਤਾ ਰਾਣੀ ਚੌਕ ਵਿਚ ਰੇਹੜੀ-ਫੜੀ ਵਾਲਿਆਂ ਵਲੋਂ
ਸੜਕ ਵਿਚਕਾਰ ਕੀਤੇ ਨਾਜਾਇਜ਼ ਕਬਜ਼ਿਆਂ ਤੋਂ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਲਗਭਗ ਅੱਠ
ਮਹੀਨੇ ਪਹਿਲਾਂ ਕੌਂਸਲ ਨੂੰ ਡਿਪਟੀ ਡਾਇਰੈਕਟਰ ਪਟਿਆਲਾ ਦੇ ਹੁਕਮਾਂ ਤੇ ਸਟਰੀਟ ਵੈਂਡਰ
ਐਕਟ 2014 ਲਾਗੂ ਕਰਨ ਦੀ ਹਦਾਇਤ ਕੀਤੀ ਸੀ। ਇਸ ਦੌਰਾਨ ਜੀ.ਐਸ.ਟੀ ਵਿਧੀ ਦੁਆਰਾ
ਬਾਇਉਮੀਟਰ ਪ੍ਰਣਾਲੀ ਤਹਿਤ ਸਟਰੀਟ ਵੈਂਡਰਾਂ ਦਾ ਸਰਵੇ ਕੀਤਾ ਗਿਆ ਸੀ ਜਿਸ ਦੌਰਾਨ ਕੌਂਸਲ
ਵਲੋਂ ਸ਼ਹਿਰ ਅੰਦਰ ਰੇਹੜੀਆਂ ਲਗਾਉਣ ਵਾਲੇ 117 ਵੈਂਡਰਾਂ ਦੀ ਪਛਾਣ ਕੀਤੀ ਗਈ ਸੀ ਜਿਨ੍ਹਾਂ
ਨੂੰ ਕੌਂਸਲ ਵਲੋਂ ਆਈ.ਕਾਰਡ ਜਾਰੀ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਕੌਂਸਲ
ਅਮਲੀ ਜਾਮਾ ਪਹਿਨਾਉਣ ਵਿਚ ਹੁਣ ਤਕ ਪੈਮਾਨੇ 'ਤੇ ਖਰੀ ਨਹੀਂ ਉਤਰ ਸਕੀ।
ਰੇਹੜੀ ਲਗਾਉਣ ਵਾਲੇ ਵੈਂਡਰਾਂ ਲਈ ਹੁਣ ਤਕ ਨਿਰਧਾਰਤ ਨਹੀਂ ਹੋ ਸਕੀਆਂ ਥਾਵਾਂ : ਇਸ ਪ੍ਰਾਜੈਕਟ ਨੂੰ ਲਾਗੂ ਕਰਵਾਉਣ ਲਈ ਕੌਂਸਲ ਵਲੋਂ ਅੱਠ ਮਹੀਨੇ ਪਹਿਲਾਂ ਇਕ ਕਮੇਟੀ ਵਲੋਂ ਮੀਟਿੰਗ ਦੌਰਾਨ ਵਿਚਾਰ-ਵਟਾਂਦਰਾ ਕਰਨ ਉਪਰੰਤ ਰੇਹੜੀਆਂ ਲਗਾਉਣ ਵਾਲੇ ਵੈਂਡਰਾਂ ਨੂੰ ਆਈ. ਕਾਰਡ ਦੇਣ ਦੀ ਨਿਰਣਾ ਲਿਆ ਗਿਆ ਸੀ ਜਿਸ ਤਹਿਤ ਇਕ ਵੈਂਡਰ ਤੋਂ 200 ਰੁਪਏ ਫ਼ੀਸ ਅਤੇ ਹਰ ਮਹੀਨੇ ਰੇਹੜੀ ਲਗਾਉਣ ਲਈ 500 ਰੁਪਏ ਮਹੀਨਾ ਫ਼ੀਸ ਨਿਰਧਾਰਤ ਕੀਤੀ ਗਈ ਸੀ। ਇਸ ਕੰਮ ਲਈ ਜਿਥੇ 117 ਵੈਂਡਰਾਂ ਦੀ ਪਛਾਣ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਵਿਚੋਂ ਹੁਣ ਤਕ ਨਾਮਾਤਰ ਵੈਂਡਰ ਨੂੰ ਆਈ.ਕਾਰਡ ਮੁਹਈਆ ਕਰਵਾਏ ਗਏ ਹਨ ਅਤੇ ਰੇਹੜੀ ਲਗਾਉਣ ਵਾਲੇ ਵੈਂਡਰ ਲਈ ਕੌਈ ਥਾਂ ਵੀ ਨਿਰਧਾਰਤ ਨਹੀਂ ਕੀਤੀ ਗਈ।
ਤਿਉਹਾਰਾਂ ਦੇ ਦਿਨਾਂ 'ਚ ਸ਼ਹਿਰ ਵਾਸੀਆਂ ਦੀ ਵਧੇਗੀ
ਮੁਸੀਬਤ: ਸ਼ਹਿਰ ਵਿਚੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਅੱਠ ਮਹੀਨੇ ਪਹਿਲਾਂ ਸ਼ੁਰੂ ਕੀਤਾ
ਗਿਆ ਕੰਮ ਅੱਧ ਵਿਚਾਲੇ ਲਮਕਿਆ ਹੈ ਜਿਸ ਕਾਰਨ ਸ਼ਹਿਰ ਵਿਚ ਦੀਵਾਲੀ ਅਤੇ ਹੋਰ ਤਿਉਹਾਰਾਂ
ਦੇ ਦਿਨਾਂ ਵਿਚ ਸ਼ਹਿਰ ਦੇ ਵੱਖ-ਵੱਖ ਕੋਨਿਆਂ ਵਿਚ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਰੋਜ਼ਾਨਾ
ਜਾਮ ਲੱਗੇਗਾ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਤੈਅ ਮੰਨਿਆ
ਜਾ ਰਿਹਾ ਹੈ।