
ਪਟਿਆਲਾ,
12 ਸਤੰਬਰ (ਜਸਬੀਰ ਮੁਲਤਾਨੀ): ਪੰਜਾਬੀ ਯੂਨੀਵਰਸਟੀ ਵਿਚ ਪਿਛਲੇ ਸਮੇਂ ਦੌਰਾਨ ਹੋਏ
ਕਥਿਤ ਕਰੋੜਾਂ ਰੁਪਏ ਦੇ ਘਪਲਿਆਂ ਦੀ ਜਾਂਚ ਵਿਚ ਦੋਸ਼ੀ ਸਾਬਤ ਹੋਣ ਵਾਲੇ ਉੱਚ ਅਧਿਕਾਰੀਆਂ
ਵਿਰੁਧ ਮੌਜੂਦਾ ਵਾਈਸ ਚਾਂਸਲਰ ਵਲੋਂ ਕੋਈ ਕਾਰਵਾਈ ਨਾ ਕਰਨ ਤੋਂ ਭੜਕੇ ਸੈਕੂਲਰ ਯੂਥ
ਫ਼ੈਂਡਰੇਸ਼ਨ ਆਫ਼ ਇੰਡੀਆ (ਸੈਫ਼ੀ) ਪਾਰਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਅਤੇ ਹੋਰ
ਆਗੂਆਂ ਵਲੋਂ ਵਾਈਸ ਚਾਂਸਲਰ ਦੇ ਦਫ਼ਤਰ ਦਾ ਘਿਰਾਉ ਕਰ ਕੇ ਭੁੱਖ ਹੜਤਾਲ ਆਰੰਭ ਕਰਨ ਦੀ
ਚਿਤਾਵਨੀ ਦਿਤੀ ਗਈ ਹੈ। ਆਗੂਆਂ ਦੀ ਜ਼ੋਰਦਾਰ ਮੰਗ ਹੈ ਕਿ ਘਪਲਿਆ ਦੀ ਸੀ.ਬੀ.ਆਈ ਜਾਂਚ ਵੀ
ਹੋਣੀ ਚਾਹੀਦੀ ਹੈ।
ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਈ ਘਪਲਿਆਂ ਦਾ ਖੁਲਾਸਾ ਕਰਦਿਆਂ
ਸੈਕੂਲਰ ਯੂਥ ਫ਼ੈਂਡਰੇਸ਼ਨ ਆਫ਼ ਇੰਡੀਆ ਪਾਰਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਅਤੇ
ਯੂਨੀਵਰਸਟੀ ਇਕਾਈ ਦੇ ਪ੍ਰਧਾਨ ਗੁਰਪ੍ਰੀਤ ਔਲਖ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੈਫ਼ੀ
ਵਲੋਂ ਯੂਨੀਵਰਸਟੀ ਘਪਲਿਆਂ ਦਾ ਮੁੱਦਾ ਚੁੱਕਣ ਉਪਰੰਤ ਸਾਬਕਾ ਕਾਰਜਕਾਰੀ ਵਾਈਸ ਚਾਂਸਲਰ
ਅਨੁਰਾਗ ਵਰਮਾ ਵਲੋਂ ਕਰਵਾਈ ਜਾਂਚ ਵਿਚ ਯੂਨੀਵਰਸਟੀ ਦੇ ਕਈ ਉੱਚ ਅਧਿਕਾਰੀ ਦੋਸ਼ੀ ਪਾਏ ਗਏ
ਸਨ। ਪਰ ਉਨ੍ਹਾਂ ਵਿਰੁਧ ਅਜੇ ਤਕ ਕੋਈ ਸਖ਼ਤ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ
ਯੂਨੀਵਰਸਟੀ ਕੋਲ ਅਪਣਾ ਨਾਨ-ਟੀਚਿੰਗ ਸਟਾਫ਼ ਹੈ, ਤਜ਼ਰਬੇਕਾਰ ਸਿਸਟਮ ਐਨਾਲਿਸਟ, ਕੰਪਿਊਟਰ
ਸਕੈਨਰ, ਪ੍ਰਿੰਟਿਰ ਆਦਿ ਸਭ ਸਹੂਲਤਾ ਮੌਜੂਦ ਹਨ ਪਰ ਇਹਨਾਂ ਸਾਰੀਆਂ ਨੂੰ ਅਣ-ਦੇਖਾ ਕਰਦੇ
ਹੋਏ ਦਾਖ਼ਲਾ ਸੈੱਲ ਦੇ ਫਾਰਮ ਆਨ-ਲਾਈਨ ਕਰਨ ਲਈ ਇਕ ਨਿੱਜੀ ਕੰਪਨੀ ਨੂੰ ਫਾਰਮ ਆਨ-ਲਾਈਨ
ਕਰਨ ਲਈ 60 ਰੁਪਏ ਪ੍ਰਤੀ ਫ਼ਾਰਮ ਦਾ ਰੇਟ ਦੇ ਹਿਸਾਬ ਨਾਲ ਠੇਕਾ ਦਿਤਾ ਗਿਆ। ਇਸ ਤੋਂ
ਇਲਾਵਾ ਯੂਨੀਵਰਸਟੀ ਕੋਲ 33 ਸਿਸਟਮ ਐਨਲਿਸਟ ਹਨ ਅਤੇ ਪ੍ਰੋਗਰਾਮਰ ਜੋ ਇਹ ਸਾਫ਼ਟਵੇਅਰ ਮੁਫ਼ਤ
ਵਿਚ ਤਿਆਰ ਕਰ ਸਕਦੇ ਸਨ। ਪਰ ਯੂਨੀਵਰਸਟੀ ਵਲੋਂ 9,20000 ਰੁ: ਦਾ ਬਹਾਰੋਂ ਸਾਫ਼ਟਵੇਅਰ
ਖਰੀਦਿਆ ਗਿਆ। ਜਦਕਿ ਯੂਨੀਵਰਸਟੀ ਕੋਲ ਕੰਪਿਊਟਰ ਵਿਭਾਗ ਅਤੇ ਇੰਜੀਨੀਅਰਿੰਗ ਵਿਭਾਗ ਹੈ।
ਜਿਥੇ ਸਾਫ਼ਟਵੇਅਰ ਇੰਜੀਨੀਅਰ ਹਰ ਸਾਲ ਨਿਕਲਦੇ ਹਨ।
ਹਰਵਿੰਦਰ ਸੰਧੂ ਨੇ ਕਿਹਾ ਕਿ ਅੱਜ
ਪੰਜਾਬੀ ਯੂਨੀਵਰਸਟੀ ਉਕਤ ਘਪਲਿਆਂ ਕਾਰਨ 300 ਕਰੋੜ ਦੇ ਵਿੱਤੀ ਘਾਟੇ ਵਿਚੋਂ ਗੁਜ਼ਰ ਰਹੀ
ਹੈ। ਇਸ ਦੇ ਬਾਵਜੂਦ ਯੂਨੀਵਰਸਟੀ ਦੇ ਕਥਿਤ ਵਾਈਸ ਚਾਂਸਲਰ ਘਪਲਿਆਂ ਦੇ ਦੋਸ਼ੀਆਂ ਨੂੰ
ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਥਾਰਟੀ ਸਿੰਡੀਕੇਟ 'ਚ ਇੰਨ੍ਹਾਂ ਇਨਕੁਆਰੀਆਂ ਨੂੰ ਰੱਦ
ਕਰਨ ਲਈ ਵੀ ਤਿਆਰੀ ਕਰ ਰਹੀ ਹੈ। ਜਿਸ ਨਾਲ ਆਉਣ ਵਾਲੇ ਸਮੇ ਵਿਚ ਯੂਨੀਵਰਸਟੀ ਹੋਰ ਵੀ
ਵਿੱਤੀ ਘਾਟੇ ਵਿਚ ਜਾ ਸਕਦੀ ਹੈ।
ਪ੍ਰਧਾਨ ਸੰਧੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ
ਉਨ੍ਹਾਂ ਦੀ ਪਾਰਟੀ ਹੋਰ ਵੀ ਅਹਿਮ ਖੁਲਾਸੇ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ
ਵਿਰੁਧ 15 ਦਿਨਾਂ ਦੇ ਵਿਚ ਕਾਰਵਾਈ ਨਾ ਹੋਈ ਤਾਂ ਉਹ ਵਾਈਸ ਚਾਂਸਲਰ ਦਫ਼ਤਰ ਦਾ ਘਿਰਾਉ ਕਰ
ਕੇ ਭੁੱਖ ਹੜਤਾਲ ਕਰਨ ਲਈ ਮਜ਼ਬੂਰ ਹੋਣਗੇ।
ਆਗੂਆਂ ਨੇ ਸੀ.ਬੀ.ਆਈ ਜਾਂਚ ਦੀ ਵੀ ਮੰਗ
ਕੀਤੀ। ਇਸ ਮੌਕੇ ਯੂਨੀਵਰਸਟੀ ਇੰਚਾਰਜ ਪਰਮਲਜੀਤ ਸਿੰਘ ਪੰਜੇਟਾਂ, ਦਵਿੰਦਰ ਸਿੰਘ ਬਾਬਾ
ਮੁਹੱਬਤਪ੍ਰੀਤ ਸਿੰਘ, ਸੀਤੂ ਹੰਜਰਾਹ, ਕਰਮਜੀਤ ਸਿੰਘ, ਗੁਰਜੀਤ ਬਰਾੜ, ਸੰਦੀਪ ਢਿੱਲੋਂ
ਆਦਿ ਮੌਜੂਦ ਸਨ।