
ਸੈਰ ਸਪਾਟਾ ਬੋਰਡ ਤੇ ਪੰਜਾਬੀ ਯੂਨੀਵਰਸਟੀ ਵਿਚਾਲੇ ਸਮਝੌਤਾ
ਚੰਡੀਗੜ੍ਹ, 11 ਜਨਵਰੀ (ਸਸਸ): ਪੰਜਾਬ ਵਿਚ ਸੈਰ ਸਪਾਟਾ ਨੂੰ ਉਤਸ਼ਾਹਤ ਕਰਨ ਲਈ ਅੱਜ ਪੰਜਾਬ ਹੈਰੀਟੇਜ ਟੂਰਿਜ਼ਮ ਪ੍ਰਮੋਸ਼ਨ ਬੋਰਡ ਅਤੇ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚਾਲੇ ਤਿੰਨ ਸਾਲ ਲਈ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਸਹੀਬੱਧ ਹੋਇਆ। ਅੱਜ ਇਥੇ ਸੈਕਟਰ-38 ਸਥਿਤ ਸਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਦ²ਫ਼ਤਰ ਵਿਖੇ ਤਹਿਤ ਇਸ ਸਮਝੌਤੇ 'ਤੇ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ਼ਿਵ ਦੁਲਾਰ ਸਿੰਘ ਢਿੱਲਂੋ ਅਤੇ ਪੰਜਾਬੀ ਯੂਨੀਵਰਸਟੀ ਦੇ ਉਪ ਕੁਲਪਤੀ ਪ੍ਰੋ. ਬੀ.ਐਸ.ਘੁੰਮਣ ਨੇ ਦਸਤਖ਼ਤ ਕੀਤੇ।ਐਮ.ਓ.ਯੂ. ਸਹੀਬੱਧ ਕਰਨ ਉਪਰੰਤ ਪ੍ਰੈੱਸ ਦੇ ਨਾਂ ਜਾਰੀ ਬਿਆਨ ਵਿਚ ਸੀ.ਈ.ਓ. ਢਿੱਲੋਂ ਨੇ ਦਸਿਆ ਕਿ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਭਾਗ ਵਲੋਂ ਸੂਬੇ ਨੂੰ ਸੈਰ ਸਪਾਟਾ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਅੱਜ ਇਸੇ ਦਿਸ਼ਾਂ ਵਿਚ ਵਿਭਾਗ ਅਤੇ ਪੰਜਾਬੀ ਯੂਨੀਵਰਸਟੀ ਵਲੋਂ ਐਮ.ਓ.ਯੂ. ਸਹੀਬੱਧ ਕੀਤਾ ਹੈ ਜਿਸ ਤਹਿਤ ਦੋਵਾਂ ਅਦਾਰਿਆਂ ਵਲੋਂ ਮਿਲ ਕੇ ਗਿਆਨ ਸਾਂਝਾ ਕਰਨ ਵਿਚ ਲੰਮੇ ਸਮੇਂ ਲਈ ਸਾਂਝੇਦਾਰੀ ਕਾਇਮ ਕੀਤੀ ਜਾਵੇਗੀ ਅਤੇ ਸੂਬੇ ਵਿਚ ਸੈਰ ਸਪਾਟਾ ਦੇ ਪ੍ਰਬੰਧਨ ਦੇ ਵਿਕਾਸ ਲਈ ਗਤੀਵਿਧੀਆਂ ਕੀਤੀਆਂ ਜਾਣਗੀ ਜਿਸ ਦਾ ਮੁੱਖ ਟੀਚਾ ਸੂਬੇ ਵਿਚ ਸੈਰ ਸਪਾਟਾ ਨੂੰ ਉਤਸ਼ਾਹਤ ਕਰਨਾ ਹੋਵੇਗਾ।
ਐਮ.ਓ.ਯੂ. ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਢਿੱਲੋਂ ਨੇ ਦਸਿਆ ਕਿ ਇਸ ਸਮਝੌਤੇ ਤਹਿਤ ਬੋਰਡ ਅਤੇ ਪੰਜਾਬੀ ਯੂਨੀਵਰਸਟੀ ਸੈਰ ਸਪਾਟਾ ਦੇ ਵਿਕਾਸ ਲਈ ਲੜੀਵਾਰ ਪ੍ਰੋਗਰਾਮ ਸ਼ੁਰੂ ਕਰੇਗੀ ਜਿਸ ਦਾ ਦੋਵਾਂ ਧਿਰਾਂ ਨੂੰ ਫਾਇਦਾ ਹੋਵੇਗਾ। ਯੂਨੀਵਰਸਟੀ ਵਲੋਂ ਅਕਾਦਮਿਕ ਅਤੇ ਬੌਧਿਕ ਸੁਝਾਅ ਦਿਤੇ ਜਾਣਗੇ ਜਦਕਿ ਬੋਰਡ ਵਲੋਂ ਵਿੱਤੀ ਅਤੇ ਢਾਂਚਾਗਤ ਮਦਦ ਦਿਤੀ ਜਾਵੇਗੀ। ਪੰਜਾਬੀ ਯੂਨੀਵਰਸਟੀ ਵਲੋਂ ਬੋਰਡ ਨਾਲ ਮਿਲ ਕੇ ਕਈ ਵਿਕਾਸ ਪ੍ਰਾਜੈਕਟਾਂ ਤੋਂ ਇਲਾਵਾ ਰਿ²ਫ਼ਰੈਸ਼ਰ/ਓਰੀਅਨਟੇਸ਼ਨ ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਤੋਂ ਇਲਾਵਾ ਸੈਰ ਸਪਾਟਾ ਖੇਤਰ ਵਿਚ ਸਮਰੱਥਾ ਵਧਾਉਣ ਲਈ ਥੋੜ੍ਹੇ ਸਮੇਂ ਦਾ ਸਰਟੀਫ਼ੀਕੇਟ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਜਿਸ ਲਈ ਬੋਰਡ ਵਲੋਂ ਹਰ ਤਰ੍ਹਾਂ ਦੀ ਮਦਦ ਦਿਤੀ ਜਾਵੇਗੀ। ਬੋਰਡ ਵਲੋਂ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਵਿਦਿਆਰਥੀਆਂ ਲਈ ਨੌਕਰੀ ਦੀ ਸਿਖਲਾਈ ਜਾਂ ਇੰਟਰਨਸ਼ਿਪ ਪ੍ਰੋਗਰਾਮ ਮੁਹਈਆ ਕਰਵਾਏ ਜਾਣਗੇ।