
ਚੰਡੀਗੜ੍ਹ, 21 ਸਤੰਬਰ
(ਤਰੁਣ ਭਜਨੀ): ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੰਡੀਗੜ੍ਹ
ਪ੍ਰਸ਼ਾਸਨ ਇਸ ਸਮੇਂ ਸਕੂਲ ਪ੍ਰਬੰਧਕਾਂ 'ਤੇ ਸਖ਼ਤੀ ਕਰ ਰਿਹਾ ਹੈ ਪਰ ਸਕੂਲਾਂ ਦੇ ਬਾਹਰ
ਸ਼ਰੇਆਮ ਵਾਹਨਾਂ 'ਤੇ ਬਿਨਾਂ ਹੈਲਮੇਟ ਘੁੰਮ ਰਹੇ ਬੱਚੇ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ
ਉਡਾ ਰਹੇ ਹਨ। ਸ਼ਹਿਰ ਵਿਚ ਵਿਦਿਆਰਥੀਆਂ ਵਲੋਂ ਖੁਲ੍ਹੇਆਮ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ
ਉਡਾਈਆਂ ਜਾ ਰਹੀਆਂ ਹਨ ਪਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਇਸ ਵਲ ਧਿਆਨ ਨਹੀਂ ਦੇ ਰਹੀ
ਹੈ। ਨੌਜਵਾਨ ਬਿਨਾਂ ਹੈਲਮੇਟ ਦੋ ਪਹੀਆ ਵਾਹਨ ਚਲਾ ਰਹੇ ਹਨ ਪਰ ਪੁਲਿਸ ਤਮਾਸ਼ਬੀਨ ਬਣੀ
ਵੇਖਦੀ ਰਹਿੰਦੀ ਹੈ ।
ਇਹੀ ਕਾਰਨ ਹੈ ਕਿ ਸ਼ਹਿਰ ਵਿਚ ਤੇਜ਼ ਰਫ਼ਤਾਰ ਅਤੇ ਟ੍ਰੈਫ਼ਿਕ
ਨਿਯਮਾਂ ਦੀ ਉਲੰਘਣਾ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ। ਸ਼ਹਿਰ 'ਚ ਸੜਕ ਹਾਦਸਿਆਂ ਵਿਚ
ਜਾਨ ਗਵਾਉਣ ਵਾਲੇ ਜ਼ਿਆਦਾਤਰ ਨੌਜਵਾਨਾਂ ਦੇ ਸਿਰ 'ਤੇ ਹੈਲਮੇਟ ਨਹੀਂ ਹੁੰਦਾ। ਇਥੇ ਤਾਂ
ਮਾਮਲਾ ਸਕੂਲਾਂ ਦੇ ਵਿਦਿਆਰਥੀਆਂ ਦਾ ਹੈ ਜਿਨ੍ਹਾ ਦੀ ਉਮਰ ਹਾਲੇ ਸ਼ਾਇਦ ਡਰਾਈਵਿੰਗ
ਲਾਈਸੈਂਸ ਬਣਾਉਣ ਲਾਇਕ ਵੀ ਨਹੀਂ ਹੈ। ਨਾ ਤਾਂ ਬੱਚਿਆਂ ਦੇ ਮਾਪੇ ਇਨ੍ਹਾਂ ਨੂੰ ਵਾਹਨ ਦੇਣ
ਤੋਂ ਹਟ ਰਹੇ ਹਨ ਅਤੇ ਨਾ ਹੀ ਪੁਲਿਸ ਇਨ੍ਹਾਂ ਵਿਰੁਧ ਕਾਰਵਾਈ ਕਰ ਰਹੀ ਹੈ। ਇਨ੍ਹਾਂ
ਵਿਦਿਆਰਥੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਪੁਲਿਸ ਦਾ ਵੀ ਇਨ੍ਹਾਂ ਨੂੰ ਕੋਈ ਡਰ ਨਹੀਂ
ਹੈ । ਸ਼ਹਿਰ ਵਿਚ ਆਏ ਦਿਨ ਸੜਕ ਹਾਦਸਿਆਂ ਵਿਚ ਵੀ ਵਾਧਾ ਹੋ ਰਿਹਾ ਹੈ । ਤੇਜ਼ ਰਫ਼ਤਾਰ ਅਤੇ
ਟ੍ਰੈਫ਼ਿਕ ਨਿਯਮਾਂ ਨੂੰ ਤੋੜਨਾ ਨੌਜਵਾਨਾਂ ਲਈ ਫ਼ੈਸ਼ਨ ਬਣ ਗਿਆ ਹੈ। ਇਸ ਦਾ ਅੰਦਾਜ਼ਾ ਇਸੇ
ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਾਲ ਸਤੰਬਰ ਤਕ ਹੀ 150 ਤੋਂ ਵਧ ਸੜਕ ਹਾਦਸਿਆਂ ਵਿਚ
ਸ਼ਹਿਰ ਦੇ ਲੋਕ ਜਾਨ ਗਵਾ ਚੁਕੇ ਹਨ। ਜੇ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਨੇ
ਸੜਕ ਹਾਦਸਿਆਂ ਦੇ 432 ਦੇ ਕਰੀਬ ਮਾਮਲੇ ਦਰਜ ਕੀਤੇ ਸਨ।
ਇਸ ਤੋਂ ਇਲਾਵਾ ਸ਼ਹਿਰ ਵਿਚ
ਅਜਿਹੇ ਕਈ ਮਾਮਲੇ ਵੀ ਸਾਹਮਣੇ ਆਏ ਹਨ, ਜਿਸ ਵਿਚ ਤੇਜ਼ ਰਫ਼ਤਾਰ ਅਤੇ ਟ੍ਰੈਫ਼ਿਕ ਨਿਯਮਾਂ ਦੀ
ਅਣਦੇਖੀ ਦੇ ਚਲਦੇ ਲੋਕਾਂ ਨੂੰ ਅਪਣੀ ਜਾਨ ਤੋਂ ਹੱਥ ਧੋਣਾ ਪਿਆ। 29 ਮਈ ਨੂੰ ਮੋਹਾਲੀ
ਸੈਕਟਰ- 0 ਨਿਵਾਸੀ 27 ਸਾਲ ਦੇ ਪ੍ਰਿੰਸ ਦੀ ਸੈਕਟਰ-22 ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ
ਗਈ ਸੀ। ਦਸਿਆ ਗਿਆ ਸੀ ਕਿ ਨੌਜਵਾਨ ਨੇ ਉਸ ਸਮੇਂ ਹੈਲਮੇਟ ਨਹੀਂ ਪਾਇਆ ਸੀ ਅਤੇ ਉਹ ਅਪਣੇ
ਦੋਸਤ ਦੇ ਨਾਲ ਨਾਈਟ ਫ਼ੂਡ ਸਟਰੀਟ ਵਿਚ ਖਾਣਾ ਖਾਣ ਲਈ ਜਾ ਰਿਹਾ ਸੀ।
ਇਸ ਤੋਂ ਇਲਾਵਾ
ਇਕ ਹੋਰ ਮਾਮਲੇ ਵਿਚ 27 ਮਈ ਨੂੰ ਕਲਾਗਰਾਮ ਲਾਈਟ ਪੁਆਇੰਟ 'ਤੇ ਇਕ ਤੇਜ਼ ਰਫ਼ਤਾਰ ਕਾਰ ਨੇ
ਮੋਟਰਸਾਈਕਲ ਸਵਾਰ ਦੋ ਭਰਾਵਾਂ ਨੂੰ ਟੱਕਰ ਮਾਰ ਦਿਤੀ ਸੀ, ਜਿਸ ਵਿਚ 22 ਸਾਲਾ ਨੀਰਜ ਦੀ
ਮੌਤ ਹੋ ਗਈ ਸੀ ਅਤੇ ਉਸ ਦਾ ਭਰਾ ਵੀ ਜ਼ਖ਼ਮੀ ਹੋ ਗਿਆ ਸੀ ।
ਇਸੇ ਸਾਲ ਜੂਨ ਵਿਚ ਦੜਵਾ
ਲਾਈਟ ਪੁਆਇੰਟ 'ਤੇ ਸੜਕ ਹਾਦਸੇ ਵਿਚ ਮੌਲੀ ਜਾਗਰਾਂ ਨਿਵਾਸੀ 29 ਸਾਲ ਦਾ ਅਨੀਸ਼ ਦੀ ਉਸ
ਸਮੇਂ ਮੌਤ ਹੋ ਗਈ ਸੀ, ਜਦੋਂ ਉਹ ਮੋਟਰਸਾਈਕਲ ਤੇ ਆਪਣੇ ਘਰ ਲਈ ਜਾ ਰਿਹਾ ਸੀ। ਅਨੀਸ਼ ਇਸ
ਟਰੈਫਿਕ ਸਾਈਨ ਬੋਰਡ ਨਾਲ ਟੱਕਰਾ ਨਾਲ ਜ਼ਖ਼ਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ ਸੀ। ਇਨ੍ਹਾਂ
ਸਾਰੇ ਮਾਮਲਿਆਂ ਵਿਚ ਜ਼ਿਆਦਾਤਰ ਲੋਕਾਂ ਦੀ ਮੌਤ ਦਾ ਕਾਰਨ ਬਿਨਾ ਹੈਲਮੇਟ ਦੁਪਹੀਆ ਵਾਹਨ
ਚਲਾਉਣਾ ਹੈ।