ਐਸ.ਏ.ਐਸ. ਨਗਰ, 18 ਅਕਤੂਬਰ (ਗੁਰਮੁਖ ਵਾਲੀਆ): ਫ਼ੇਜ਼-10 ਵਿਚ ਸਥਿਤ ਹੋਟਲ ਸਰਾਓ ਦੇ ਮਾਲਕ ਨਿਰੰਕਾਰ ਸਿੰਘ (60) ਨੇ ਅੱਜ ਅਪਣੇ ਨਾਲ ਕਾਰ ਵਿਚ ਜਾ ਰਹੀ ਅਪਣੀ ਪਤਨੀ ਕੁਲਵੰਤ ਕੌਰ ਨਾਲ ਹੋਈ ਬਹਿਸ ਤੋਂ ਬਾਅਦ ਉਸ ਦੇ ਸਿਰ ਵਿਚ ਗੋਲੀਆਂ ਮਾਰ ਦਿਤੀਆਂ ਜਿਸ ਕਾਰਨ ਕੁਲਵੰਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਨਿਰੰਕਾਰ ਸਿੰਘ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਸੀ ਅਤੇ ਉਸ ਦਾ ਪੀ.ਜੀ.ਆਈ. ਚੰਡੀਗੜ੍ਹ ਵਿਚ ਇਲਾਜ ਚਲ ਰਿਹਾ ਸੀ। ਅੱਜ ਸਵੇਰੇ 9:45 ਵਜੇ ਦੇ ਆਸ-ਪਾਸ ਉਹ ਅਪਣੀ ਪਤਨੀ ਨਾਲ ਪੀ.ਜੀ.ਆਈ. ਚੈੱਕਅਪ ਲਈ ਜਾ ਰਿਹਾ ਸੀ। ਜਦ ਰਾਹ ਵਿਚ (ਮਾਨਵ ਮੰਗਲ ਸਕੂਲ ਫ਼ੇਜ਼ 10 ਨੇੜੇ) ਕਿਸੇ ਗੱਲ 'ਤੇ ਦੋਹਾਂ ਦੀ ਆਪਸ ਵਿਚ ਬਹਿਸ ਹੋ ਗਈ ਤਾਂ ਉਸ ਨੇ ਉਥੇ ਹੀ ਕਾਰ ਰੋਕ ਲਈ। ਇਸ ਤੋਂ ਬਾਅਦ ਉਸ ਨੇ ਅਪਣੇ ਲਾਈਸੰਸੀ ਰੀਵਾਲਵਰ ਨਾਲ ਅਪਣੀ ਪਤਨੀ ਦੀ ਪੁੜਪੁੜੀ ਵਿਚ ਲਗਾਤਾਰ ਛੇ ਗੋਲੀਆਂ ਮਾਰ ਕੇ ਉਸ ਨੂੰ ਕਤਲ ਕਰ ਦਿਤਾ। ਜਿਸ ਕਾਰ ਵਿਚ ਇਹ ਵਾਰਦਾਤ ਵਾਪਰੀ, ਉਹ ਕਾਰ ਨਿਰੰਕਾਰ ਸਿੰਘ ਦੇ ਮੈਨੇਜਰ ਅਨੀਸ਼ ਸ਼ਰਮਾ ਦੀ ਸੀ।ਜਾਣਕਾਰੀ ਅਨੁਸਾਰ ਨਿੰਰਕਾਰ ਸਿੰਘ ਨੇ ਸਵੇਰੇ ਅਪਣੇ ਮੈਨੇਜਰ ਨੂੰ ਅਪਣੇ ਘਰ ਬੁਲਾਇਆ ਸੀ

ਅਤੇ ਉਸ ਨੂੰ ਕਿਹਾ ਸੀ ਕਿ ਉਸ ਦੀ ਕਾਰ ਸਰਵਿਸ ਕਰਵਾਉਣ ਲਈ ਭੇਜ ਦੇਵੇ ਅਤੇ ਅਪਣੀ (ਮੈਨੇਜਰ ਦੀ) ਕਾਰ ਉਸ ਕੋਲ ਛੱਡ ਦੇਵੇ। ਕਤਲ ਵੇਲੇ ਨਿਰੰਕਾਰ ਸਿੰਘ ਅਪਣੇ ਮੈਨੇਜਰ ਦੀ ਕਾਰ ਵਿਚ ਹੀ ਪੀ.ਜੀ.ਆਈ. ਜਾ ਰਿਹਾ ਸੀ। ਨਿਰੰਕਾਰ ਸਿੰਘ ਮੁਹਾਲੀ ਵਿਚ ਹੋਟਲ ਖੋਲ੍ਹਣ ਤੋਂ ਪਹਿਲਾਂ (2004 ਤਕ) ਇੰਗਲੈਂਡ ਰਹਿੰਦਾ ਸੀ ਅਤੇ ਬਾਅਦ ਵਿਚ ਉਹ ਮੁਹਾਲੀ ਰਹਿਣ ਲੱਗ ਪਿਆ ਸੀ। ਉਹ ਅਪਣੀ ਪਤਨੀ ਨਾਲ ਹੋਟਲ ਦੀ ਪਹਿਲੀ ਮੰਜ਼ਲ 'ਤੇ ਰਹਿੰਦਾ ਸੀ। ਇਸ ਜੋੜੇ ਦੇ ਦੋ ਬੱਚੇ ਹਨ, ਜੋ ਇੰਗਲੈਂਡ ਵਿਚ ਰਹਿੰਦੇ ਹਨ। ਅਪਣੀ ਪਤਨੀ ਨੂੰ ਗੋਲੀਆਂ ਮਾਰਨ ਤੋਂ ਬਾਅਦ ਨਿਰੰਕਾਰ ਸਿੰਘ ਮੌਕੇ 'ਤੇ ਹੀ ਖੜਾ ਰਿਹਾ। ਇਸ ਦੌਰਾਨ ਕਿਸੇ ਵਲੋਂ ਪੁਲਿਸ ਕੰਟਰੋਲ ਰੂਮ ਵਿਚ ਘਟਨਾ ਦੀ ਜਾਣਕਾਰੀ ਦਿਤੀ ਗਈ, ਜਿਸ ਤੋਂ ਬਾਅਦ ਪੁਲੀਸ ਟੀਮ ਮੌਕੇ 'ਤੇ ਪਹੁੰਚੀ ਅਤੇ ਨਿਰੰਕਾਰ ਸਿੰਘ ਦੀ ਪਤਨੀ ਨੂੰ ਫ਼ੋਰਟਿਸ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। ਇਸ ਦੌਰਾਨ ਪੁਲਿਸ ਨੇ ਮੌਕੇ 'ਤੇ ਹੀ ਨਿੰਰਕਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ ਪੁੱਛਗਿੱਛ ਕਰਨ ਲਈ ਪੁਲਿਸ ਉਸ ਨੂੰ ਫ਼ੇਜ਼-11 ਦੇ ਥਾਣੇ ਲੈ ਗਈ। ਜਾਣਕਾਰੀ ਅਨੁਸਾਰ ਨਿਰੰਕਾਰ ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਅਪਣੀ ਪਤਨੀ ਨੂੰ ਕਤਲ ਕਰਨ ਦੀ ਗੱਲ ਕਬੂਲ ਲਈ ਹੈ।ਸੰਪਰਕ ਕਰਨ 'ਤੇ ਡੀ.ਐਸ.ਪੀ. (ਸਿਟੀ-2) ਰਮਨਦੀਪ ਸਿੰਘ ਨੇ ਦਸਿਆ ਕਿ ਇਸ ਸਬੰਧੀ ਪੁਲਿਸ ਵਲੋਂ ਨਿਰੰਕਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਉਸ ਦੀ ਲਾਈਸੰਸੀ ਰੀਵਾਲਵਰ ਵੀ ਜਬਤ ਕਰ ਲਈ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
end-of