
ਚੰਡੀਗੜ੍ਹ,
17 ਸਤੰਬਰ (ਤਰੁਣ ਭਜਨੀ): ਚੰਡੀਗੜ੍ਹ ਰਾਜਮਾਰਗ 'ਤੇ ਜਦੋਂ ਤੋਂ ਠਕਿਆਂ ਅਤੇ ਸ਼ਰਾਬ
ਪਰੋਸਣ 'ਤੇ ਲੱਗੀ ਪਾਬੰਦੀ ਹਟੀ ਹੈ ਲੋਕ ਸ਼ਰਾਬ ਦੇ ਨਸ਼ੇ ਵਿਚ ਸੜਕ ਸੁਰੱਖਿਆ ਨਿਯਮਾਂ ਦੀ
ਧੜੱਲੇ ਨਾਲ ਧੱਜੀਆਂ ਉਡਾ ਰਹੇ ਹਨ। ਹਾਲ ਹੀ ਵਿਚ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਨੇ ਇਕ ਰਾਤ
ਵਿਚ ਹੁਣ ਤਕ ਦੇ ਸੱਭ ਤੋਂ ਵਧ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੀਆਂ ਗੱਡੀਆਂ ਜ਼ਬਤ
ਕੀਤੀਆਂ ਸਨ। ਇਕੋ ਰਾਤ ਵਿਚ 157 ਵਾਹਨ ਜ਼ਬਤ ਕੀਤੇ ਗਏ ਸਨ।
ਦੂਜੇ ਪਾਸੇ ਚੰਡੀਗੜ੍ਹ
ਦੀਆਂ ਸੜਕਾਂ 'ਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਵਿਰੁਧ ਟ੍ਰੈਫ਼ਿਕ ਪੁਲਿਸ ਵੀ ਹੁਣ
ਸਖ਼ਤ ਹੋ ਗਈ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੁੱਝ ਦਿਨ
ਪਹਿਲਾਂ ਪੁਲਿਸ ਨੇ ਸ਼ਹਿਰ 'ਚ ਲੱਗੇ ਨਾਕਿਆਂ ਦੌਰਾਨ ਇਕੋ ਰਾਤ ਵਿਚ 157 ਵਾਹਨ ਜ਼ਬਤ ਕੀਤੇ
ਗਏ ਸਨ। ਚੰਡੀਗੜ੍ਹ ਵਿਚ ਇਸ ਤੋਂ ਪਹਿਲਾਂ ਕਦੇ ਵੀ ਇਕ ਰਾਤ ਵਿਚ ਇੰਨੇ ਵਾਹਨ ਜ਼ਬਤ ਨਹੀਂ
ਕੀਤੇ ਗਏ।
ਇਸ ਤੋਂ ਬਾਅਦ ਬੀਤੇ ਸ਼ੁਕਰਵਾਰ ਰਾਤ ਵੀ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ
116 ਲੋਕਾਂ ਵਿਰੁਧ ਕਾਰਵਾਈ ਕੀਤੀ ਗਈ। ਇਸ ਸਾਲ ਹੁਣ ਤਕ ਪੁਲਿਸ 4150 ਲੋਕਾਂ ਵਿਰੁਧ ਸੜਕ
ਤੇ ਸ਼ਰਾਬ ਪੀ ਕੇ ਵਾਹਨ ਚਲਾਉਣ ਸਬੰਧੀ ਕਾਰਵਾਈ ਕਰ ਚੁੱਕੀ ਹੈ ਜਿਸ ਵਿਚ ਜ਼ਿਆਦਾਤਰ ਸ਼ਰਾਬ
ਪੀਣ ਵਾਲੇ ਨੌਜਵਾਨ ਹਨ। ਇਸ ਸਾਲ ਅਪ੍ਰੈਲ ਮਹੀਨੇ ਵਿਚ ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ
ਰਾਜਮਾਰਗਾਂ 'ਤੇ ਸ਼ਰਾਬ ਦੀ ਵਿਕਰੀ ਤੇ ਰੋਕ ਲਗਾ ਦਿਤੀ ਸੀ। ਜਿਸ ਨਾਲ ਪੂਰੇ ਦੇਸ਼ ਦੇ ਨਾਲ
ਚੰਡੀਗੜ੍ਹ ਵਿਚ 150 ਦੇ ਕਰੀਬ ਪੱਬ, ਸ਼ਰਾਬ ਦੇ ਠੇਕੇ, ਕਲੱਬ ਅਤੇ ਹੋਰ ਸ਼ਰਾਬ ਪਰੋਸਣ
ਵਾਲੀਆਂ ਥਾਵਾਂ 'ਤੇ ਇਸ ਦਾ ਅਸਰ ਪਿਆ ਸੀ। ਇਸ ਰੋਕ ਤੋਂ ਬਾਅਦ ਅਪ੍ਰੈਲ ਮਹੀਨੇ ਵਿਚ ਸ਼ਹਿਰ
'ਚ ਕੇਵਲ 147 ਲੋਕਾਂ ਨੂੰ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਦੋਸ਼ ਵਿਚ ਕਾਬੂ ਕੀਤਾ ਗਿਆ ਸੀ
ਜਦਕਿ ਰੋਕ ਹਟਣ ਤੋਂ ਬਾਅਦ ਅਗੱਸਤ ਮਹੀਨੇ ਵਿਚ ਹੁਣ ਤਕ ਦੇ ਸੱਭ ਤੋਂ ਵੱਧ 873 ਲੋਕਾਂ
ਨੂੰ ਸ਼ਰਾਬ ਪੀ ਕੇ ਵਾਹਨ ਚਲਾਉਂਦਿਆਂ ਕਾਬੂ ਕੀਤਾ ਗਿਆ।
ਮਹੀਨਾ ਚਲਾਨ
ਜਨਵਰੀ 322
ਫ਼ਰਵਰੀ 301
ਮਾਰਚ 345
ਅਪ੍ਰੈਲ 147
ਮਈ 168
ਜੂਨ 605
ਜੂਲਾਈ 695
ਅਗਸੱਤ 873
ਸਤੰਬਰ 743