
ਚੰਡੀਗੜ੍ਹ, 15 ਸਤੰਬਰ (ਸਰਬਜੀਤ ਢਿੱਲੋਂ) :
ਸੁਪਰੀਮ ਕੋਰਟ ਵਲੋਂ ਦਸੰਬਰ 2016 'ਚ ਨੈਸ਼ਨਲ ਹਾਈਵੇਜ਼ ਤੋਂ 500 ਮੀਟਰ ਦੇ ਘੇਰੇ 'ਚ
ਪੈਂਦੇ 100 ਦੇ ਕਰੀਬ ਰੈਸਟੋਰੈਂਟ, ਬੀਅਰ ਬਾਰ ਤੇ ਸ਼ਰਾਬ ਦੇ ਠੇਕੇ ਖੋਲ੍ਹਣ 'ਤੇ ਲਾਈ ਗਈ
ਪਾਬੰਦੀ ਨਾਲ ਚੰਡੀਗੜ੍ਹ ਪ੍ਰਸ਼ਾਸਨ ਦੇ ਇੰਡਸਟਰੀਅਲ ਤੇ ਟੂਰਿਜਮ ਡਿਵੈਲਪਮੈਂਟ ਕਾਰਪੋਰੇਸ਼ਨ
(ਸਿਟਕੋ) ਦੇ ਹੋਟਲਾਂ ਨੇ ਚੰਗੀ ਕਮਾਈ ਕੀਤੀ ਹੈ। ਸਿਟਕੋ ਦੇ ਬੋਰਡ ਆਫ਼ ਡਾਇਰੈਕਟਰ ਦੀ
ਮੀਟਿੰਗ ਵਿਚ ਇਸ 'ਤੇ ਚਰਚਾ ਹੋਈ। ਇਸ ਦੌਰਾਨ ਹੋਟਲਾਂ ਦੀ 33 ਫ਼ੀ ਸਦੀ ਕਮਾਈ ਵਾਧੂ ਹੋਈ
ਹੈ। ਇਸ ਮੌਕੇ ਸਿਟਕੋ ਦੇ ਹੋਟਲਾਂ ਨੇ ਸ਼ਹਿਰ 'ਚ ਆਲੇ-ਦੁਆਲੇ ਸ਼ਰਾਬ ਦੀ ਵਿਕਰੀ 'ਤੇ ਲੱਗੀ
ਰੋਕ ਕਾਰਨ ਸੈਕਟਰ 17 ਅਤੇ 10 ਦੇ 5 ਤਾਰਾ ਹੋਟਲਾਂ 'ਚ ਸ਼ਰਾਬ ਤੇ ਖਾਣ-ਪੀਣ ਦੀਆਂ ਵਸਤਾਂ
ਦੀ ਕਾਫ਼ੀ ਵਿਕਰੀ ਹੋਈ।
ਸਿਟਕੋ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਚਾਰ ਮਹੀਨਿਆਂ ਦੀ
ਸ਼ਰਾਬਬੰਦੀ ਨਾਲ ਉਨ੍ਹਾਂ ਵਲੋਂ ਪਿਛਲੇ ਸਾਲ ਨਾਲੋਂ 33 ਫ਼ੀ ਸਦੀ ਵਾਧੂ ਰਕਮ ਦੀ ਕਮਾਈ ਹੋਈ
ਹੈ। ਦੱਸਣਯੋਗ ਹੈ ਸਿਟਕੋ ਵਲੋਂ ਸੈਕਟਰ-17 'ਚ ਮਾਊਂਟਵਿਊ ਹੋਟਲ ਜੋ ਸੈਕਟਰ-17 ਦੇ ਬੱਸ
ਅੱਡੇ ਨੇੜੇ ਪੈਂਦਾ ਹੈ ਜਦਕਿ ਦੂਜਾ ਹੋਟਲ ਸ਼ਿਵਾਲਿਕਵਿਊ ਸੈਕਟਰ-10 ਵਿਚ ਚਲਾਇਆ ਜਾ ਰਿਹਾ
ਹੈ ਜਿਥੇ ਮਲਟੀਨੈਸ਼ਨਲ ਕੰਪਨੀਆਂ ਤੇ ਕੌਮਾਂਤਰੀ ਪੱਧਰ ਦੇ ਸੈਲਾਨੀਆਂ ਦੀ ਮਨਪਸੰਦ ਠਾਹਰ
ਮੰਨੀ ਜਾਂਦੀ ਹੈ। ਸਿਟਕੋ ਵਲੋਂ ਕਈ ਤਰ੍ਹਾਂ ਦੇ ਫ਼ੂਡ ਪੈਕੇਜ ਵੀ ਦਿਤੇ ਜਾਂਦੇ ਹਨ।