
ਐਸ.ਏ.ਐਸ.
ਨਗਰ, 13 ਸਤੰਬਰ (ਸੁਖਦੀਪ ਸਿੰਘ ਸੋਈ) : ਤੇਲ ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ
ਕਾਰਨ ਲੋਕ ਤਰਾਹ ਤਰਾਹ ਕਰਨ ਲੱਗ ਪਏ ਹਨ। ਪਿਛਲੇ ਦਸ ਪੰਦਰਾਂ ਦਿਨਾਂ ਤੋਂ ਪਟਰੌਲ ਤੇ
ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਮੱਧ ਵਰਗ ਅਤੇ ਹੇਠਲੇ
ਵਰਗ ਦੇ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ।
ਪੰਜਾਬ ਵਿਚ ਪਟਰੌਲ ਦੀ ਕੀਮਤ 76 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਗਈ ਹੈ। ਜਦੋਂ ਕਿ ਡੀਜ਼ਲ 59 ਰੁਪਏ ਪ੍ਰਤੀ ਲੀਟਰ ਦੇ ਆਸ ਪਾਸ ਵਿਕ ਰਿਹਾ ਹੈ। ਲੋਕਾਂ ਨੂੰ ਇਸ ਗਲ ਦੀ ਹੈਰਾਨੀ ਹੈ ਕਿ ਅੰਤਰ ਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘਟ ਹਨ ਪਰ ਇਸ ਦੇ ਬਾਵਜੂਦ ਵੀ ਦੇਸ਼ ਵਿਚ ਖ਼ਾਸ ਕਰ ਕੇ ਪੰਜਾਬ ਵਰਗੇ ਸੂਬੇ ਵਿਚ ਤੇਲ ਦੀ ਕੀਮਤ ਨੇ ਆਮ ਲੋਕਾਂ ਦਾ ਲੱਕ ਤੋੜਨਾ ਸ਼ੁਰੂ ਕਰ ਦਿਤਾ ਹੈ। ਜਦੋਂ 2012-13 ਵਿਚ ਅੰਤਰਰਾਸ਼ਟਰੀ ਮਾਰਕੀਟ ਵਿਚ ਕੱਚੇ ਤੇਲ ਦਾ ਰੇਟ 150 ਡਾਲਰ ਪ੍ਰਤੀ ਬੈਰਲ ਦੇ ਆਸ ਪਾਸ ਸੀ ਤਾਂ ਉਸ ਸਮੇਂ ਵੀ ਤੇਲ ਦੀਆਂ ਕੀਮਤਾਂ ਵਿਚ ਇੰਨਾ ਵਾਧਾ ਨਹੀਂ ਹੋਇਆ ਸੀ। ਹੁਣ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦਾ ਰੇਟ ਬਾਹੁਤ ਜ਼ਿਆਦਾ ਘੱਟ ਹੈ, ਪਰ ਦੇਸ਼ ਵਿਚ ਤੇਲ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ।
ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਤੇ ਰਾਜ ਸਰਕਾਰਾਂ ਤੇਲ 'ਤੇ ਐਨਾ ਵੱਧ ਟੈਕਸ ਲਾਇਆ ਹੈ ਜਿਸ ਕਰ ਕੇ ਤੇਲ ਦੀਆਂ ਕੀਮਤਾਂ ਦੇਸ਼ ਅਤੇ ਆਲੇ ਦੁਆਲੇ ਗੁਆਂਡੀ ਦੇਸ਼ਾਂ ਨਾਲੋਂ ਕਿਤੇ ਵੱਧ ਹੈ ਪਤਾ ਲੱਗਾ ਹੈ ਕਿ ਤੇਲ ਦੀ ਕੀਮਤ ਵਿਚ 50 ਫ਼ੀ ਸਦੀ ਤੋਂ ਵੱਧ ਯੋਗਦਾਨ ਕੇਂਦਰ ਤੇ ਰਾਜ ਸਰਕਾਰ ਵਲੋਂ ਲਾਏ ਟੈਕਸਾਂ ਦਾ ਹੈ।
ਸਪੋਕਸਮੈਨ ਦੀ ਟੀਮ ਨੇ ਜਦੋਂ ਇਸ ਸਬੰਧੀ ਪਟਰੌਲ ਪੰਪ 'ਤੇ ਜਾ ਕੇ
ਲੋਕਾਂ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੁੱਤੀ ਪਈ ਹੈ ਜਦੋਂ ਕਿ ਲੋਕ
ਤੇਲ ਦੀਆਂ ਕੀਮਤਾਂ ਨੂੰ ਲੈ ਕੇ ਲੋਕ ਚੀਕਾਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁੱਝ
ਅਮੀਰ ਘਰਾਣੇ ਤੇਲ ਦਾ ਵਪਾਰ ਕਰਦੇ ਹਨ ਉਨ੍ਹਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਤੇਲ ਦੀਆਂ
ਕੀਮਤਾਂ ਵਧਾ ਕੇ ਸਾਡੇ ਗਲ ਵਿਚ ਅੰਗੂਠਾ ਦਿਤਾ ਹੋਇਆ ਹੈ। ਲੋਕਾਂ ਨੇ ਮੰਗ ਕੀਤੀ ਕਿ ਤੇਲ
ਦੀਆਂ ਕੀਮਤਾਂ ਦੇ ਵਾਧੇ ਨੂੰ ਤੁਰਤ ਵਾਪਸ ਲਿਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ
ਸਕੇ।