
ਚੰਡੀਗੜ੍ਹ: ਲਗਾਤਾਰ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ ਅਤੇ ਹਰਿਆਣਾ 'ਚ ਠੰਡ ਪੂਰੇ ਜ਼ੋਰਾਂ 'ਤੇ ਹੈ। ਐਤਵਾਰ ਨੂੰ ਵੀ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਤੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਪਹਾੜੀ ਇਲਾਕਿਆਂ 'ਚ ਹੋ ਰਹੀ ਬਰਫਬਾਰੀ ਕਾਰਨ ਅਜੇ ਮੌਸਮ 'ਚ ਬਦਲਾਅ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ 'ਚ ਤਾਪਮਾਨ 6.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ ਇਕ ਡਿਗਰੀ ਵੱਧ ਹੈ।
ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ 'ਚ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਹਾਲਾਤ ਇਹ ਹਨ ਕਿ ਸਵੇਰ ਨੂੰ ਕੰਮਾਂ-ਕਾਰਾਂ 'ਤੇ ਜਾਣ ਵਾਲੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸੇ ਦਾ ਵੀ ਅਜਿਹੀ ਸਰਦੀ 'ਚ ਰਜਾਈਆਂ 'ਚੋਂ ਨਿਕਲਣ ਦਾ ਦਿਲ ਨਹੀਂ ਕਰਦਾ। ਫਿਲਹਾਲ ਮੌਸਮ ਵਿਭਾਗ ਮੁਤਾਬਕ ਮੀਂਹ ਦੀ ਵੀ ਕੋਈ ਸੰਭਾਵਨਾ ਨਹੀਂ ਹੈ।
ਤਾਪਮਾਨ ਵਿਚ ਕਮੀ ਹੋਣ ਅਤੇ ਵਾਤਾਵਰਣ ਵਿਚ ਨਮੀ ਜਿਆਦਾ ਹੋਣ ਨਾਲ ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਕਰਨਾਲ, ਅੰਬਾਲਾ, ਸ਼੍ਰੀਨਗਰ, ਜੈਪੁਰ, ਚੰਡੀਗੜ, ਦਿੱਲੀ, ਗੁਰੂਗਰਾਮ, ਮੇਰਠ, ਗਾਜ਼ਿਆਬਾਦ ਸਹਿਤ ਆਸਪਾਸ ਦੇ ਹਿੱਸਿਆਂ ਵਿਚ ਸਵੇਰ ਦੇ ਸਮੇਂ ਦਰਮਿਆਨੇ ਸੰਘਣੀ ਧੁੰਦ ਕਈ ਥਾਵਾਂ ਉਤੇ ਛਾ ਸਕਦੀ ਹੈ। ਹਾਲਾਂਕਿ ਹਲਕੀ ਤੋਂ ਦਰਮਿਆਨੀ ਹਵਾਵਾਂ ਦੇ ਚਲਦੇ ਜਿਆਦਾ ਸਮੇਂ ਤੱਕ ਕੋਹਰਾ ਟਿਕੇਗਾ ਨਹੀਂ। ਹੇਠਲੇ ਤਾਪਮਾਨ ਵਿਚ ਕਮੀ ਦੇ ਚਲਦੇ ਸਵੇਰੇ ਅਤੇ ਰਾਤ ਦੀ ਸਰਦੀ ਵਿਚ ਵੀ ਇਜਾਫ਼ਾ ਹੋਵੇਗਾ।