
ਚੰਡੀਗੜ੍ਹ, 3 ਮਾਰਚ (ਸਰਬਜੀਤ ਢਿੱਲੋਂ) : ਦੇਸ਼ ਦੇ ਉਪ ਰਾਸ਼ਟਰਪਤੀ ਤੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੇ ਚਾਂਸਲਰ ਐਮ ਵੈਂਕਈਆ ਨਾਇਡੂ ਬਾਅਦ ਦੁਪਹਿਰ ਦੋ ਦਿਨਾਂ ਦੇ ਦੌਰੇ 'ਤੇ ਚੰਡੀਗੜ੍ਹ ਪੁੱਜੇ। ਦੱਸਣਯੋਗ ਹੈ ਕਿ ਨਾਇਡੂ 4 ਮਾਰਚ ਨੂੰ ਮੇਹਰ ਚੰਦ ਮਹਾਜਨ ਡੀ.ਏ.ਵੀ. ਕਾਲਜ (ਲੜਕੀਆਂ) ਸੈਕਟਰ-36 ਦੇ ਸਾਲਾਨਾ ਕਨਵੋਕੇਸ਼ਨ ਸਮਾਗਮ ਵਿਚ ਸਵੇਰੇ 10 ਵਜੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਉਹ ਰਾਜ ਭਵਨ ਵਿਚ ਰਾਤ ਨੂੰ ਠਹਿਰਨਗੇ। ਚੰਡੀਗੜ੍ਹ ਪੁਲਿਸ ਵਲੋਂ ਉਨ੍ਹਾਂ ਦੀ ਸੁਰੱਖਿਆ ਲਈ ਭਾਰੀ ਇੰਤਜ਼ਾਮ ਕੀਤੇ ਗਏ ਹਨ।
ਸ੍ਰੀ ਨਾਇਡੂ ਦੇ ਚੰਡੀਗੜ੍ਹ ਪੁੱਜਣ 'ਤੇ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ, ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਸਾਬਕਾ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ, ਮੇਅਰ ਦਿਵੇਸ਼ ਮੋਦਗਿਲ, ਸੱਤਪਾਲ ਜੈਨ, ਸਲਾਹਕਾਰ ਪ੍ਰੀਮਲ ਰਾਏ ਸਮੇਤ ਯੂ.ਟੀ. ਤੇ ਪਜੰਾਬ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਆਦਿ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।