ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਖ਼ਿਲਾਫ਼ ‘ਖੁਲ੍ਹੀ ਜੰਗ' ਦਾ ਕੀਤਾ ਐਲਾਨ
ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਖ਼ਿਲਾਫ਼ ‘ਖੁਲ੍ਹੀ ਜੰਗ’ ਦਾ ਐਲਾਨ ਕਰ ਦਿਤਾ ਹੈ ਜਿਸ ਤੋਂ ਦੱਖਣ ਏਸ਼ਿਆਈ ਉਪ ਮਹਾਂਦੀਪ ਇਕ ਵਾਰ ਫਿਰ ਖ਼ੂਨ-ਖਰਾਬੇ ਦੀ ਲਪੇਟ ਵਿਚ ਆ ਗਿਆ ਹੈ। ਅਫ਼ਗਾਨਿਸਤਾਨ ਦੀ ਤਾਲਿਬਾਨ ਹਕੂਮਤ ਦੀਆਂ ਫ਼ੌਜਾਂ ਵਲੋਂ ਡਿਊਰੈਂਡ ਰੇਖਾ ਦੇ ਨਾਲ-ਨਾਲ ਪਾਕਿਸਤਾਨੀ ਸਰਹੱਦੀ ਚੌਕੀਆਂ ’ਤੇ ਵੀਰਵਾਰ ਨੂੰ ਕੀਤੇ ਗਏ ਹਮਲੇ ਅਤੇ ਇਸ ਹਮਲੇ ਦੇ ਜਵਾਬ ਵਿਚ ਪਾਕਿਸਤਾਨੀ ਹਵਾਈ ਸੈਨਾ ਵਲੋਂ ਸ਼ੁੱਕਰਵਾਰ ਨੂੰ ਕਾਬੁਲ, ਕੰਧਾਰ ਤੇ ਪਕਤੀਆ ਵਿਚ ਅਫ਼ਗਾਨ ਫ਼ੌਜੀ ਤੇ ਗ਼ੈਰ-ਫ਼ੌਜੀ ਠਿਕਾਣਿਆਂ ਉੱਤੇ ਬੰਬਾਰੀ ਨੇ ਦੁਵੱਲੇ ਤਨਾਜ਼ੇ ਨੂੰ ਸੀਮਤ ਸਰਹੱਦੀ ਝੜਪਾਂ ਦੀ ਥਾਂ ਸਿੱਧੀ ਲੜਾਈ ਦਾ ਰੂਪ ਦੇ ਦਿਤਾ ਹੈ।
ਪਾਕਿਸਤਾਨ ਨੇ ਵੀਰਵਾਰ ਨੂੰ ਤਾਲਿਬਾਨ ਦੀਆਂ ਸੱਤ ਸਰਹੱਦੀ ਚੌਕੀਆਂ ‘ਨੇਸਤੋ-ਨਾਬੂਦ’ ਕਰਨ ਦਾ ਦਾਅਵਾ ਕੀਤਾ। ਤਾਲਿਬਾਨ ਨੇ ਜਵਾਬ ਵਿਚ ਦੋ ਪਾਕਿਸਤਾਨੀ ਫ਼ੌਜੀ ਕੈਂਪਾਂ ਤੇ 19 ਚੌਕੀਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਇਕ ਪਾਕਿਸਤਾਨੀ ਲੜਾਕੂ ਜਹਾਜ਼ ਡੇਗ ਲੈਣ ਦਾ ਜਵਾਬੀ ਦਾਅਵਾ ਪੇਸ਼ ਕੀਤਾ। ਅਫ਼ਗਾਨ ਹਕੂਮਤ ਨੇ ਸਰਹੱਦੀ ਝੜਪਾਂ ਵਿਚ ਮਰਨ ਵਾਲੇ ਪਾਕਿਸਤਾਨੀ ਫ਼ੌਜੀਆਂ ਦੀ ਗਿਣਤੀ 55 ਤੋਂ ਵੱਧ ਦੱਸੀ ਹੈ ਜਦੋਂ ਕਿ ਪਾਕਿਸਤਾਨ ਨੇ 7 ਫ਼ੌਜੀਆਂ ਦੀ ‘ਸ਼ਹਾਦਤ’ ਕਬੂਲ ਕੀਤੀ ਹੈ ਅਤੇ 150 ਤੋਂ ਵੱਧ ਤਾਲਿਬਾਨ ਨੂੰ ਮਾਰਨ ਦੇ ਦਾਅਵੇ ਕੀਤੇ ਹਨ।
ਅਫ਼ਗਾਨ ਹਕੂਮਤ ਨੇ ਡਰੋਨ ਹਮਲੇ ਰਾਹੀਂ ਇਸਲਾਮਾਬਾਦ ਵਿਚ ‘ਐਟਾਮਿਕ’ ਨਾਂਅ ਦੀ ਫ਼ੌਜੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਐਲਾਨ ਵੀ ਕੀਤਾ ਹੈ ਜਿਸ ਬਾਰੇ ਪਾਕਿਸਤਾਨ ਨੇ ਕੋਈ ਟਿੱਪਣੀ ਨਹੀਂ ਕੀਤੀ। ਹਾਲਾਂਕਿ ਇਰਾਨ, ਚੀਨ ਅਤੇ ਖਾੜੀ ਦੇ ਕੁਝ ਮੁਲਕਾਂ, ਖ਼ਾਸ ਕਰ ਕੇ ਓਮਾਨ ਨੇ ਜੰਗ ਰੁਕਵਾਉਣ ਲਈ ਹੀਲੇ-ਉਪਰਾਲੇ ਸ਼ੁਰੂ ਕੀਤੇ ਹੋਏ ਹਨ, ਫਿਰ ਵੀ ਪਾਕਿਸਤਾਨ ਲੀਡਰਸ਼ਿਪ ਦੀ ਬਿਆਨਬਾਜ਼ੀ ਤੋਂ ਇਹੀ ਝਲਕਦਾ ਹੈ ਕਿ ਉਹ ਅਫ਼ਗਾਨ ਤਾਲਿਬਾਨ ਨੂੰ ‘ਸਬਕ ਸਿਖਾਉਣ’ ਦੀ ਰਣਨੀਤੀ ਉੱਪਰ ਅਮਲ ਕਰ ਰਹੀ ਹੈ। ਪਾਕਿਸਤਾਨੀ ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਨੇ ਸ਼ੁੱਕਰਵਾਰ ਨੂੰ ਇਕ ਸਰਕਾਰੀ ਫ਼ੁਰਮਾਨ ਰਾਹੀਂ ਕਿਹਾ ਕਿ ‘‘ਪਾਕਿਸਤਾਨ ਦੇ ਸਬਰ ਦਾ ਪਿਆਲਾ ਭਰ ਚੁੱਕਾ ਸੀ। ਇਸੇ ਲਈ ਉਹ ਤਾਲਿਬਾਨ ਦੀਆਂ ‘ਆਪਹੁਦਰੀਆਂ’ ਦਾ ਅੰਤ ਕਰਨ ਦੇ ਰਾਹ ਉੱਤੇ ਤੁਰਿਆ।’’
ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਫ਼ੌਜੀ ਤਾਕਤ ਪੱਖੋਂ ਪਾਕਿਸਤਾਨ, ਅਫ਼ਗਾਨ ਤਾਲਿਬਾਨ ਨਾਲੋਂ ਕਿਤੇ ਵੱਧ ਬਲਸ਼ਾਲੀ ਹੈ। ਉਸ ਦੀ ਥਲ ਸੈਨਾ ਕੋਲ 6.60 ਲੱਖ ਦੇ ਕਰੀਬ ਸੈਨਿਕ ਅਤੇ 400 ਤੋਂ ਵੱਧ ਟੈਂਕ ਹਨ ਅਤੇ ਹੋਰ ਅਤਿਆਧੁਨਿਕ ਜੰਗੀ ਸਾਜ਼ੋ-ਸਾਮਾਨ ਵੀ ਵੱਡੀ ਗਿਣਤੀ ਵਿਚ ਮੌਜੂਦ ਹੈ। ਦੂਜੇ ਪਾਸੇ ਅਫ਼ਗਾਨ ਥਲ ਸੈਨਾ ਦੀ ਨਫ਼ਰੀ 1.72 ਲੱਖ ਦੇ ਆਸ-ਪਾਸ ਦੱਸੀ ਜਾਂਦੀ ਹੈ। ਉਸ ਕੋਲ ਅਤਿਆਧੁਨਿਕ ਹਥਿਆਰ ਜ਼ਰੂਰ ਮੌਜੂਦ ਹਨ, ਪਰ ਢੁਕਵੀਂ ਮਿਕਦਾਰ ਵਿਚ ਗੋਲਾ-ਬਾਰੂਦ ਹੋਣ ਦੀਆਂ ਸੰਭਾਵਨਾਵਾਂ ਮੱਧਮ ਹਨ। ਅਮਰੀਕਾ ਤੇ ‘ਨਾਟੋ’ ਦੇਸ਼ਾਂ ਦੀਆਂ ਫ਼ੌਜਾਂ, 2021 ਵਿਚ ਅਫ਼ਗਾਨ ਭੂਮੀ ਛੱਡਣ ਵੇਲੇ ਬਹੁਤ ਸਾਰੇ ਟੈਂਕ, ਬਖ਼ਤਰਬੰਦ ਗੱਡੀਆਂ ਅਤੇ ਮਿਜ਼ਾਈਲ ਲਾਂਚਰ ਪਿੱਛੇ ਛੱਡ ਗਈਆਂ ਸਨ, ਪਰ ਇਸ ਮਹਿੰਗੇ ਜੰਗੀ ਸਾਜ਼ੋ-ਸਾਮਾਨ ਦੀ ਵਰਤੋਂ ਕਰਨ ਦਾ ਹੁਨਰ ਅਫ਼ਗਾਨ ਸੈਨਿਕਾਂ ਕੋਲ ਮੌਜੂਦ ਨਹੀਂ।
ਇਸ ਦੇ ਨਾਲ ਹੀ ਕੌਮਾਂਤਰੀ ਪੱਧਰ ’ਤੇ ਕਿਸੇ ਵੀ ਦੇਸ਼ ਵਲੋਂ ਤਾਲਿਬਾਨ ਹਕੂਮਤ ਨੂੰ ਮਾਨਤਾ ਨਾ ਦਿਤੇ ਜਾਣ ਕਰ ਕੇ ਅਫ਼ਗਾਨ ਫ਼ੌਜੀਆਂ ਅੰਦਰ ਨਵੀਆਂ ਇਜਾਦਾਂ ਦੀ ਵਰਤੋਂ ਲਈ ਲੋੜੀਂਦੀ ਸਿਖਲਾਈ ਦੀ ਘਾਟ ਹੈ। ਪਾਕਿਸਤਾਨ ਦੀ ਹਕੂਮਤ ਭਾਰਤ ਉੱਤੇ ਲਗਾਤਾਰ ਦੋਸ਼ ਲਾਉਂਦੀ ਆਈ ਹੈ ਕਿ ਉਹ ਪਾਕਿਸਤਾਨ ਅੰਦਰ ਅਸਥਿਰਤਾ ਪੈਦਾ ਕਰਨ ਹਿੱਤ ਤਾਲਿਬਾਨ ਨੂੰ ਹਥਿਆਰ ਵੀ ਸਪਲਾਈ ਕਰਦਾ ਆਇਆ ਹੈ ਅਤੇ ਫ਼ੌਜੀ ਸਿਖਲਾਈ ਵੀ ਦਿੰਦਾ ਆਇਆ ਹੈ। ਪਰ ਉਹ ਅਜਿਹੇ ਦੋਸ਼ਾਂ ਦੇ ਹੱਕ ਵਿਚ ਸਬੂਤ ਪੇਸ਼ ਕਰਨ ਵਿਚ ਨਾਕਾਮ ਰਿਹਾ ਹੈ।
ਮੌਜੂਦਾ ਸੰਕਟ ਪਿਛਲੇ ਦੋ-ਢਾਈ ਵਰਿ੍ਹਆਂ ਤੋਂ ਪਾਕਿਸਤਾਨ ਦੀ ਇਸ ਮੰਗ ਤੋਂ ਉਪਜਿਆ ਹੈ ਕਿ ਅਫ਼ਗਾਨ ਹਕੂਮਤ, ਪਾਕਿਸਤਾਨ ਅੰਦਰ ਸਰਗਰਮ ਦਹਿਸ਼ਤੀ ਸੰਗਠਨ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਅਫ਼ਗਾਨ ਭੂਮੀ ਅੰਦਰਲੇ ਕੈਂਪ ਬੰਦ ਕਰਵਾਏ ਅਤੇ ਦਹਿਸ਼ਤੀ ਅਨਸਰਾਂ ਦੀ ਲੀਡਰਸ਼ਿਪ ਨੂੰ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਦੇ ਹਵਾਲੇ ਕਰੇ। ਦੂਜੇ ਪਾਸੇ, ਅਫ਼ਗਾਨ ਹਕੂਮਤ ਟੀ.ਟੀ.ਪੀ. ਦੇ ਕੈਂਪ ਅਪਣੀਆਂ ਸਰਹੱਦਾਂ ਦੇ ਅੰਦਰ ਹੋਣ ਦੇ ਦੋਸ਼ ਰੱਦ ਕਰਦੀ ਆਈ ਹੈ। ਉਪਰੋਕਤ ਮੰਗ ਨਾਲ ਜੁੜੇ ਕਈ ਅਲਟੀਮੇਟਮਾਂ ਤੋਂ ਬਾਅਦ ਪਾਕਿਸਤਾਨ ਨੇ ਅਕਤੂਬਰ 2025 ਵਿਚ ਅਫ਼ਗਾਨ ਸਰਜ਼ਮੀਂ ’ਤੇ ਬੰਬਾਰੀ ਕੀਤੀ ਸੀ। ਇਸ ਨੂੰ ਅਫ਼ਗਾਨ ਤਾਲਿਬਾਨ ਨੇ ਹਮਲਾਵਾਰਾਨਾ ਕਾਰਵਾਈ ਕਰਾਰ ਦੇ ਕੇ ਜਵਾਬ ਵਜੋਂ ਜ਼ਮੀਨੀ ਝੜਪਾਂ ਵਾਲਾ ਰਾਹ ਅਖ਼ਤਿਆਰ ਕੀਤਾ ਸੀ। ਉਦੋਂ ਤਾਂ ਤੁਰਕੀ ਤੇ ਕੁਝ ਹੋਰ ਇਸਲਾਮੀ ਦੇਸ਼ਾਂ ਦੇ ਦਖ਼ਲ ਨਾਲ ਜੰਗ ਰੁਕਵਾ ਦਿਤੀ ਗਈ, ਪਰ ਇਸ ਮਹੀਨੇ ਦੋ ਸਰਹੱਦੀ ਅਫ਼ਗਾਨ ਸੂਬਿਆਂ ਨੰਗਰਹਾਰ ਤੇ ਪਕਤਿਕਾ ਵਿਚ ਪਾਕਿ ਹਵਾਈ ਫ਼ੌਜ ਵਲੋਂ ਪਿਛਲੇ ਹਫ਼ਤੇ ਕੀਤੀ ਗਈ ਬੰਬਾਰੀ ਨੇ ਅਫ਼ਗਾਨ ਤਾਲਿਬਾਨ ਨੂੰ ਵੀ ਜਵਾਬੀ ਕਾਰਵਾਈ ਦੇ ਰਾਹ ਪਾ ਦਿਤਾ।
ਇਹ ਸਹੀ ਹੈ ਕਿ ਅਮਰੀਕਾ ਤੇ ਚੀਨ ਤੋਂ ਮਿਲੇ ਅਤਿਆਧੁਨਿਕ ਹਥਿਆਰਾਂ ਅਤੇ ਜੰਗੀ ਸਮੱਗਰੀ ਦੇ ਜ਼ਰੀਏ ਪਾਕਿਸਤਾਨ, ਅਫ਼ਗਾਨ ਤਾਲਿਬਾਨ ਨੂੰ ਜੰਗੀ ਅਖਾੜੇ ਵਿਚ ਪਛਾੜ ਸਕਦਾ ਹੈ, ਪਰ ਅਫ਼ਗਾਨ ਤਾਲਿਬਾਨ ਕੋਲ ਆਤਮਘਾਤੀ ਬੰਬਾਰਾਂ ਦੇ ਰੂਪ ਵਿਚ ਜੋ ਅਤਿਅੰਤ ਖ਼ਤਰਨਾਕ ਜੰਗਜੂ ਮੌਜੂਦ ਹਨ, ਉਨ੍ਹਾਂ ਦਾ ਟਾਕਰਾ ਕਰਨਾ ਪਾਕਿਸਤਾਨ ਵਾਸਤੇ ਆਸਾਨ ਨਹੀਂ। ਮੌਜੂਦਾ ਹਾਲਾਤ ਵਿਚ ਪਾਕਿਸਤਾਨੀ ਫ਼ੌਜ ਦਾ ਪੱਛਮੀ ਸਰਹੱਦ ’ਤੇ ਉਲਝੇ ਰਹਿਣਾ ਭਾਰਤ ਨੂੰ ਭਾਵੇਂ ਰਾਸ ਆਉਣ ਵਾਲੀ ਗੱਲ ਹੈ, ਫਿਰ ਵੀ ਇਸ ਜੰਗ ਵਿਚ ਅਫ਼ਗਾਨ ਤਾਲਿਬਾਨ ਦਾ ਪੱਖ ਪੂਰਨਾ ਕੌਮਾਂਤਰੀ ਪੱਧਰ ’ਤੇ ਭਾਰਤ ਲਈ ਹਿੱਤਕਾਰੀ ਨਹੀਂ।
ਇਸੇ ਲਈ ਭਾਰਤ ਸਰਕਾਰ ਨੇ ਜਿੱਥੇ ਫ਼ੌਰੀ ਜੰਗਬੰਦੀ ਬਾਰੇ ਹੋਰਨਾਂ ਮੁਲਕਾਂ ਦੇ ਸੱਦੇ ਦੀ ਹਮਾਇਤ ਕੀਤੀ ਹੈ, ਉਥੇ ਤੁਰਖ਼ਾਮ ਤੇ ਪਕਤਿਕਾ ਵਿਚ ਅਫ਼ਗਾਨ ਸ਼ਰਨਾਰਥੀਆਂ ਦੇ ਕੈਂਪਾਂ ਉੱਤੇ ਪਾਕਿਸਤਾਨੀ ਬੰਬਾਰੀ ਨੂੰ ‘ਜ਼ਾਲਮਾਨਾ’ ਕਰਾਰ ਦੇਣ ਵਾਲੀ ਮੱਧ-ਮਾਰਗੀ ਪਹੁੰਚ ਵੀ ਅਪਣਾਈ ਹੈ। ਅਫ਼ਗਾਨ ਤਾਲਿਬਾਨ, ਪਾਕਿਸਤਾਨ ਦੀ ਹੀ ਪੈਦਾਇਸ਼ ਹਨ। 2021 ਵਿਚ ਇਨ੍ਹਾਂ ਦੀ ਹਕੂਮਤ ’ਤੇ ਵਾਪਸੀ ਨੂੰ ਪਾਕਿਸਤਾਨ ਅਪਣੀ ਵੱਡੀ ਰਣਨੀਤਕ ਪ੍ਰਾਪਤੀ ਪ੍ਰਚਾਰਦਾ ਆਇਆ ਸੀ। ਹੁਣ ਇਹੋ ਹਮਦਮ ਉਸ ਨੂੰ ਦੁਸ਼ਮਣ ਜਾਪਣ ਲੱਗੇ ਹਨ। ‘ਜ਼ਹਿਰ ਬੀਜੋਗੇ ਤਾਂ ਜ਼ਹਿਰੀ ਫ਼ਸਲ ਹੀ ਵੱਢੋਗੇ’ ਵਾਲਾ ਅਮਲ ਜਿਸ ਤਰ੍ਹਾਂ ਪਾਕਿਸਤਾਨ ਦੀ ਹੋਣੀ ਬਣ ਚੁੱਕਾ ਹੈ, ਉਹ ਬਾਕੀ ਦੇਸ਼ਾਂ ਲਈ ਵੀ ਇਕ ਚਿਤਾਵਨੀ ਭਰਿਆ ਸਬਕ ਹੈ।
