
ਚੰਡੀਗੜ੍ਹ,
(ਤਰੁਣ ਭਜਨੀ): ਪੰਜਾਬ ਯੂਨੀਵਰਸਟੀ ਵਿਦਿਆਰਥੀ ਕੌਂਸਲ ਚੋਣਾਂ ਦੇ ਦੌਰਾਨ ਪੁਲਿਸ ਦੀ
ਸਖ਼ਤੀ ਕਾਰਨ ਬਹੁਤਾ ਮਾਹੌਲ ਖ਼ਰਾਬ ਨਹੀਂ ਹੋਇਆ, ਪਰ ਵਿਦਿਆਰਥੀਆਂ ਨੇ ਪ੍ਰਚਾਰ ਕਰਨ ਵਾਲੇ
ਪ੍ਰਿੰਟਿਡ ਪਰਚਿਆਂ ਨੂੰ ਖੂਬ ਹਵਾ ਵਿਚ ਉਡਾ ਕੇ ਨਿਯਮਾਂ ਦੀ ਧੱਜੀਆਂ ਉਡਾਈਆਂ ਜਿਸ ਨਾਲ
ਸੜਕਾਂ ਪੂਰੀ ਤਰ੍ਹਾਂ ਨਾਲ ਰੰਗ-ਬਿਰੰਗੇ ਪਰਚਿਆਂ ਨਾਲ ਭਰ ਗਈਆਂ। ਯੂਨੀਵਰਸਟੀ ਤੋਂ ਇਲਾਵਾ
ਸ਼ਹਿਰ ਦੇ ਸਾਰੇ ਕਾਲਜਾਂ ਦੇ ਬਾਹਰ ਵਿਦਿਆਰਥੀਆਂ ਨੇ ਆਪੋ-ਅਪਣੀ ਪਾਰਟੀ ਦੇ ਸਟਿੱਕਰ
ਉਡਾਏ। ਇਸ ਨਾਲ ਵਿਦਿਆਰਥੀਆਂ ਨੇ ਪੈਸੇ ਅਤੇ ਕਾਗ਼ਜ਼ ਦੀ ਬਰਬਾਦੀ ਤਾਂ ਕੀਤੀ ਹੀ ਬਲਕਿ
ਲਿੰਗਦੋਹ ਕਮੇਟੀ ਵਲੋਂ ਜਾਰੀ ਹਦਾਇਤਾਂ ਨੂੰ ਛਿੱਕੇ ਟੰਗ ਦਿਤਾ। ਕਮੇਟੀ ਨੇ ਹਦਾਇਤ ਕਰਕੇ
ਵਿਦਿਆਰਥੀਆਂ ਨੂੰ ਪ੍ਰਿੰਟਿਡ ਪੋਸਟਰ ਅਤੇ ਪੰਫ਼ਲੇਟ ਦੀ ਵਰਤੋਂ ਨਾ ਕਰਨ ਲਈ ਕਿਹਾ ਸੀ। ਇਸ
ਦੇ ਬਾਵਜੂਦ ਵਿਦਿਆਰਥੀਆਂ ਨੇ ਇਨ੍ਹਾਂ ਨਿਯਮਾਂ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ।
ਡੀ.ਏ.ਵੀ. ਕਾਲਜ ਦੇ ਬਾਹਰ ਮੱਧਿਆ ਮਾਰਗ 'ਤੇ ਵਿਦਿਆਰਥੀਆਂ ਨੇ ਕਾਫ਼ੀ ਹੁੱਲੜਬਾਜ਼ੀ ਕੀਤੀ
ਅਤੇ ਪਰਚੇ ਹਵਾ ਵਿਚ ਉਡਾਏ। ਇਸ ਤੋਂ ਬਾਅਦ ਇਹ ਵਿਦਿਆਰਥੀ ਸੈਕਟਰ 16 ਦੇ ਸਰਕਾਰੀ ਹਸਪਤਾਲ
ਦੇ ਨੇੜੇ ਪਹੁੰਚ ਗਏ ਅਤੇ ਉਥੇ ਵੀ ਸੜਕਾਂ 'ਤੇ ਕਾਗ਼ਜ਼ ਸੁੱਟੇ। ਯੂਨੀਵਰਸਟੀ ਵਿਚ ਦੁਪਹਿਰ
ਬਾਅਦ ਸਫ਼ਾਈ ਕਰਮਚਾਰੀ ਇਨ੍ਹਾਂ ਪਰਚਿਆਂ ਨੂੰ ਸਾਫ਼ ਕਰਦੇ ਹੋਏ ਵਿਖਾਈ ਦਿਤੇ।