ਵਿਜੀਲੈਂਸ ਬਿਊਰੋ ਦੀ ਸਾਲ ਭਰ ਰਹੀ ਅਹਿਮ ਭੂਮਿਕਾ
Published : Dec 31, 2017, 12:42 am IST
Updated : Dec 30, 2017, 7:12 pm IST
SHARE ARTICLE

ਐਸ.ਏ.ਐਸ. ਨਗਰ, 30 ਦਸੰਬਰ (ਗੁਰਮੁਖ ਵਾਲੀਆ) : ਜ਼ਿਲ੍ਹਾ ਵਿਜੀਲੈਂਸ ਵਿਭਾਗ ਵਲੋਂ ਇਸ ਸਾਲ ਕਈ ਵਿਭਾਗਾਂ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਜੇ ਪੂਰੇ ਸਾਲ 'ਤੇ ਝਾਤ ਮਾਰੀ ਜਾਵੇ ਤਾਂ ਵਿਭਾਗ ਵਲੋਂ 16 ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਪਰ ਕਈ ਪੁਰਾਣੇ ਦਰਜ ਮਾਮਲਿਆਂ 'ਚ ਅਦਾਲਤ ਵਲੋਂ ਸਬੂਤਾਂ ਦੀ ਘਾਟ ਕਾਰਨ ਮੁਲਜ਼ਮਾਂ ਨੂੰ ਬਰੀ ਵੀ ਕੀਤਾ ਗਿਆ ਹੈ। ਇਸ ਸਾਲ ਵਿਭਾਗ ਵਲੋਂ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ ਭ੍ਰਿਸ਼ਟ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਇਹ ਤਾੜਨਾ ਕੀਤੀ ਗਈ ਸੀ ਕਿ ਰਿਸ਼ਵਤ ਵਰਗੇ ਕੋਹੜ ਨੂੰ ਖ਼ਤਮ ਕਰਨ ਲਈ ਉਨ੍ਹਾਂ ਦੀ ਬਾਜ਼ ਅੱਖ ਹਰ ਵੇਲੇ ਉਨ੍ਹਾਂ 'ਤੇ ਰਹੇਗੀ। ਲੋਕਾਂ ਨੂੰ ਜਾਗਰੂਕ ਕਰਨ ਲਈ ਟੋਲ ਫ਼ਰੀ ਨੰਬਰ ਵੀ ਦਿਤਾ ਗਿਆ ਸੀ ਤਾਂ ਜੋ ਕੋਈ ਵੀ ਵਿਅਕਤੀ ਕਿਸੇ ਵੀ ਰਿਸ਼ਵਤ ਮੰਗਣ ਵਾਲੇ ਵਿਰੁਧ ਅਪਣੀ ਸ਼ਿਕਾਇਤ ਦੱਸ ਸਕੇ। ਵਿਭਾਗ ਨੂੰ ਇਸ ਸਾਲ ਪਹਿਲੀ ਸਫ਼ਲਤਾ 8 ਫ਼ਰਵਰੀ ਨੂੰ ਮਿਲੀ ਸੀ। ਗਿੱਦੜਬਾਹਾ ਵਿਖੇ ਤੈਨਾਤ ਐਸ.ਡੀ.ਓ. ਪ੍ਰਲਾਦ ਕੁਮਾਰ, ਗੋਰਵ ਕੁਮਾਰ ਅਤੇ ਨਵਦੀਪ ਕੁਮਾਰ ਦੋਵੇਂ ਜੇ.ਈ. ਅਤੇ ਕਲਰਕ ਕਰਨ ਕੁਮਾਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਸਮੇਤ ਕਾਬੂ ਕੀਤਾ ਗਿਆ ਸੀ। ਇਸ ਗੱਲ ਦਾ ਪ੍ਰਗਟਾਵਾ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਕੀਤਾ ਸੀ।
ਸਿੰਚਾਈ ਵਿਭਾਗ 'ਚ ਕਰੋੜਾਂ ਦੇ ਘੁਟਾਲੇ 'ਚ ਠੇਕੇਦਾਰ ਤੇ ਸਾਬਕਾ ਚੀਫ਼ ਇੰਜੀਨੀਅਰ ਗ੍ਰਿਫ਼ਤਾਰ : ਵਿਜੀਲੈਂਸ ਬਿਊਰੋ ਵਲੋਂ ਸਿੰਚਾਈ ਵਿਭਾਗ ਦੇ ਜਿਨ੍ਹਾਂ ਇੰਜੀਨੀਅਰਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ, ਉਨ੍ਹਾਂ 'ਚ ਐਕਸੀਅਨ ਗੁਲਸ਼ਨ ਨਾਗਪਾਲ, ਚੀਫ਼ ਇੰਜਨੀਅਰ (ਸੇਵਾਮੁਕਤ) ਪਰਮਜੀਤ ਸਿੰਘ ਘੁੰਮਣ, ਐਕਸੀਅਨ ਬਜਰੰਗ ਲਾਲ ਸਿੰਗਲਾ, ਚੀਫ਼ ਇੰਜਨੀਅਰ (ਸੇਵਾਮੁਕਤ) ਹਰਵਿੰਦਰ ਸਿੰਘ, ਐਸ.ਡੀ.ਓ (ਸੇਵਾਮੁਕਤ) ਗੁਰਦੇਵ ਸਿੰਘ ਮਿਨ੍ਹਾ, ਸੁਪਰਵਾਈਜ਼ਰ ਵਿਮਲ ਕੁਮਾਰ ਸ਼ਰਮਾ, ਸਿੰਚਾਈ ਵਿਭਾਗ ਦੇ ਕੁੱਝ ਅਧਿਕਾਰੀ, ਇੰਜੀਨੀਅਰ ਤੇ ਕਰਮਚਾਰੀ ਸ਼ਾਮਲ ਹਨ। ਉਕਤ ਮੁਲਜ਼ਮਾਂ 'ਤੇ ਦੋਸ਼ ਹੈ ਕਿ ਉਨ੍ਹਾਂ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰ ਕੇ ਗੁਰਿੰਦਰ ਸਿੰਘ ਠੇਕੇਦਾਰ ਨਾਲ ਮਿਲੀਭੁਗਤ ਕਰ ਕੇ ਸਰਕਾਰ ਨੂੰ ਵੱਡਾ ਵਿੱਤੀ ਨੁਕਸਾਨ ਪਹੁੰਚਾਇਆ ਹੈ। ਵਿਜੀਲੈਂਸ ਮੁਤਾਬਕ ਗੁਰਿੰਦਰ ਸਿੰਘ ਨੂੰ ਲਾਭ ਪਹੁੰਚਾਉਣ ਲਈ ਸੀ.ਐਸ.ਆਰ. ਰੇਟਾਂ ਤੋਂ ਵੱਧ ਰੇਟਾਂ 'ਤੇ ਠੇਕੇ ਅਲਾਟ ਕੀਤੇ ਜਾਂਦੇ ਰਹੇ।ਗਮਾਡਾ ਦਾ ਪਹਿਲਵਾਨ ਰਿਹਾ ਵਿਜੀਲੈਂਸ ਦਾ ਪਹਿਲਾਂ ਵੱਡਾ ਸ਼ਿਕਾਰ : ਗਮਾਡਾ ਦੇ ਚੀਫ਼ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਉਰਫ਼ ਪਹਿਲਵਾਨ ਵਲੋਂ ਚਹੇਤੀਆਂ ਉਸਾਰੀ ਫ਼ਰਮਾਂ ਅਤੇ ਠੇਕੇਦਾਰਾਂ ਦੀ ਤਰਫ਼ਦਾਰੀ ਕਰ ਕੇ ਦਿਤੇ ਟੈਂਡਰਾਂ ਰਾਹੀਂ ਬੇਹਿਸਾਬੀ ਜ਼ਾਇਦਾਦ ਬਣਾਉਣ ਅਤੇ ਗ਼ੈਰ-ਕਾਨੂੰਨੀ ਧਨ ਨੂੰ ਅਪਣੇ ਪਰਵਾਰ ਦੀਆਂ ਜਾਅਲੀ ਫ਼ਰਮਾਂ ਵਿਚ ਜਮ੍ਹਾਂ ਕਰਵਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਬਹੁ-ਚਰਚਿਤ ਚੀਫ਼ ਇੰਜੀਨੀਅਰ ਪਹਿਲਵਾਨ ਸਮੇਤ ਗੁਰਮੇਜ ਸਿੰਘ ਗਿੱਲ ਅਤੇ ਮੋਹਿਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਕੋਲੋਂ 8 ਲੱਖ ਰੁਪਏ ਨਗਦ, ਚੈੱਕ, ਐਫ਼.ਡੀ. ਅਤੇ ਕੰਪਿਊਟਰ ਆਦਿ ਜ਼ਬਤ ਕੀਤੇ ਗਏ ਸਨ। ਇਸ ਕੇਸ 'ਚ ਪਹਿਲਵਾਨ ਦੀ ਮਾਂ ਅਤੇ ਪਤਨੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਨੂੰ ਪਹਿਲਵਾਨ ਅਤੇ ਉਸ ਦੇ ਚਹੇਤਿਆਂ ਦੀਆਂ ਵੱਖ-ਵੱਖ ਥਾਵਾਂ 'ਤੇ ਬਣਾਈਆਂ 92 ਪ੍ਰਾਪਰਟੀਆਂ ਅਤੇ 57 ਕਰੋੜ ਰੁਪਏ ਦੇ ਲੈਣ-ਦੇਣ ਸਬੰਧੀ ਵੀ ਜਾਣਕਾਰੀ ਮਿਲੀ ਸੀ। ਵਿਜੀਲੈਂਸ ਵਲੋਂ ਪਹਿਲਵਾਨ ਵਿਰੁਧ ਦਸਵੀਂ ਦੇ ਸਰਟੀਫ਼ੀਕੇਟ 'ਚ ਹੇਰਾਫੇਰੀ ਕਰਨ ਦਾ ਵੀ ਦੋਸ਼ ਹੈ।ਇਹ ਰਿਸ਼ਵਤਖੋਰ ਅਫ਼ਸਰ ਤੇ ਕਰਮਚਾਰੀ ਵੀ ਆਏ ਅੜਿੱਕੇ : ਪੇਪਰ ਲੀਕ ਮਾਮਲੇ 'ਚ ਵਿਜੀਲੈਂਸ ਨੇ ਪੁੱਡਾ, ਸਿੰਚਾਈ ਵਿਭਾਗ, ਕਾਰਪੋਰੇਸ਼ਨ ਅਤੇ ਪਨਸਪ 'ਚ ਹੋਈ ਭਰਤੀ ਲਈ ਪੇਪਰ ਲੀਕ ਕਰਾ ਕੇ ਲੱਖਾਂ ਰੁਪਏ ਲੈਣ ਵਾਲੇ ਦਲਾਲਾਂ ਅਤੇ ਲੱਖਾਂ ਰੁਪਏ ਦੇਣ ਵਾਲੇ ਪ੍ਰੀਖਿਆਰਥੀਆਂ ਵਿਰੁਧ ਮਾਮਲਾ ਦਰਜ ਕਰ ਕੇ ਮੁੱਖ ਮੁਲਜ਼ਮ ਗੁਰੂ ਜੀ ਸਮੇਤ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਅਨੁਸਾਰ ਮੁਕੱਦਮਾ ਨੰਬਰ-4 'ਚ 29 ਮੁਲਜ਼ਮ, ਮੁਕੱਦਮਾ ਨੰਬਰ-5 'ਚ 35, ਮੁਕੱਦਮਾ ਨੰਬਰ-6 'ਚ 9 ਅਤੇ ਮੁਕੱਦਮਾ ਨੰਬਰ-15 'ਚ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਿਆ ਹੈ ਜਿਨ੍ਹਾਂ 'ਚ ਅਮਨਦੀਪ ਸਿੰਘ ਜਿਸ ਕੋਲੋਂ 40 ਲੱਖ 20 ਹਜ਼ਾਰ ਰੁਪਏ ਅਤੇ ਮੁਲਜ਼ਮ ਸੁਖਪ੍ਰੀਤ ਸਿੰਘ ਕੋਲੋਂ 16 ਲੱਖ 18 ਹਜ਼ਾਰ ਰੁਪਏ ਵੀ ਬਰਾਮਦ ਵੀ ਕੀਤੇ ਜਾ ਚੁਕੇ ਹਨ। ਦੂਜੇ ਮਾਮਲੇ 'ਚ ਵਿਜੀਲੈਂਸ ਨੇ ਗਮਾਡਾ 'ਚ ਤਾਇਨਾਤ ਸੁਪਰਡੈਂਟ ਨਰਿੰਦਰਪਾਲ ਸਿੰਘ ਅਤੇ ਸੇਵਾਦਾਰ ਕਰਮ ਸਿੰਘ ਨੂੰ 35 ਹਜ਼ਾਰ ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। 


ਤੀਜੇ ਮਾਮਲੇ 'ਚ ਖਰੜ ਸਦਰ ਥਾਣੇ 'ਚ ਤੈਨਾਤ ਏ.ਐਸ.ਆਈ ਕ੍ਰਿਸ਼ਨ ਚੰਦ ਨੂੰ 10 ਹਜ਼ਾਰ ਰੁਪਏ ਰਿਸ਼ਵਤ ਸਮੇਤ ਕਾਬੂ ਕੀਤਾ ਸੀ। ਚੌਥੇ ਮਾਮਲੇ 'ਚ ਥਾਣਾ ਨਾਭਾ ਵਿਚ ਤਾਇਨਾਤ ਸਹਾਇਕ ਥਾਣੇਦਾਰ ਸ਼ਿਵਦੇਵ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਉਕਤ ਸਹਾਇਕ ਥਾਣੇਦਾਰ ਤੇ ਦੋਸ਼ ਹੈ ਕਿ ਉਸ ਨੇ ਸੰਦੀਪ ਕੁਮਾਰ ਨਾਂ ਦੇ ਨੌਜਵਾਨ ਕੋਲੋਂ ਕਾਰ ਰਲੀਵ ਕਰਨ ਬਦਲੇ ਰੀਪੋਰਟ ਠੀਕ ਕਰਨ ਸਬੰਧੀ ਰਿਸ਼ਵਤ ਮੰਗੀ ਸੀ। ਪੰਜਵੇ ਮਾਮਲੇ 'ਚ ਵਿਜੀਲੈਂਸ ਨੇ ਗਮਾਡਾ 'ਚ ਤਾਇਨਾਤ ਸੀਨੀਅਰ ਅਸਿਸਟੈਂਟ ਕ੍ਰਿਸ਼ਨਪਾਲ ਕਟਾਰੀਆ ਨੂੰ ਪਿੰਡ ਬਾਕਰਪੁਰ ਦੇ ਕਰਮ ਸਿੰਘ ਕੋਲੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਛੇਵੇਂ ਮਾਮਲੇ 'ਚ ਥਾਣਾ ਸੋਹਾਣਾ 'ਚ ਤਾਇਨਾਤ ਸਹਾਇਕ ਥਾਣੇਦਾਰ ਬੂਟਾ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਸਤਵੇਂ ਮਾਮਲੇ 'ਚ ਵਿਜੀਲੈਂਸ ਵਲੋਂ ਖਰੜ ਵਿਚਲੀ ਕੈਮੀਕਲ ਲੈਬਾਰਟਰੀ 'ਚ ਤਾਇਨਾਤ ਚੀਫ਼ ਕੈਮੀਕਲ ਐਗਸਾਮੀਨਰ ਡਾ. ਵਾਰਿੰਦਰਾ ਸਿੰਘ, ਸਹਾਇਕ ਕੈਮੀਕਲ ਐਗਸਾਮੀਨਰ ਡਾ. ਹਰਜਿੰਦਰ ਸਿੰਘ ਅਤੇ ਐਨਾਲਿਸਟ ਸਵੀਨਾ ਸ਼ਰਮਾ ਵਲੋਂ ਲੈਬ ਦੇ ਕੰਮਾਂ ਵਿਚ ਊਣਤਾਈਆਂ ਪਾਉਣ ਅਤੇ ਕੇਸਾਂ ਨਾਲ ਸਬੰਧਤ ਲੈਬ ਰੀਪੋਰਟਾਂ ਨੂੰ ਅਦਾਲਤ ਵਿਚ ਸਮੇਂ ਸਿਰ ਨਾ ਪੇਸ਼ ਕਰ ਕੇ ਕੇਸਾਂ ਦੀ ਸੁਣਵਾਈ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਡਾ. ਹਰਜਿੰਦਰ ਸਿੰਘ ਅਤੇ ਸਵੀਨਾ ਸ਼ਰਮਾ ਵਿਰੁਧ ਮਾਮਲਾ ਦਰਜ ਕੀਤਾ ਸੀ। ਅੱਠਵੇਂ ਮਾਮਲੇ 'ਚ ਵਿਜੀਲੈਂਸ ਵਲੋਂ ਥਾਣਾ ਡੇਰਾਬੱਸੀ ਅਧੀਨ ਪੈਂਦੀ ਮੁਬਾਰਕਪੁਰ ਚੌਕੀ ਦੇ ਇੰਚਾਰਜ ਸਾਹਿਬ ਸਿੰਘ ਅਤੇ ਇਕ ਔਰਤ ਸਰੋਜ ਰਾਣੀ ਨੂੰ 10 ਹਜ਼ਾਰ ਰਿਸ਼ਵਤ ਸਮੇਤ ਗ੍ਰਿਫ਼ਤਾਰ ਕੀਤਾ ਸੀ। ਨੌਵੇਂ ਮਾਮਲੇ 'ਚ ਧਰਮਕੋਟ ਦੇ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਨੂੰ ਇਕ ਲੱਖ ਰੁਪਏ ਰਿਸ਼ਵਤ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਜਦਕਿ ਉਸ ਦਾ ਡਰਾਈਵਰ ਜਗਜੀਤ ਸਿੰਘ ਜੱਗਾ ਰਿਸ਼ਵਤ ਦੇ ਪੈਸਿਆਂ ਸਮੇਤ ਅਜੇ ਵੀ ਫ਼ਰਾਰ ਸੀ, ਨੂੰ ਗ੍ਰਿਫ਼ਤਾਰ ਕਰ ਲਿਆ। ਕੁਲ ਮਿਲਾ ਕੇ 13 ਕੇਸ ਹਨ।  ਵਿਜੀਲੈਂਸ ਦੀ ਅਦਾਲਤੀ ਫ਼ੈਸਲਿਆਂ 'ਚ ਕਾਮਯਾਬੀਅਨੁਸੂਚਿਤ ਜਾਤੀ ਦਾ ਸਰਟੀਫ਼ੀਕੇਟ ਬਣਾਉਣ ਬਦਲੇ 50 ਹਜ਼ਾਰ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਨਾਮਜ਼ਦ ਪੀ.ਸੀ.ਐਸ. ਅਧਿਕਾਰੀ ਤੇਜ ਕੁਮਾਰ ਗੋਇਲ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ ਦਿੰਦਿਆ 3 ਸਾਲ ਕੈਦ ਅਤੇ 12 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਦੂਜੇ ਮਾਮਲੇ 'ਚ ਪਿੰਡ ਲਠੇੜੀ ਜ਼ਿਲ੍ਹਾ ਰੂਪਨਗਰ ਦੇ ਹਲਕਾ ਪਟਵਾਰੀ ਸੁਲੱਖਣ ਸਿੰਘ ਵਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਅਦਾਲਤ ਨੇ ਉਸ ਨੂੰ 4 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਤੀਜੇ ਮਾਮਲੇ 'ਚ ਅਦਾਲਤ ਨੇ ਸਰਕਾਰੀ ਪੈਸੇ ਹੜੱਪਣ ਦੇ ਇਕ ਮਾਮਲੇ 'ਚ ਨਾਮਜ਼ਦ ਖ਼ਜ਼ਾਨਾ ਵਿਭਾਗ ਦੇ ਕਰਮਚਾਰੀ ਸਮੇਤ 4 ਦੋਸ਼ੀਆਂ ਨੂੰ 7-7 ਸਾਲ ਕੈਦ ਦੀ ਸਜਾ ਸੁਣਾਈ ਹੈ। ਦੋਸ਼ੀ ਹਰਿੰਦਰ ਸਿੰਘ ਨੂੰ 7 ਸਾਲ ਦੀ ਕੈਦ 6 ਲੱਖ 40 ਹਜ਼ਾਰ ਜੁਰਮਾਨਾ, ਦੇਵਰਾਜ ਨੂੰ 7 ਸਾਲ ਦੀ ਕੈਦ 5 ਲੱਖ 40 ਹਜ਼ਾਰ ਜੁਰਮਾਨਾ, ਬੰਤ ਸਿੰਘ ਨੂੰ 7 ਸਾਲ ਦੀ ਕੈਦ 5 ਲੱਖ 40 ਹਜ਼ਾਰ ਜੁਰਮਾਨਾ ਅਤੇ ਕੁਲਦੀਪ ਸਿੰਘ ਨੂੰ 7 ਸਾਲ ਦੀ ਕੈਦ 5 ਲੱਖ 40 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਸੀ ਜਦੋਕਿ ਸੁਦੇਸ਼ ਕੁਮਾਰ ਸਾਬਕਾ ਸੀਨੀਅਰ ਸਹਾਇਕ ਸਿੰਚਾਈ ਵਿਭਾਗ ਨੂੰ ਭਗੌੜਾ ਕਰਾਰ ਦੇ ਦਿਤਾ ਗਿਆ ਅਤੇ ਸਬੂਤਾਂ ਦੀ ਘਾਟ ਕਾਰਨ ਜਸਵਿੰਦਰ ਸਿੰਘ ਅਤੇ ਸਾਬਕਾ ਸੀਨੀਅਰ ਸਹਾਇਕ ਸਿੰਚਾਈ ਵਿਭਾਗ ਨੂੰ ਬਰੀ ਕਰ ਦਿਤਾ ਹੈ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement