
ਚੰਡੀਗੜ੍ਹ, 30 ਅਕਤੂਬਰ (ਬਠਲਾਣਾ) : ਪੰਜਾਬ ਯੂਨੀਵਰਸਿਟੀ ਵਲੋਂ ਕੈਂਪਸ 'ਚ ਲੱਗੇ ਦਿਸ਼ਾ-ਨਿਰਦੇਸ਼ਾਂ/ਮਾਰਗ ਦਰਸ਼ਕ ਬੋਰਡਾਂ 'ਤੇ ਪੰਜਾਬੀ ਨੂੰ ਪਹਿਲਾ ਸਥਾਨ ਦੇਣ ਦੇ ਫ਼ੈਸਲੇ ਮਗਰੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੇ ਅੱਜ ਬੋਰਡਾਂ 'ਤੇ ਪੇਂਟ ਕਰ ਕੇ ਪੰਜਾਬੀ ਲਿਖਣ ਦਾ ਪ੍ਰੋਗਰਾਮ ਵਾਪਸ ਲੈ ਲਿਆ।ਸੰਘਰਸ਼ ਦੇ ਮੋਹਰੀ ਪੰਜਾਬੀ ਵਿਭਾਗ ਦੇ ਵਿਦਿਆਰਥੀ ਮਹਿਤਾਬ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਅੱਜ ਡੀਨ ਯੂਨੀਵਰਸਟੀ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਪੰਜਾਬੀ ਸਬੰਧੀ ਮੰਗਾਂ'ਤੇ ਵਿਚਾਰ ਹੋਈ ਅਤੇ ਬੋਰਡਾਂ 'ਤੇ ਪੰਜਾਬੀ ਨੂੰ ਪਹਿਲਾ ਸਥਾਨ ਦੇਣ ਬਾਰੇ ਸਹਿਮਤੀ ਬਣੀ।
ਮੀਟਿੰਗ ਵਿਚ ਡੀਨ ਵਿਦਿਆਰਥੀ ਭਲਾਈ ਅਤੇ ਹੋਸਟਲਾਂ ਦੇ ਵਾਰਡਨ ਵੀ ਸ਼ਾਮਲ ਹੋਏ। ਮਹਿਤਾਬ ਨੇ ਦਸਿਆ ਕਿ ਉਹ ਕਲ 31 ਅਕਤੂਬਰ ਨੂੰ ਵਿਦਿਆਰਥੀ ਕੇਂਦਰ 'ਤੇ ਇਕ ਪ੍ਰੋਗਰਾਮ ਕਰ ਰਹੇ ਹਨ, ਜਿਸ ਵਿਚੋਂ ਕਵਿਸ਼ਰੀ ਤੋਂ ਇਲਾਵਾ ਅਲਗੋਜੇ, ਤੂੰਬੀ ਵਰਗੇ ਲੋਕ ਸਾਜ਼ਾਂ ਦੀ ਪੇਸ਼ਕਾਰੀ ਤੋਂ ਇਲਾਵਾ ਪੰਜਾਬੀ ਲੇਖਕਾਂ, ਕਲਾਕਾਰਾਂ ਤੋਂ ਇਲਾਵਾ ਪੰਜਾਬੀ ਵਿਭਾਗ ਦੇ ਅਧਿਆਪਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ ਹੈ। ਇਸ ਦਾ ਮੰਤਵ ਪਹਿਲੀ ਨਵੰਬਰ ਨੂੰ ਪੰਜਾਬੀ ਲਾਗੂ ਕਰਨ ਵਾਲੇ ਧਰਨੇ ਲਈ ਵਿਦਿਆਰਥੀਆਂ ਨੂੰ ਪ੍ਰੇਰਤ ਕਰਨਾ ਹੈ। ਦੂਜਾ ਮੰਗਾਂ ਸਬੰਧੀ ਜਾਗਰਤ ਕਰਨਾ ਮੰਤਵ ਵੀ ਹੈ। ਮਹਿਤਾਬ ਨੇ ਦਸਿਆ ਕਿ ਉਨ੍ਹਾਂ ਦੀਆਂ ਬਾਕੀ ਮੰਗਾਂ ਜਿਵੇਂ ਪੰਜਾਬੀ ਵਿਭਾਗ 'ਚ ਅਨੁਵਾਦਕਾਂ ਦੀ ਲੋੜ, ਦਾਖ਼ਲਾ ਪ੍ਰੀਖਿਆ ਪੰਜਾਬੀ 'ਚ ਦੇਣ ਦੀ ਆਗਿਆ ਬਾਰੇ ਵਿਚਾਰ ਕਰਨਾ ਵੀ ਇਸ ਪ੍ਰੋਗਰਾਮ ਦਾ ਹਿੱਸਾ ਹਵੇਗਾ।