
ਚੰਡੀਗੜ੍ਹ, 8 ਅਗੱਸਤ (ਅੰਕੁਰ): ਆਈ.ਏ.ਐਸ .ਅਧਿਕਾਰੀ ਦੀ ਧੀ ਨਾਲ ਛੇੜਖਾਨੀ ਮਾਮਲੇ ਵਿਚ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਪਹਿਲੀ ਵਾਰ ਮੀਡੀਆ ਸਾਹਮਣੇ ਆਏ।
ਚੰਡੀਗੜ੍ਹ, 8 ਅਗੱਸਤ (ਅੰਕੁਰ): ਆਈ.ਏ.ਐਸ .ਅਧਿਕਾਰੀ ਦੀ ਧੀ ਨਾਲ ਛੇੜਖਾਨੀ ਮਾਮਲੇ ਵਿਚ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਪਹਿਲੀ ਵਾਰ ਮੀਡੀਆ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਵਰਨਿਕਾ ਕੁੰਡੂ ਨੂੰ ਇਨਸਾਫ਼ ਦਿਵਾਉਣ ਲਈ ਵਿਕਾਸ ਅਤੇ ਆਸ਼ੀਸ਼ 'ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ, ਉਹ ਹੋਣੀ ਚਾਹੀਦੀ ਹੈ। ਭਾਜਪਾ ਪਾਰਟੀ ਬੇਟੀਆਂ ਦੀ ਆਜ਼ਾਦੀ ਦੀ ਸਮਰਥਕ ਹੈ। ਬਰਾਲਾ ਨੇ ਕਿਹਾ ਕਿ ਵਰਨਿਕਾ ਮੇਰੀ ਧੀ ਦੀ ਤਰ੍ਹਾਂ ਹੈ। ਉਸ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਮੇਰਾ ਤੇ ਬੀਜੇਪੀ ਦਾ ਕਿਸੇ 'ਤੇ ਵੀ ਕੋਈ ਦਬਾਅ ਨਹੀਂ ਹੈ ਅਤੇ ਨਾ ਹੋਵੇਗਾ।
ਦੂਜੇ ਪਾਸੇ ਇਸ ਮਾਮਲੇ ਦੀ ਪਹਿਲੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆ ਚੁਕੀ ਹੈ। ਇਸ ਫੁਟੇਜ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੀੜਤ ਲੜਕੀ ਵਰਨਿਕਾ ਅਪਣੀ ਕਾਲੇ ਰੰਗ ਦੀ ਕਾਰ 'ਚ ਸੜਕ 'ਤੇ ਤੇਜ਼ ਰਫਤਾਰ ਨਾਲ ਅੱਗੇ ਵਧ ਰਹੀ ਹੈ ਅਤੇ ਉਸ ਦਾ ਪਿੱਛਾ ਕਰਦੇ ਹੋਏ ਹਰਿਆਣਾ ਭਾਜਪਾ ਪ੍ਰਧਾਨ ਦਾ ਬੇਟਾ ਸੁਭਾਸ਼ ਬਰਾਲਾ ਦੀ ਸਫ਼ੈਦ ਰੰਗ ਦੀ ਕਾਰ ਵੀ ਦੇਖੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਇਸ ਘਟਨਾ ਦੇ ਸਾਰੇ ਸੀ.ਸੀ.ਟੀ.ਵੀ. ਫੁਟੇਜ ਗਾਇਬ ਹੋ ਗਏ ਸਨ, ਜਿਸ ਕਾਰਨ ਪੁਲਸ ਦੀ ਕਾਰਵਾਈ ਵੀ ਸਵਾਲਾਂ ਦੇ ਘੇਰੇ 'ਚ ਆ ਗਈ ਸੀ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਪੁਲਸ ਦੋਸ਼ੀਆਂ ਨੂੰ ਬਚਾਉਣ 'ਚ ਲੱਗੀ ਹੋਈ ਹੈ।
ਡੀਜੀਪੀ ਤੇਜਿੰਦਰ ਸਿੰਘ ਲੂਥਰਾ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੀ.ਸੀ.ਟੀ.ਵੀ ਫੁਟੇਜ ਮਿਲੇ ਹਨ ਜਿਸ ਵਿਚ ਮੁਲਜ਼ਮ ਪੀੜਤਾ ਦਾ ਪਿੱਛਾ ਕਰਦੇ ਦਿੱਖ ਰਹੇ ਹਨ। ਉਨ੍ਹਾਂ ਕਿਹਾ ਸਾਨੂੰ ਜੋ ਸੀ.ਸੀ.ਟੀ.ਵੀ. ਫੁਟੇਜ ਮਿਲਿਆ ਹੈ ਉਸ ਵਿਚ ਮੁਲਜ਼ਮ ਟਾਟਾ ਸਫਾਰੀ ਰਾਹੀਂ ਪੀੜਤਾ ਦਾ ਪਿੱਛਾ ਕਰ ਰਹੇ ਹਨ। ਮੈਂ ਫੁਟੇਜ ਦੇ ਸੋਰਸ ਦਾ ਖੁਲਾਸਾ ਨਹੀਂ ਕਰ ਸਕਦਾ। ਇਹ ਜਾਂ ਤਾਂ ਪੁਲਿਸ ਦੁਆਰਾ ਜਾਂ ਪ੍ਰਾਇਵੇਟਲੀ ਇਨਸਟਾਲ ਕੀਤੇ ਗਏ ਸੀ.ਸੀ.ਟੀ.ਵੀ ਕੈਮਰੇ ਹੋ ਸਕਦੇ ਹਨ।
ਇਸ ਤੋਂ ਪਹਿਲਾਂ ਸੀ. ਸੀ. ਟੀ. ਵੀ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਦਾ ਦਾਅਵਾ ਸੀ ਕਿ ਜਿਸ ਰਸਤੇ ਵਿਚ ਕੁੜੀ ਦੀ ਕਾਰ ਦਾ ਪਿੱਛਾ ਕੀਤਾ ਗਿਆ, ਉਸ ਦੇ 5 ਲੋਕੇਸ਼ਨ ਦੇ ਸੀ. ਸੀ. ਟੀ.ਵੀ. ਫੁਟੇਜ ਖ਼ਰਾਬ ਹਨ। ਰਸਤੇ ਵਿਚ ਕੁਲ 9 ਸੀ. ਸੀ. ਟੀ. ਵੀ ਕੈਮਰੇ ਸਨ ਜਿਨ੍ਹਾਂ ਵਿਚੋਂ ਸਿਰਫ਼ 4 ਹੀ ਕੰਮ ਕਰਦੇ ਹੋਏ ਮਿਲੇ। ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਲੱਗੇ 94 ਵਿਚੋਂ 23 ਸੀਸੀਟੀਵੀ ਕੈਮਰੇ ਬੰਦ ਪਏ ਹਨ। ਇਨ੍ਹਾਂ ਵਿਚ ਵਿਚਕਾਰ ਰਸਤਾ 'ਤੇ ਲੱਗੇ ਸੀਸੀਟੀਵੀ ਕੈਮਰੇ ਕੰਮ ਹੀ ਨਹੀਂ ਕਰਦੇ ਸਨ। ਜਿਸਦਾ ਜਿੰਮਾ ਇੰਜੀਨਿਅਰਿੰਗ ਵਿਪਾਗ ਕੋਲ ਹੈ।
ਬਿਜਲੀ ਵਿਭਾਗ ਦੇ ਐਸ.ਈ. ਰਣਜੀਤ ਸਿੰਘ ਦਾ ਕਹਿਣਾ ਹੈ ਕਿ ਵਿਚਕਾਰ ਰਸਤੇ 'ਤੇ ਪੀਜੀਆਈ ਕੋਲ ਪ੍ਰੈੱਸ ਲਾਈਟ ਪੁਆਇੰਟ ਤੋਂ ਅੱਗੇ ਅਤੇ ਰੇਲਵੇ ਕਰਾਸਿੰਗ 'ਤੇ ਤਾਰ ਕੱਟਣ ਨਾਲ ਸਾਰੇ ਕੈਮਰੇ ਬੰਦ ਹਨ। ਇਨ੍ਹਾਂ ਨੂੰ ਠੀਕ ਵਾਲੀ ਕੰਪਨੀ ਨੂੰ 25 ਜੁਲਾਈ ਨੂੰ ਨੋਟਿਸ ਦਿਤਾ ਸੀ ਅਤੇ ਕੰਪਨੀ ਨੇ ਕੈਮਰੇ ਚਾਲੂ ਨਹੀਂ ਕਰਾਏ। 3 ਅਗੱਸਤ ਨੂੰ ਦੁਬਾਰਾ ਲੀਗਲ ਨੋਟਿਸ ਭੇਜਿਆ ਗਿਆ ਸੀ।
ਚੰਡੀਗੜ੍ਹ ਛੇੜਾਛਾੜ ਮਾਮਲੇ ਵਿਚ ਸੰਪੂਰਨ ਭਾਰਤੀ ਮਹਿਲਾ ਕਾਂਗਰਸ ਪ੍ਰਧਾਨ ਸ਼ੋਭਾ ਓਝਾ ਪੰਚਕੂਲਾ ਸੈਕਟਰ- 6 ਵਿਚ ਵਰਨਿਕਾ ਦੇ ਘਰ ਉਸ ਨੂੰ ਮਿਲਣ ਪਹੁੰਚੀ । ਜਿਥੇ ਓਝਾ ਨੇ ਵਰਨਿਕਾ ਨੂੰ ਬਹਾਦਰੀ ਲਈ ਸਨਮਾਨਤ ਕੀਤਾ।
ਦੂਜੇ ਪਾਸੇ ਇਸ ਮਾਮਲੇ ਵਿਚ ਸੁਭਾਸ਼ ਬਰਾਲਾ ਦੇ ਬੇਟੇ ਅਤੇ ਉਨ੍ਹਾਂ ਦੇ ਦੋਸਤ ਨੇ ਕਿਹਾ ਕਿ ਕੁੜੀ ਨਾਲ ਛੇੜਛਾੜ ਕਰਨ ਵਾਲਿਆਂ ਦੀ ਜਗ੍ਹਾ ਜੇਲ ਹੈ। ਪੀੜਤਾ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਇਸ ਮੌਕੇ ਵਰਨਿਕਾ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਜੋ ਉਸ ਦੇ ਚਰਿੱਤਰ 'ਤੇ ਸਵਾਲ ਚੁੱਕ ਰਹੇ ਹਨ। ਉਸ ਨੇ ਕਿਹਾ ਕਿ ਮੈਂ ਸੱਚ ਦਸਦੀ ਹਾਂ ਪਰ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਝੂਠੀਆਂ ਤਸਵੀਰਾਂ ਵਾਇਰਲ ਕਰ ਰਹੇ ਹਨ, ਉਨ੍ਹਾਂ ਵਿਰੁਧ ਉਹ ਸ਼ਿਕਾਇਤ ਕਰੇਗੀ। ਉਸ ਨੇ ਇਹ ਵੀ ਕਿਹਾ ਕਿ ਉਹ ਹਰਿਆਣਾ ਭਾਜਪਾ ਪ੍ਰਧਾਨ ਦੇ ਬੇਟੇ ਵਿਕਾਸ ਬਰਾਲਾ ਨੂੰ ਨਹੀਂ ਜਾਣਦੀ ਸੀ। ਵਾਰਦਾਤ ਦੌਰਾਨ ਹੀ ਪਹਿਲੀ ਵਾਰ ਉਸ ਨੇ ਵਿਕਾਸ ਨੂੰ ਦੇਖਿਆ ਸੀ।