
16 ਦਿਨਾਂ ਤੱਕ ਮੁੰਬਈ ਕ੍ਰਾਈਮ ਬ੍ਰਾਂਚ ਦੀ ਹਿਰਾਸਤ 'ਚ ਸੀ, ਚਾਦਰ ਨਾਲ ਫਾਹਾ ਲੈ ਲਿਆ
Salman Khan house firing Case: ਮੁੰਬਈ - ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਕਰਨ ਵਾਲਿਆਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ੀ ਅਨੁਜ ਥਾਪਨ ਨੇ ਮੁੰਬਈ ਪੁਲਿਸ ਦੀ ਹਿਰਾਸਤ 'ਚ ਖੁਦਕੁਸ਼ੀ ਕਰ ਲਈ। ਉਸ ਨੇ ਚਾਦਰ ਨਾਲ ਫਾਹਾ ਲੈ ਲਿਆ। ਅਨੁਜ ਨੂੰ ਬੇਹੱਦ ਗੰਭੀਰ ਹਾਲਤ 'ਚ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੁੰਬਈ ਕ੍ਰਾਈਮ ਬ੍ਰਾਂਚ ਨੇ ਗੋਲੀਬਾਰੀ ਮਾਮਲੇ 'ਚ 15 ਅਪ੍ਰੈਲ ਨੂੰ ਪੰਜਾਬ ਤੋਂ ਅਨੁਜ (32) ਅਤੇ ਸੁਭਾਸ਼ ਚੰਦਰ (37) ਨੂੰ ਹਿਰਾਸਤ 'ਚ ਲਿਆ ਸੀ। ਦੋਵਾਂ ਨੇ ਇਸ ਵਾਰਦਾਤ ਲਈ ਹਥਿਆਰ ਮੁਹੱਈਆ ਕਰਵਾਏ ਸਨ। ਦੋਵੇਂ ਮੁਲਜ਼ਮ ਪੰਜਾਬ ਦੇ ਅਬੋਹਰ ਦੇ ਰਹਿਣ ਵਾਲੇ ਹਨ। ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਾ ਅਨੁਜ ਪਿੰਡ ਵਿਚ ਹੀ ਇੱਕ ਟਰੱਕ ਵਿਚ ਸਹਾਇਕ ਵਜੋਂ ਕੰਮ ਕਰਦਾ ਸੀ।
ਦੂਜਾ ਦੋਸ਼ੀ ਸੁਭਾਸ਼ ਕਿਸਾਨ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿਚ ਕਈ ਕੇਸ ਦਰਜ ਹਨ। ਦੋਵੇਂ ਕਈ ਸਾਲਾਂ ਤੋਂ ਲਾਰੇਂਸ ਬਿਸ਼ਨੋਈ ਨਾਲ ਇਕੱਠੇ ਕੰਮ ਕਰ ਰਹੇ ਸਨ। ਅਨੁਜ ਅਤੇ ਸੁਭਾਸ਼ ਨੇ 15 ਮਾਰਚ ਨੂੰ ਪਨਵੇਲ 'ਚ ਸਾਗਰ ਪਾਲ ਅਤੇ ਵਿੱਕੀ ਗੁਪਤਾ ਨਾਮ ਦੇ ਲੜਕਿਆਂ ਨੂੰ ਦੋ ਪਿਸਤੌਲ ਦਿੱਤੇ ਸਨ। ਇਨ੍ਹਾਂ ਪਿਸਤੌਲਾਂ ਦੀ ਮਦਦ ਨਾਲ ਵਿੱਕੀ ਅਤੇ ਸਾਗਰ ਨੇ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ 'ਤੇ ਗੋਲੀਬਾਰੀ ਕੀਤੀ ਸੀ।
ਵਿੱਕੀ ਅਤੇ ਸਾਗਰ ਨੂੰ ਗੁਜਰਾਤ ਦੇ ਭੁਜ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਅਨੁਜ ਅਤੇ ਸੁਭਾਸ਼ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਦੋਸ਼ੀਆਂ ਖਿਲਾਫ਼ ਮਕੋਕਾ ਦੀ ਧਾਰਾ ਲਗਾਈ ਗਈ ਹੈ। ਇਸ ਤੋਂ ਇਲਾਵਾ ਮੁੱਖ ਸਾਜ਼ਿਸ਼ਕਰਤਾ ਅਨਮੋਲ ਬਿਸ਼ੋਈ ਅਤੇ ਲਾਰੇਂਸ ਬਿਸ਼ਨੋਈ 'ਤੇ ਵੀ ਮਕੋਕਾ ਲਗਾਇਆ ਗਿਆ ਹੈ। ਕੁੱਲ 6 ਦੋਸ਼ੀਆਂ 'ਤੇ ਮਕੋਕਾ ਲਗਾਇਆ ਗਿਆ ਹੈ। ਮਕੋਕਾ ਲਾਗੂ ਹੋਣ ਨਾਲ ਦੋਸ਼ੀ ਹੁਣ ਜਲਦੀ ਜ਼ਮਾਨਤ ਨਹੀਂ ਲੈ ਸਕਣਗੇ। ਮਕੋਕਾ ਤਹਿਤ ਘੱਟੋ-ਘੱਟ ਸਜ਼ਾ 5 ਸਾਲ ਦੀ ਕੈਦ ਹੈ।