
ਕਿਹਾ- ਆਰੀਅਨ ਖਾਨ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਹਿੱਸਾ ਸੀ, ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ
ਨਵੀਂ ਦਿੱਲੀ : ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦੀ ਜਾਂਚ 'ਚ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੋੜਨ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ। ਜਾਂਚ ਏਜੰਸੀ ਦਾ ਕਹਿਣਾ ਹੈ ਕਿ ਆਰੀਅਨ ਖਾਨ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਹਿੱਸਾ ਸੀ, ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
Aryan Khan
ਹਾਲਾਂਕਿ ਇਸ ਸਬੰਧੀ ਜਦੋਂ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਮਾਮਲੇ 'ਤੇ ਬੋਲਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਸਿਰਫ ਇਹ ਕਿਹਾ ਕਿ ਗੋਆ ਜਾਣ ਵਾਲੇ ਕੋਰਡੇਲੀਆ ਕਰੂਜ਼ 'ਤੇ ਮਾਰੇ ਗਏ ਛਾਪਿਆਂ ਵਿਚ ਕੁਝ ਬੇਨਿਯਮੀਆਂ ਹੋਈਆਂ ਸਨ। SIT ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।
Aryan Khan
ਜ਼ਿਕਰਯੋਗ ਹੈ ਕਿ ਮੁੰਬਈ ਜ਼ੋਨ ਦੇ ਤਤਕਾਲੀ ਮੁਖੀ ਸਮੀਰ ਵਾਨਖੇੜੇ ਦੀ ਅਗਵਾਈ ਵਿਚ ਐੱਨਸੀਬੀ ਦੀ ਟੀਮ ਨੇ ਕੋਰਡੇਲੀਆ ਕਰੂਜ਼ 'ਤੇ ਛਾਪਾ ਮਾਰਿਆ ਸੀ, ਜਿੱਥੇ 2 ਅਤੇ 3 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਕਥਿਤ ਤੌਰ 'ਤੇ ਡਰੱਗ ਪਾਰਟੀ ਚੱਲ ਰਹੀ ਸੀ। ਆਰੀਅਨ ਖਾਨ ਅਤੇ ਕੁਝ ਹੋਰਾਂ ਨੂੰ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਸਾਜ਼ਿਸ਼ ਅਤੇ ਨਸ਼ੀਲੇ ਪਦਾਰਥ ਲੈਣ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਸੀ।
NCB
ਖਾਨ ਨੂੰ 3 ਅਕਤੂਬਰ ਨੂੰ NCB ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਹ ਵੀ ਦੱਸਣਯੋਗ ਹੈ ਕਿ ਉਸ ਦੀ ਪਹਿਲੀ ਜ਼ਮਾਨਤ ਹੇਠਲੀ ਅਦਾਲਤ ਨੇ ਰੱਦ ਕਰ ਦਿੱਤੀ ਸੀ। ਆਰੀਅਨ ਖਾਨ ਨੇ ਬਾਅਦ ਵਿੱਚ ਆਪਣੇ ਵਕੀਲ ਰਾਹੀਂ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ਨੇ ਉਸ ਨੂੰ 28 ਅਕਤੂਬਰ ਨੂੰ ਜ਼ਮਾਨਤ ਦੇ ਦਿੱਤੀ ਸੀ।
Aryan and Shah Rukh Khan
ਕਾਨੂੰਨੀ ਪ੍ਰਕਿਰਿਆਵਾਂ ਦੇ ਚੱਲਦਿਆਂ ਉਸ ਨੂੰ 30 ਅਕਤੂਬਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਹੁਣ ਤੱਕ NCB ਨੇ ਦੋ ਨਾਈਜੀਰੀਅਨ ਨਾਗਰਿਕਾਂ ਸਮੇਤ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨਸੀਬੀ ਦੀ ਐਸਆਈਟੀ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ ਕਰੇਗੀ। ਫਿਲਹਾਲ ਇਸ ਮਾਮਲੇ 'ਚ ਕਾਨੂੰਨੀ ਰਾਏ ਲਈ ਜਾ ਰਹੀ ਹੈ।