ਸਾਹ ਦੀ ਬਿਮਾਰੀ ਨਾਲ ਪੀੜਤ ਸੀ ਅਦਾਕਾਰਾ
ਮੁੰਬਈ - ਸਿਨੇਮਾ ਜਗਤ ਤੋਂ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸਲੋਚਨਾ ਲਾਟਕਰ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਬਾਲੀਵੁੱਡ ਦੀ ਸੀਨੀਅਰ ਅਭਿਨੇਤਰੀ ਸਲੋਚਨਾ ਲਾਟਕਰ ਦੀ ਸਿਹਤ ਕਾਫੀ ਵਿਗੜ ਗਈ ਸੀ, ਜਿਸ ਤੋਂ ਬਾਅਦ 94 ਸਾਲਾ ਅਦਾਕਾਰਾ ਨੂੰ ਦਾਦਰ ਦੇ ਸੁਸ਼ਰੁਸ਼ਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਕਿ ਉਹਨਾਂ ਦਾ ਦੇਹਾਂਤ ਹੋ ਗਿਆ।
ਸਲੋਚਨਾ ਲਾਟਕਰ ਪਿਛਲੇ ਕੁਝ ਮਹੀਨਿਆਂ ਤੋਂ ਸਾਹ ਦੀ ਬਿਮਾਰੀ ਤੋਂ ਪੀੜਤ ਸਨ। ਉਹ ਲੰਬੇ ਸਮੇਂ ਤੋਂ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਸਲੋਚਨਾ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਜਵਾਈ ਨੇ ਕੀਤੀ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਭਲਕੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਉਨ੍ਹਾਂ ਦੇ ਪ੍ਰਭਾ ਦੇਵੀ ਨਿਵਾਸ ਸਥਾਨ 'ਤੇ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ। ਇਸ ਤੋਂ ਬਾਅਦ ਸ਼ਿਵਾਜੀ ਪਾਰਕ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਉਨ੍ਹਾਂ ਨੂੰ ਮਾਰਚ ਵਿਚ ਵੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਦੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਅਭਿਨੇਤਰੀ ਦੇ ਇਲਾਜ 'ਚ ਮਦਦ ਕੀਤੀ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਲੋਚਨਾ ਦੀਦੀ ਦੇ ਇਲਾਜ ਦਾ ਸਾਰਾ ਖਰਚਾ ਮੁੱਖ ਮੰਤਰੀ ਮੈਡੀਕਲ ਰਾਹਤ ਫੰਡ ਵਿਚੋਂ ਅਦਾ ਕਰਨ ਦੇ ਨਿਰਦੇਸ਼ ਦਿੱਤੇ ਸਨ।
ਸਲੋਚਨਾ ਲਾਟਕਰ ਹੁਣ ਤੱਕ ਕਈ ਮਰਾਠੀ ਫਿਲਮਾਂ ਵਿਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀਆਂ ਮਸ਼ਹੂਰ ਮਰਾਠੀ ਫਿਲਮਾਂ 'ਚ 'ਮਰਾਠਾ ਤਿਤੁਕਾ ਮੇਲਾਵਾ', 'ਮੋਲਕਾਰਿਨ', 'ਬਾਲਾ ਜੋ ਰੇ', 'ਸੰਗਤੇ ਏਕਾ', 'ਸਸੁਰਵਾਸ', 'ਵਹਿਨੀ ਚੀ ਬੰਗੜਿਆ' ਸ਼ਾਮਲ ਹਨ। ਇਸ ਦੇ ਨਾਲ ਹੀ ਸਲੋਚਨਾ ਨੇ ਕਈ ਹਿੰਦੀ ਫਿਲਮਾਂ ਵਿਚ ਵੀ ਕੰਮ ਕੀਤਾ ਹੈ।
ਮਸ਼ਹੂਰ ਅਦਾਕਾਰਾ ਸੁਲੋਚਨਾ ਲਾਟਕਰ ਨੇ ਕਈ ਫਿਲਮਾਂ ਵਿਚ ਅਮਿਤਾਭ ਬੱਚਨ ਦੀ ਮਾਂ ਦੀ ਭੂਮਿਕਾ ਨਿਭਾਈ ਹੈ। ਇਨ੍ਹਾਂ ਫਿਲਮਾਂ 'ਚ 'ਰੇਸ਼ਮਾ ਔਰ ਸ਼ੇਰਾ', 'ਮਜਬੂਰ' ਅਤੇ 'ਮੁਕੱਦਰ ਕਾ ਸਿਕੰਦਰ' ਵਰਗੀਆਂ ਫਿਲਮਾਂ ਸ਼ਾਮਲ ਹਨ। ਇਸ ਦੇ ਨਾਲ ਹੀ ਉਹ ਦਿਲੀਪ ਕੁਮਾਰ ਅਤੇ ਧਰਮਿੰਦਰ ਨਾਲ ਵੀ ਕੰਮ ਕਰ ਚੁੱਕੇ ਹਨ। ਅਮਿਤਾਭ ਬੱਚਨ ਨੇ ਵੀ ਆਪਣੇ ਬਲਾਗ 'ਚ ਕਈ ਵਾਰ ਉਨ੍ਹਾਂ ਦਾ ਜ਼ਿਕਰ ਕੀਤਾ ਹੈ। ਸੁਲੋਚਨਾ ਲਾਟਕਰ ਨੇ ਲਗਭਗ 250 ਹਿੰਦੀ ਅਤੇ 50 ਮਰਾਠੀ ਫਿਲਮਾਂ ਵਿਚ ਕੰਮ ਕਰਕੇ ਯੋਗਦਾਨ ਪਾਇਆ ਹੈ। ਉਹ ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਸੀ।