
ਰੇਲਵੇ ਨੇ ਕਿਹਾ- ਇਸ ਤਰ੍ਹਾਂ ਕਰਨਾ ਖ਼ਤਰਨਾਕ ਹੈ, ਅਜਿਹਾ ਨਾ ਕਰੋ। ਤੁਸੀਂ ਕਰੋੜਾਂ ਲੋਕਾਂ ਦੇ ਆਦਰਸ਼ ਹੋ, ਉਨ੍ਹਾਂ ਨੂੰ ਗ਼ਲਤ ਸੰਦੇਸ਼ ਜਾਵੇਗਾ
ਅਦਾਕਾਰ ਨੇ ਮੰਗੀ ਮੁਆਫ਼ੀ, ਕਿਹਾ- ਬਸ ਇਹ ਦੇਖਣ ਲਈ ਬੈਠਾ ਸੀ ਕਿ ਰੇਲਗੱਡੀ ਦੇ ਦਰਵਾਜ਼ੇ 'ਤੇ ਜ਼ਿੰਦਗੀ ਗੁਜ਼ਾਰਨ ਵਾਲੇ ਲੱਖਾਂ ਲੋਕ ਕਿਸ ਤਰ੍ਹਾਂ ਮਹਿਸੂਸ ਕਰਦੇ ਹੋਣਗੇ
ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੂੰ ਉੱਤਰੀ ਰੇਲਵੇ ਨੇ ਰੇਲਗੱਡੀ ਦੇ ਫੁੱਟਬੋਰਡ (ਦਰਵਾਜ਼ੇ) 'ਤੇ ਬੈਠ ਕੇ ਸਫਰ ਕਰਨ 'ਤੇ ਤਾੜਨਾ ਕੀਤੀ ਹੈ। ਰੇਲਵੇ ਨੇ ਕਿਹਾ ਕਿ ਇਹ ਖਤਰਨਾਕ ਹੋ ਸਕਦਾ ਹੈ। ਕਿਰਪਾ ਕਰ ਕੇ ਅਜਿਹਾ ਨਾ ਕਰੋ ਕਿਉਂਕਿ ਇਸ ਨਾਲ ਲੋਕਾਂ ਨੂੰ ਗ਼ਲਤ ਸੰਦੇਸ਼ ਜਾਵੇਗਾ।
ਸੋਨੂੰ ਸੂਦ ਨੇ 13 ਦਸੰਬਰ ਨੂੰ ਟਵਿੱਟਰ ਅਤੇ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ। ਬੈਕਗ੍ਰਾਊਂਡ 'ਚ ਬਾਲੀਵੁੱਡ ਦਾ ਮਸ਼ਹੂਰ ਗੀਤ 'ਮੁਸਾਫਿਰ ਹੂੰ ਯਾਰਾ' ਵੱਜ ਰਿਹਾ ਸੀ ਅਤੇ ਸੋਨੂੰ ਨੂੰ ਟਰੇਨ ਦੇ ਦਰਵਾਜ਼ੇ 'ਚ ਬੈਠਾ ਦੇਖਿਆ ਗਿਆ।
ਉੱਤਰੀ ਰੇਲਵੇ ਨੇ 3 ਜਨਵਰੀ ਨੂੰ ਸੂਦ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਕਿਹਾ ਕਿ ਪਿਆਰੇ ਸੋਨੂੰ ਸੂਦ, ਤੁਸੀਂ ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਲਈ ਰੋਲ ਮਾਡਲ ਹੋ। ਟਰੇਨ ਦੀਆਂ ਪੌੜੀਆਂ 'ਤੇ ਸਫਰ ਕਰਨਾ ਖਤਰਨਾਕ ਹੈ, ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਪ੍ਰਸ਼ੰਸਕਾਂ ਨੂੰ ਗ਼ਲਤ ਸੰਦੇਸ਼ ਭੇਜ ਸਕਦੀ ਹੈ। ਕਿਰਪਾ ਕਰ ਕੇ ਅਜਿਹਾ ਨਾ ਕਰੋ। ਇੱਕ ਨਿਰਵਿਘਨ ਅਤੇ ਸੁਰੱਖਿਅਤ ਯਾਤਰਾ ਦਾ ਆਨੰਦ ਮਾਣੋ।
ਇਸ ਤੋਂ ਬਾਅਦ ਅਦਾਕਾਰ ਸੋਨੂ ਸੂਦ ਨੇ ਟਵੀਟ ਕਰਦਿਆਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਮੈਂ ਅਜਿਹਾ ਸਿਰਫ ਇਹ ਦੇਖਣ ਲਈ ਕੀਤਾ ਕਿ ਲੱਖਾਂ ਦੀ ਗਿਣਤੀ ਵਿਚ ਉਹ ਲੋਕ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ ਜੋ ਰੇਲਗੱਡੀ ਦੇ ਦਰਵਾਜ਼ੇ 'ਤੇ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ।
ਸੋਨੂੰ ਦੇ ਇਸ ਵੀਡੀਓ ਨੂੰ ਟਵਿੱਟਰ 'ਤੇ 6 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਸੈਂਕੜੇ ਲੋਕਾਂ ਨੇ ਰੀਟਵੀਟ ਕੀਤਾ ਹੈ। ਫੇਸਬੁੱਕ 'ਤੇ ਵੀਡੀਓ ਨੂੰ 2 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 4 ਹਜ਼ਾਰ ਤੋਂ ਵੱਧ ਲੋਕਾਂ ਨੇ ਕਮੈਂਟ ਕੀਤੇ ਹਨ। ਕੁਝ ਲੋਕਾਂ ਨੇ ਉਸ ਨੂੰ ਟਿੱਪਣੀਆਂ ਵਿੱਚ ਸਾਵਧਾਨ ਰਹਿਣ ਲਈ ਕਿਹਾ।