ਧਰਮਿੰਦਰ ਲਈ ਦੋ ਵੱਖ-ਵੱਖ ਪ੍ਰਾਰਥਨਾ ਸਭਾਵਾਂ ਸਾਡੇ ਪਰਵਾਰ ਦਾ ਨਿੱਜੀ ਮਾਮਲਾ : ਹੇਮਾ ਮਾਲਿਨੀ
ਮੁੰਬਈ : ਅਦਾਕਾਰਾ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਧਰਮਿੰਦਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਵਾਰ ਵਲੋਂ ਦੋ ਵੱਖ-ਵੱਖ ਪ੍ਰਾਰਥਨਾ ਸਭਾਵਾਂ ਕਰਨ ਦਾ ਫੈਸਲਾ ਇਕ ਨਿੱਜੀ ਮਾਮਲਾ ਸੀ ਅਤੇ ਲੋਕਾਂ ਨੂੰ ਉਨ੍ਹਾਂ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
ਨਵੰਬਰ ਵਿਚ ਧਰਮਿੰਦਰ ਦੀ ਮੌਤ ਤੋਂ ਬਾਅਦ, ਸੰਨੀ ਦਿਓਲ, ਬੌਬੀ ਦਿਓਲ ਅਤੇ ਬੇਟੀਆਂ ਅਜੀਤਾ ਅਤੇ ਵਿਜੇਤਾ ਨੇ ਇਕ ਹੋਟਲ ਵਿਚ ਇਕ ਪ੍ਰਾਰਥਨਾ ਸਭਾ ਕੀਤੀ ਜਦਕਿ ਹੇਮਾ ਮਾਲਿਨੀ ਅਤੇ ਉਸ ਦੀਆਂ ਬੇਟੀਆਂ ਈਸ਼ਾ ਅਤੇ ਆਹਾਨਾ ਨੇ ਅਪਣੇ ਘਰ ਵਿਚ ਇਕ ਪ੍ਰਾਰਥਨਾ ਸਭਾ ਕੀਤੀ।
ਹੇਮਾ ਮਾਲਿਨੀ ਨੇ ਦਿੱਲੀ ਅਤੇ ਮਥੁਰਾ ਵਿਚ ਵੀ ਪ੍ਰਾਰਥਨਾ ਸਭਾ ਕੀਤੀ। ਇਕ ਇੰਟਰਵਿਊ ’ਚ, ਅਦਾਕਾਰਾ ਨੇ ਪਰਵਾਰ ਦੇ ਫੈਸਲੇ ਦੀ ਵਿਆਖਿਆ ਕੀਤੀ। ਉਨ੍ਹਾਂ ਕਿਹਾ, ‘‘ਇਹ ਸਾਡੇ ਪਰਵਾਰ ਦਾ ਨਿੱਜੀ ਮਾਮਲਾ ਹੈ। ਅਸੀਂ ਇਕ ਦੂਜੇ ਨਾਲ ਗੱਲ ਕੀਤੀ। ਮੈਂ ਅਪਣੇ ਘਰ ਵਿਚ ਇਕ ਪ੍ਰਾਰਥਨਾ ਸਭਾ ਰੱਖੀ ਕਿਉਂਕਿ ਮੇਰੇ ਲੋਕਾਂ ਦਾ ਸਮੂਹ ਵੱਖਰਾ ਹੈ।’’
ਉਨ੍ਹਾਂ ਕਿਹਾ, ‘‘ਫਿਰ ਮੈਂ ਦਿੱਲੀ ਵਿਚ ਇਕ ਰੱਖਿਆ ਕਿਉਂਕਿ ਮੈਂ ਸਿਆਸਤ ਵਿਚ ਹਾਂ, ਅਤੇ ਮੇਰੇ ਲਈ ਇਹ ਮਹੱਤਵਪੂਰਨ ਸੀ ਕਿ ਮੈਂ ਉਸ ਖੇਤਰ ਦੇ ਅਪਣੇ ਦੋਸਤਾਂ ਲਈ ਉੱਥੇ ਪ੍ਰਾਰਥਨਾ ਸਭਾ ਰੱਖਾਂ। ਮਥੁਰਾ ਮੇਰਾ ਹਲਕਾ ਹੈ, ਅਤੇ ਉੱਥੋਂ ਦੇ ਲੋਕ ਧਰਮਿੰਕਰ ਲਈ ਪਾਗਲ ਹਨ। ਇਸ ਲਈ ਮੈਂ ਉੱਥੇ ਵੀ ਪ੍ਰਾਰਥਨਾ ਸਭਾ ਰੱਖੀ।’’
ਇਹ ਪੁੱਛੇ ਜਾਣ ਉਤੇ ਕਿ ਕੀ ਧਰਮਿੰਦਰ ਦੇ ਫਾਰਮ ਹਾਊਸ, ਜਿਸ ਨੂੰ ਉਨ੍ਹਾਂ ਨੇ ‘ਮਿੰਨੀ-ਪੰਜਾਬ’ ਦਸਿਆ ਸੀ, ਨੂੰ ਅਜਾਇਬ ਘਰ ਵਿਚ ਤਬਦੀਲ ਕੀਤਾ ਜਾਵੇਗਾ, ਹੇਮਾ ਮਾਲਿਨੀ ਨੇ ਕਿਹਾ ਕਿ ਸੰਨੀ ਦਿਓਲ ਇਸ ਤਰਜ਼ ਉਤੇ ਕੁੱਝ ਕਰਨ ਦੀ ਯੋਜਨਾ ਬਣਾ ਰਹੇ ਸਨ।
ਭਾਜਪਾ ਸੰਸਦ ਮੈਂਬਰ ਹੁਣ ਅਪਣਾ ਕੰਮ ਦੁਬਾਰਾ ਸ਼ੁਰੂ ਕਰਨ ਅਤੇ ਮਥੁਰਾ ਵਿਚ ਅਪਣੇ ਹਲਕੇ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੀ ਹੈ। ਉਹ ਅਪਣੇ ਡਾਂਸ ਸ਼ੋਅ ਨੂੰ ਮੁੜ ਸ਼ੁਰੂ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਧਰਮਿੰਦਰ ਇਹੀ ਚਾਹੁੰਦਾ ਸੀ।
ਧਰਮਿੰਦਰ ਦੀ ਜ਼ਿੰਦਗੀ ਦੇ ਆਖਰੀ ਮਹੀਨੇ ਬਾਰੇ ਹੇਮਾ ਮਾਲਿਨੀ ਨੇ ਕਿਹਾ ਕਿ ਪਰਵਾਰ ਨੂੰ ਉਮੀਦ ਸੀ ਕਿ ਉਹ ਵਾਪਸ ਆ ਜਾਣਗੇ ਅਤੇ ਉਹ 8 ਦਸੰਬਰ ਨੂੰ ਉਨ੍ਹਾਂ ਦਾ 90ਵਾਂ ਜਨਮਦਿਨ ਮਨਾਉਣਗੇ। ਪਰ ਅਜਿਹਾ ਨਹੀਂ ਹੋਣਾ ਸੀ ਕਿਉਂਕਿ ਧਰਮਿੰਦਰ ਦੀ 24 ਨਵੰਬਰ ਨੂੰ ਮੌਤ ਹੋ ਗਈ ਸੀ।
