ਕਿਹਾ, ਦਿਲਜੀਤ ਅਤੇ ਪਰਿਣੀਤੀ ਨੇ ਫਿਲਮ ’ਚ ਜੋ ਵੀ ਗਾਇਆ ਉਹ ਅਸਲ ’ਚ ਲੋਕੇਸ਼ਨ ’ਤੇ ਲਾਈਵ ਗਾਇਆ ਗਿਆ
ਮੁੰਬਈ: ਫਿਲਮ ਨਿਰਮਾਤਾ ਇਮਤਿਆਜ਼ ਅਲੀ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ’ਤੇ ਅਧਾਰਤ ਫਿਲਮ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਫਿਲਮ ’ਚ ਇਹ ਦਸਿਆ ਗਿਆ ਹੈ ਕਿ ਇਕੋ ਸਮੇਂ ਪ੍ਰਸਿੱਧ ਹੋਣਾ ਅਤੇ ਉਸੇ ਸਮੇਂ ਹਮਲੇ ਦਾ ਸਾਹਮਣਾ ਕਰਨਾ ਕਿਵੇਂ ਹੁੰਦਾ ਹੈ।
ਚਮਕੀਲਾ, ਜੋ ਪੰਜਾਬ ਦੇ ਐਲਵਿਸ ਪ੍ਰੈਸਲੀ ਦੇ ਨਾਮ ਨਾਲ ਮਸ਼ਹੂਰ ਹੈ, ਦਾ 1988 ’ਚ ਉਸ ਦੇ ਗਾਇਕ ਸਾਥੀ ਅਮਰਜੋਤ ਨਾਲ ਕਤਲ ਕਰ ਦਿਤਾ ਗਿਆ ਸੀ। ਫਿਲਮ ’ਚ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਚਮਕੀਲਾ ਦਾ ਕਿਰਦਾਰ ਨਿਭਾ ਰਹੇ ਹਨ, ਜਦਕਿ ਅਦਾਕਾਰਾ ਪਰਿਣੀਤੀ ਚੋਪੜਾ ਅਮਰਜੋਤ ਦਾ ਕਿਰਦਾਰ ਨਿਭਾ ਰਹੀ ਹੈ। ਚਮਕੀਲਾ 1980 ਦੇ ਦਹਾਕੇ ’ਚ ਪੰਜਾਬ ਦੇ ਸੱਭ ਤੋਂ ਮਸ਼ਹੂਰ ਗਾਇਕ ਸੀ। 1980 ਦਾ ਦਹਾਕਾ ਪੰਜਾਬ ਦੇ ਸੱਭ ਤੋਂ ਬੁਰਾ ਸਮਿਆਂ ’ਚੋਂ ਇਕ ਸੀ। ਇਸ ਦੌਰਾਨ ਕਈ ਘਟਨਾਵਾਂ ਵਾਪਰੀਆਂ ਹਨ।
‘ਫਿੱਕੀ ਫਰੇਮਜ਼ 2024’ ਤੋਂ ਇਲਾਵਾ ਪੀ.ਟੀ.ਆਈ. ਨੂੰ ਦਿਤੇ ਇਕ ਇੰਟਰਵਿਊ ’ਚ ਅਲੀ ਨੇ ਕਿਹਾ, ‘‘ਅਸੀਂ ਇਸ ਫਿਲਮ ਦੇ ਇਕ ਕਲਾਕਾਰ ਬਾਰੇ ਗੱਲ ਕਰ ਰਹੇ ਹਾਂ ਜੋ ਮਾਰਿਆ ਗਿਆ ਸੀ। ਮੈਂ ਨਾ ਸਿਰਫ ਉਨ੍ਹਾਂ ਦੀ ਜ਼ਿੰਦਗੀ ਨੂੰ ਦਰਸਾਇਆ ਹੈ ਬਲਕਿ ਇਹ ਪੰਜਾਬ ਅਤੇ ਦੁਨੀਆਂ ਭਰ ਦੇ ਕਈ ਹੋਰ ਕਲਾਕਾਰਾਂ ਦੀ ਜ਼ਿੰਦਗੀ ਦਾ ਪ੍ਰਤੀਕ ਵੀ ਬਣ ਗਿਆ ਹੈ ਜਿਨ੍ਹਾਂ ਨੂੰ ਇਕੋ ਸਮੇਂ ਪ੍ਰਸਿੱਧ ਹੋਣ ਅਤੇ ਨਾਲ ਹੀ ਹਮਲੇ ਦਾ ਸਾਹਮਣਾ ਕਰਨਾ ਪਿਆ।’’
‘ਜਬ ਵੀ ਮੈਟ’, ‘ਲਵ ਆਜ ਕਲ’, ‘ਤਮਾਸ਼ਾ’ ਅਤੇ ‘ਰਾਕਸਟਾਰ’ ਵਰਗੀਆਂ ਫਿਲਮਾਂ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਫਿਲਮ ਨਿਰਮਾਤਾ ਨੇ ਕਿਹਾ ਕਿ ਉਹ ਪ੍ਰਸਿੱਧੀ ਦੇ ਨਤੀਜਿਆਂ ਦਾ ਸਾਹਮਣਾ ਕਰ ਰਹੇ ਕਲਾਕਾਰ ਦੀ ਮਾਨਸਿਕਤਾ ਬਾਰੇ ਜਾਣ ਕੇ ਪ੍ਰੇਰਿਤ ਹੋਏ। ਉਨ੍ਹਾਂ ਕਿਹਾ ਕਿ ਕਿਸੇ ਕਲਾਕਾਰ ਦੀ ਜ਼ਿੰਦਗੀ ’ਚ ਪ੍ਰਸਿੱਧੀ ਤੋਂ ਇਲਾਵਾ ਖੁਸ਼ੀਆਂ-ਖੇੜੇ ਵੀ ਹੁੰਦੇ ਹਨ। ਮੈਂ ਮਹਿਸੂਸ ਕਰਨਾ ਚਾਹੁੰਦਾ ਸੀ ਕਿ ਜਦ ਕਿਸੇ ’ਤੇ ਹਮਲਾ ਹੁੰਦਾ ਹੈ ਤਾਂ ਕੀ ਹੁੰਦਾ ਹੈ ਅਤੇ ਫਿਰ ਵੀ ਅਜਿਹਾ ਕਿਹੜਾ ਸਮਾਂ ਹੁੰਦਾ ਹੈ ਜਦੋਂ ਇਕ ਕਲਾਕਾਰ ਅਸਲ ’ਚ ਸੰਗੀਤ ਤਿਆਰ ਕਰਦਾ ਹੈ।
ਨਿਰਦੇਸ਼ਕ ਨੇ ਦਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, ‘‘ਦਿਲਜੀਤ ਤੋਂ ਇਲਾਵਾ ਕੋਈ ਹੋਰ ਚਮਕੀਲਾ ਦਾ ਕਿਰਦਾਰ ਨਹੀਂ ਨਿਭਾ ਸਕਦਾ ਸੀ। ਫਿਲਮ ’ਚ ਉਹ ਚਮਕੀਲਾ ਵਾਂਗ ਉਨ੍ਹਾਂ ਅਖਾੜਿਆਂ ’ਤੇ ਲਾਈਵ ਗਾ ਰਹੇ ਹਨ। ਤੁਸੀਂ ਦਿਲਜੀਤ ਅਤੇ ਪਰਿਣੀਤੀ ਨੂੰ ਫਿਲਮ ’ਚ ਜੋ ਵੀ ਗਾਉਂਦੇ ਸੁਣਦੇ ਹੋ ਉਹ ਅਸਲ ’ਚ ਲੋਕੇਸ਼ਨ ’ਤੇ ਲਾਈਵ ਗਾਇਆ ਗਿਆ ਹੈ। ਬਾਅਦ ’ਚ ਇਸ ’ਚ ਕੁੱਝ ਵੀ ਨਹੀਂ ਜੋੜਿਆ ਗਿਆ ਹੈ। ਉਨ੍ਹਾਂ ਦੋਹਾਂ ਨੇ ਗਾਣਾ ਗਾਇਆ ਹੈ। ਦਿਲਜੀਤ ਅਤੇ ਪਰਿਣੀਤੀ ਤੋਂ ਬਿਨਾਂ ਇਹ ਸੰਭਵ ਨਹੀਂ ਸੀ।’’ ਅਮਰ ਸਿੰਘ ਚਮਕੀਲਾ 12 ਅਪ੍ਰੈਲ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ।