
ਕੜਾਕੇ ਦੀ ਠੰਢ ਵਿਚ ਲੋਕਾਂ ਦੇ ਨਾਲ-ਨਾਲ ਜਾਨਵਰਾਂ ਦਾ ਜੀਉਣਾ ਹੋਇਆ ਦੁਭਰ
ਮੁੰਬਈ: ਦੇਸ਼ ਵਿਚ ਇਸ ਸਮੇਂ ਕੜਾਕੇ ਦੀ ਠੰਢ ਪੈ ਰਹੀ ਹੈ। ਲੋਕਾਂ ਦੇ ਨਾਲ -ਨਾਲ ਜਾਨਵਰਾਂ ਦਾ ਵੀ ਜੀਉਣਾ ਦੁਭਰ ਹੋ ਗਿਆ ਹੈ। ਲੋਕ ਠੰਢ ਤੋਂ ਬਚਣ ਲਈ ਥਾਂ-ਥਾਂ ਅੱਗ ਦੀ ਧੂਨੀ ਲਗਾ ਕੇ ਸੇਕ ਰਹੇ ਹਨ ਪਰ ਜਾਨਵਰ ਕੁਝ ਨਹੀਂ ਕਰ ਸਕਦੇ। ਜਾਨਵਰਾਂ ਦੀ ਮਦਦ ਲਈ ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ ਅੱਗੇ ਆਈ। ਉਹਨਾਂ ਨੇ ਕਾਨਪੁਰ ਦੇ ਚਿੜੀਆਘਰ ਵਿੱਚ ਜਾਨਵਰਾਂ ਲਈ ਹੀਟਰ ਅਤੇ ਦਵਾਈਆਂ ਭੇਜੀਆਂ ਹਨ।
ਰਵੀਨਾ ਟੰਡਨ ਜਾਨਵਰਾਂ ਨੂੰ ਬਹੁਤ ਪਿਆਰ ਕਰਦੀ ਹੈ। ਉਹ ਅਕਸਰ ਜਾਨਵਰਾਂ ਨੂੰ ਦੇਖਣ ਲਈ ਜੰਗਲਾਂ ਦਾ ਦੌਰਾ ਕਰਦੇ ਹਨ। ਹੁਣ ਹਾਲ ਹੀ 'ਚ ਰਵੀਨਾ ਨੇ ਬੇਜੁਬਾਨਾਂ ਪ੍ਰਤੀ ਵੱਡਾ ਦਿਲ ਦਿਖਾਇਆ ਹੈ। ਰਵੀਨਾ ਨੇ ਕਾਨਪੁਰ ਦੇ ਚਿੜੀਆਘਰ 'ਚ ਜਾਨਵਰਾਂ ਲਈ ਹੀਟਰ ਅਤੇ ਦਵਾਈਆਂ ਭੇਜੀਆਂ ਹਨ, ਜਿਸ ਤੋਂ ਬਾਅਦ ਵਾਈਲਡਲੈਂਸ ਈਕੋ ਫਾਊਂਡੇਸ਼ਨ ਦੀ ਟੀਮ ਨੇ ਰਵੀਨਾ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਟੀਮ ਨੇ 6 ਮਹੀਨੇ ਦੇ ਬਾਘ ਦੇ ਬੱਚੇ ਦਾ ਨਾਂ ਰਵੀਨਾ ਦੇ ਨਾਂ 'ਤੇ ਰੱਖਣ ਦਾ ਫੈਸਲਾ ਕੀਤਾ ਹੈ।
ਰਵੀਨਾ ਦੇ ਇਸ ਸ਼ਲਾਘਾਯੋਗ ਕਦਮ 'ਤੇ ਵਾਈਲਡਲੈਂਸ ਈਕੋ ਫਾਊਂਡੇਸ਼ਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ, 'ਬੜੇ ਦਿਲ ਵਾਲੇ ਰਵੀਨਾ ਟੰਡਨ ਦਾ ਧੰਨਵਾਦ। ਤੁਸੀਂ ਇਸ ਕੜਾਕੇ ਵਾਲੀ ਸਰਦੀ ਵਿੱਚ ਬੇਜ਼ੁਬਾਨਾਂ ਦੀ ਮਦਦ ਲਈ ਅੱਗੇ ਆਏ ਹੋ। ਤੁਸੀਂ ਹੀਟਰ ਅਤੇ ਦਵਾਈਆਂ ਦੀ ਲੋੜ ਨੂੰ ਸਮਝਿਆ। ਚਿੜੀਆਘਰ ਦੀ ਪੂਰੀ ਟੀਮ ਨੇ 6 ਮਹੀਨੇ ਦੇ ਬਾਘ ਦੇ ਬੱਚੇ ਦਾ ਨਾਂ ਤੁਹਾਡੇ ਨਾਮ 'ਤੇ ਰੱਖਿਆ ਹੈ।ਇਸ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਰਵੀਨਾ ਨੇ ਲਿਖਿਆ, 'ਕਾਨਪੁਰ ਚਿੜੀਆਘਰ ਦੀ ਪਹਿਲ ਸ਼ਾਨਦਾਰ ਹੈ।'