
ਕਾਂਗਰਸ ਸੰਸਦ ਮੈਂਬਰ ਰਣਜੀਤ ਰੰਜਨ ਨੇ ਸੈਂਸਰ ਬੋਰਡ ਵਲੋਂ ਨੌਜੁਆਨਾਂ ਨੂੰ ਕੁਰਾਹੇ ਪਾਉਣ ਵਾਲੀਆਂ ਫਿਲਮਾਂ ਪਾਸ ਕਰਨ ’ਤੇ ਚੁੱਕੇ ਸਵਾਲ
Animal Movie: ਨਿਰਦੇਸ਼ਕ ਸੰਦੀਪ ਰੈਡੀ ਵੰਗਾ ਦੀ ਫਿਲਮ ‘ਐਨੀਮਲ’ ਇਕ ਪਾਸੇ ਤਾਂ ਬਾਕਸ ਆਫਿਸ ’ਤੇ ਚੰਗੀ ਕਮਾਈ ਕਰ ਰਹੀ ਹੈ, ਪਰ ਦੂਜੇ ਪਾਸੇ, ਜ਼ਹਿਰੀਲੀ ਮਰਦਾਨਗੀ ਦੀ ਮਹਿਮਾ ਕਰਨ ਲਈ ਇਸ ਦੀ ਆਲੋਚਨਾ ਹੋ ਰਹੀ ਹੈ। ਹੁਣ ਇਹ ਵਿਵਾਦ ਰਾਜ ਸਭਾ ਤਕ ਪਹੁੰਚ ਗਿਆ ਹੈ। ਛੱਤੀਸਗੜ੍ਹ ਤੋਂ ਕਾਂਗਰਸ ਦੀ ਰਾਜ ਸਭਾ ਸੰਸਦ ਮੈਂਬਰ ਰਣਜੀਤ ਰੰਜਨ ਨੇ ਰਾਜ ਸਭਾ ’ਚ ਰਣਬੀਰ ਕਪੂਰ ਦੀ ਅਦਾਕਾਲੀ ਵਾਲੀ ਫਿਲਮ ‘ਐਨੀਮਲ’ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ।
ਉਨ੍ਹਾਂ ਕਿਹਾ, ‘‘ਸਿਨੇਮਾ ਸਮਾਜ ਦਾ ਸ਼ੀਸ਼ਾ ਹੈ। ਅਸੀਂ ਸਿਨੇਮਾ ਵੇਖ ਕੇ ਵੱਡੇ ਹੋਏ ਹਾਂ ਅਤੇ ਇਹ ਨੌਜਵਾਨਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਪਹਿਲਾਂ ‘ਕਬੀਰ ਸਿੰਘ’ ਅਤੇ ‘ਪੁਸ਼ਪਾ’ ਵਰਗੀਆਂ ਫਿਲਮਾਂ ਆਈਆਂ ਅਤੇ ਹੁਣ ‘ਐਨੀਮਲ’ ਹੈ। ਮੇਰੀ ਬੇਟੀ ਅਪਣੇ ਕਾਲਜ ਦੇ ਦੋਸਤਾਂ ਨਾਲ ਫਿਲਮ ਵੇਖਣ ਗਈ ਸੀ ਅਤੇ ਅੱਧ ਵਿਚਾਲੇ ਹੀ ਬਾਹਰ ਚਲੀ ਗਈ ਕਿਉਂਕਿ ਉਸ ਦਾ ਰੋਣਾ ਬੰਦ ਨਹੀਂ ਹੋ ਰਿਹਾ ਸੀ।’’
ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਫਿਲਮ ਔਰਤਾਂ ਪ੍ਰਤੀ ਹਿੰਸਾ ਦਾ ਮਹਿਮਾਮੰਡਨ ਕਰਦੀ ਹੈ ਅਤੇ ਇਸ ਦਾ ਨੌਜਵਾਨਾਂ ’ਤੇ ਬਹੁਤ ਬੁਰਾ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ, ‘‘ਕਬੀਰ ਸਿੰਘ ਨੂੰ ਵੇਖੋ ਫਿਲਮ ’ਚ ਉਹ ਅਪਣੀ ਪਤਨੀ, ਲੋਕਾਂ ਅਤੇ ਸਮਾਜ ਨਾਲ ਕਿਵੇਂ ਪੇਸ਼ ਆਉਂਦਾ ਹੈ ਅਤੇ ਫਿਲਮ ਉਸ ਦੇ ਕੰਮਾਂ ਨੂੰ ਸਹੀ ਠਹਿਰਾਉਂਦੀ ਹੈ। ਉਨ੍ਹਾਂ ਨੇ ਉਸ ਨੂੰ ਰੋਲ ਮਾਡਲ ਮੰਨਣਾ ਸ਼ੁਰੂ ਕਰ ਦਿਤਾ ਹੈ। ਅਜਿਹੀਆਂ ਫਿਲਮਾਂ ਵਰਗੀ ਅਸੀਂ ਸਮਾਜ ’ਚ ਵੀ ਹਿੰਸਾ ਵੇਖ ਰਹੇ ਹਾਂ।’’
ਸੰਸਦ ਮੈਂਬਰ ਨੇ ਫਿਲਮ ’ਚ ‘ਅਰਜਨ ਵੈਲੀ’ ਗੀਤ ਦੀ ਵਰਤੋਂ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਸਿੱਖਾਂ ਦਾ ਏਨਾ ਮਾਣਮੱਤਾ ਇਤਿਹਾਸ ਰਿਹਾ ਹੈ। ਫਿਲਮ ’ਚ ਇਕ ਦ੍ਰਿਸ਼ ਹੈ ਜਿੱਥੇ ਰਣਬੀਰ ਕਪੂਰ ਦਾ ਕਿਰਦਾਰ ਕਾਤਲਾਨਾ ਹਿੰਸਾ ਕਰਦਾ ਹੈ ਅਤੇ ਪਿੱਛੇ ਗੀਤ ਚਲ ਰਿਹਾ ਹੁੰਦਾ ਹੈ ‘ਅਰਜੁਨ ਵੈਲੀ ਨੇ ਮਾਰੀ ਗੰਡਾਸੀ’।’’
ਸੰਸਦ ਮੈਂਬਰ ਨੇ ਅੱਗੇ ਕਿਹਾ, ‘‘ਜਿੱਥੋਂ ਤਕ ਅਰਜਨ ਵੈਲੀ ਦਾ ਸਵਾਲ ਹੈ, ਸਿੱਖ ਫੋਰਸ ਦੇ ਕਮਾਂਡਰ-ਇਨ-ਚੀਫ ਹਰੀ ਸਿੰਘ ਨਲਵਾ, ਜਿਨ੍ਹਾਂ ਨੇ ਮੁਗਲਾਂ ਵਿਰੁਧ, ਅੰਗਰੇਜ਼ਾਂ ਵਿਰੁਧ ਲੜਾਈ ਲੜੀ, ਉਨ੍ਹਾਂ ਦੇ ਪੁੱਤਰ ਅਰਜਨ ਸਿੰਘ ਨਲਵਾ ਸਨ।
ਉਨ੍ਹਾਂ ਨੇ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਗੁਜਰਾਂਵਾਲਾ ਤੋਂ ਬਹੁਤ ਸਾਰੇ ਮੁਸਲਮਾਨਾਂ ਨੂੰ ਬਚਾਇਆ ਸੀ। ਫਿਲਮ ’ਚ ਇਸ ਇਤਿਹਾਸਕ ਗੀਤ ਨੂੰ ਗੈਂਗਵਾਰ ਸੈਟਿੰਗ ’ਚ ਇਸਤੇਮਾਲ ਕੀਤਾ ਗਿਆ ਹੈ ਅਤੇ ਇਸ ਨਾਲ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ।’’ ਉਨ੍ਹਾਂ ਕਿਹਾ, ‘‘ਇਸ ਤੋਂ ਇਲਾਵਾ ਇਕ ਲੜਕਾ ਹੋਸਟਲਾਂ, ਇਮਾਰਤਾਂ ਵਿਚ ਹਥਿਆਰਾਂ ਨਾਲ ਲੋਕਾਂ ਦਾ ਕਤਲ ਕਰ ਦਿੰਦਾ ਹੈ ਅਤੇ ਕੋਈ ਵੀ ਕਾਨੂੰਨ ਉਸ ਨੂੰ ਸਜ਼ਾ ਨਹੀਂ ਦਿੰਦਾ। ਅਸੀਂ ਫਿਲਮ ’ਚ ਵੀ ਇਸ ਨੂੰ ਜਾਇਜ਼ ਠਹਿਰਾ ਰਹੇ ਹਾਂ।’’
ਰਣਜੀਤ ਰੰਜਨ ਨੇ ਇਹ ਵੀ ਸਵਾਲ ਕੀਤਾ ਕਿ ਸੈਂਸਰ ਬੋਰਡ ਅਜਿਹੀਆਂ ਫਿਲਮਾਂ ਨੂੰ ਕਿਵੇਂ ਰਿਲੀਜ਼ ਹੋਣ ਦੀ ਇਜਾਜ਼ਤ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਫਿਲਮਾਂ ਦਾ ਸਾਡੇ ਸਮਾਜ ’ਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ।