
ਇਮਤਿਆਜ਼ ਅਤੇ ਪਟਕਥਾ ਲੇਖਕ ਭਰਾ ਸਾਜਿਦ ਅਲੀ ਨੇ ਬਿਹਤਰੀਨ ਕਹਾਣੀ ਅਤੇ ਬਿਹਤਰੀਨ ਸਕ੍ਰੀਨਪਲੇਅ ਲਈ ਦੋ ਟਰਾਫੀਆਂ ਜਿੱਤੀਆਂ
ਨਵੀਂ ਦਿੱਲੀ : ਇਮਤਿਆਜ਼ ਅਲੀ ਦੇ ਨਿਰਦੇਸ਼ਨ ’ਚ ਬਣੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਸਕ੍ਰੀਨ ਲੇਖਕ ਐਸੋਸੀਏਸ਼ਨ ਅਵਾਰਡਜ਼ ਦੇ 6ਵੇਂ ਸੰਸਕਰਣ ’ਚ ਤਿੰਨ ਚੋਟੀ ਦੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ, ਜੋ 2024 ਦੀਆਂ ਬੇਮਿਸਾਲ ਫਿਲਮਾਂ, ਸੀਰੀਜ਼ ਅਤੇ ਟੀ.ਵੀ. ਸ਼ੋਅ ਦਾ ਸਨਮਾਨ ਕਰਦਾ ਹੈ, ਸਨਿਚਰਵਾਰ ਨੂੰ ਮੁੰਬਈ ਵਿਚ ਕੀਤਾ ਗਿਆ ਸੀ।
1500 ਐਂਟਰੀਆਂ ਅਤੇ 15 ਸ਼੍ਰੇਣੀਆਂ ਸਨ, ਜਿਨ੍ਹਾਂ ਬਾਰੇ 15 ਸਨਮਾਨਿਤ ਸਕ੍ਰੀਨ ਲੇਖਕਾਂ ਦੀ ਜਿਊਰੀ ਨੇ ਸੱਤ ਮਹੀਨਿਆਂ ਤੋਂ ਵੱਧ ਸਮੇਂ ਲਈ ਨਿਰਣਾ ਕੀਤਾ ਸੀ।
ਇਮਤਿਆਜ਼ ਦੇ ਨਿਰਦੇਸ਼ਨ ’ਚ ਬਣੀ ‘ਅਮਰ ਸਿੰਘ ਚਮਕੀਲਾ’ 12 ਅਪ੍ਰੈਲ 2024 ਨੂੰ ਰਿਲੀਜ਼ ਹੋਈ ਸੀ, ਜਿਸ ’ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ’ਚ ਸਨ ਅਤੇ ਪਰਿਣੀਤੀ ਚੋਪੜਾ ਉਨ੍ਹਾਂ ਦੀ ਪ੍ਰੇਮਿਕਾ ਦੇ ਰੂਪ ’ਚ ਨਜ਼ਰ ਆਈ ਸੀ। ਫਿਲਮ ਨੂੰ ਚਾਰ ਸ਼੍ਰੇਣੀਆਂ ਵਿਚ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ’ਚੋਂ ਤਿੰਨ ਜਿੱਤੇ ਸਨ।
ਇਮਤਿਆਜ਼ ਅਤੇ ਉਸ ਦੇ ਪਟਕਥਾ ਲੇਖਕ ਭਰਾ ਸਾਜਿਦ ਅਲੀ ਨੇ ਬਿਹਤਰੀਨ ਕਹਾਣੀ ਅਤੇ ਬਿਹਤਰੀਨ ਸਕ੍ਰੀਨਪਲੇਅ ਲਈ ਦੋ ਟਰਾਫੀਆਂ ਜਿੱਤੀਆਂ। ਤੀਜਾ ਪੁਰਸਕਾਰ ਗੀਤਕਾਰ ਇਰਸ਼ਾਦ ਕਾਮਿਲ ਨੂੰ ਫਿਲਮ ਦੇ ਟਰੈਕ ‘ਬਾਜਾ’ ਉਤੇ ਉਨ੍ਹਾਂ ਦੇ ਕੰਮ ਲਈ ਮਿਲਿਆ।
ਇਰਸ਼ਾਦ ਨੇ ਕਿਹਾ ਕਿ ਉਹ ਸਨਮਾਨ ਜਿੱਤ ਕੇ ਖੁਸ਼ ਹੈ। ਉਨ੍ਹਾਂ ਕਿਹਾ, ‘‘ਅੱਜ ਰਾਤ ਬਹੁਤ ਸਾਰੀਆਂ ਚੀਜ਼ਾਂ ਸਾਬਤ ਹੋਈਆਂ, ਜਿਸ ਵਿਚ ਕੁੱਝ ਅਜਿਹਾ ਵੀ ਸ਼ਾਮਲ ਸੀ ਜੋ ਮੈਂ ਹਮੇਸ਼ਾ ਵਿਸ਼ਵਾਸ ਕੀਤਾ ਸੀ। ਲੇਖਕ ਲਈ ਲਿਖਣਾ ਸੌਖਾ ਨਹੀਂ ਹੁੰਦਾ। ਉਨ੍ਹਾਂ ਦੀ ਆਤਮਾ ਵਿਚ ਇਕ ਪੂਰਾ ਬ੍ਰਹਿਮੰਡ ਹੈ, ਜਿਸ ਨੂੰ ਉਹ ਲਿਖਣ ਲਈ ਬੁਲਾਉਂਦੇ ਹਨ। ਮੇਰੇ ਲਈ ਇਹ ਸਮਝਣਾ ਮੁਸ਼ਕਲ ਸੀ ਕਿ ਚਮਕੀਲਾ ਕਿਵੇਂ ਲਿਖੇਗਾ। ਮੈਂ ਬਹੁਤ ਖੁਸ਼ ਹਾਂ ਕਿ ਮੈਂ ‘ਬਾਜਾ’ ਲਈ ਇਹ ਜਿੱਤਿਆ।’’
ਫੀਚਰ ਫਿਲਮ ਸ਼੍ਰੇਣੀ ’ਚ ਕੁਨਾਲ ਖੇਮੂ, ਜਿਨ੍ਹਾਂ ਨੇ ‘ਮਡਗਾਓਂ ਐਕਸਪ੍ਰੈਸ’ ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਸੀ, ਨੂੰ ਅਪਣੀ ਫਿਲਮ ਲਈ ਬਿਹਤਰੀਨ ਸੰਵਾਦ ਪੁਰਸਕਾਰ ਮਿਲਿਆ।
ਬਿਹਤਰੀਨ ਪਹਿਲੀ ਫੀਚਰ ਫਿਲਮ ਸ਼੍ਰੇਣੀ ’ਚ ਤਿੰਨ ਜੇਤੂ ਰਹੇ: ‘ਗਰਲਜ਼ ਵਿਲ ਬੀ ਗਰਲਜ਼’ ਲਈ ਸ਼ੁਚੀ ਤਲਾਟੀ, ‘ਲਾਪਤਾਤਾ ਲੇਡੀਜ਼’ ਲਈ ਬਿਪਲਬ ਗੋਸਵਾਮੀ ਅਤੇ ਸਨੇਹਾ ਦੇਸਾਈ ਅਤੇ ‘ਸੈਕਟਰ 36’ ਲਈ ਬੋਧਯਾਨ ਰਾਏਚੌਧਰੀ।
ਵੈੱਬ (ਡਰਾਮਾ) ਸੈਕਸ਼ਨ ’ਚ ‘ਫ੍ਰੀਡਮ ਐਟ ਮਿਡਨਾਈਟ’ ਨੂੰ ਦੋ ਪੁਰਸਕਾਰ ਮਿਲੇ: ਅਭਿਨੰਦਨ ਗੁਪਤਾ ਲਈ ਬਿਹਤਰੀਨ ਕਹਾਣੀ ਅਤੇ ਗੁਪਤਾ, ਅਦਵਿਤੀਆ ਕਰੇਂਗ ਦਾਸ, ਗੁਨਦੀਪ ਕੌਰ ਅਤੇ ਰੇਵੰਤਾ ਸਾਰਾਭਾਈ ਲਈ ਬਿਹਤਰੀਨ ਸਕ੍ਰੀਨਪਲੇਅ।
ਅਨੁਭਵ ਸਿਨਹਾ ਅਤੇ ਤ੍ਰਿਸ਼ਾਂਤ ਸ਼੍ਰੀਵਾਸਤਵ ਨੇ ‘ਆਈ.ਸੀ. 814: ਦਿ ਕੰਧਾਰ ਹਾਈਜੈਕ’ ਵਿਚ ਅਪਣੇ ਕੰਮ ਲਈ ਬਿਹਤਰੀਨ ਸੰਵਾਦ ਪੁਰਸਕਾਰ ਜਿੱਤਿਆ।
‘ਰਾਤ ਜਵਾਨ ਹੈ’ ਨੇ ਵੈੱਬ (ਕਾਮੇਡੀ/ਮਿਊਜ਼ਿਕਲ/ਰੋਮਾਂਸ) ਸ਼੍ਰੇਣੀ ’ਚ ਖਯਾਤੀ ਆਨੰਦ-ਪੁਥਰਾਨ ਲਈ ਬਿਹਤਰੀਨ ਸੰਵਾਦ ਅਤੇ ਸਕ੍ਰੀਨਪਲੇਅ ਸਨਮਾਨ ਲਈ ਪੁਰਸਕਾਰ ਜਿੱਤਿਆ। ਲੇਖਕ ਆਤਮਿਕਾ ਡਿਡਵਾਨੀਆ, ਕਰਨ ਸਿੰਘ ਤਿਆਗੀ, ਆਨੰਦ ਤਿਵਾੜੀ, ਸੇਜਲ ਪਚੀਸੀਆ ਅਤੇ ਦਿਗਾਂਤ ਪਾਟਿਲ ਨੂੰ ‘ਬੰਦੀਸ਼ ਬੈਂਡਿਟਸ’ ਸੀਜ਼ਨ 2 ਲਈ ਬਿਹਤਰੀਨ ਕਹਾਣੀ ਦਾ ਪੁਰਸਕਾਰ ਦਿਤਾ ਗਿਆ।
ਟੈਲੀਵਿਜ਼ਨ ਸੈਕਸ਼ਨ ’ਚ, ‘ਅਨੁਪਮਾ’ ਨੇ ਸੱਭ ਤੋਂ ਵਧੀਆ ਸੰਵਾਦ ਜਿੱਤੇ, ਜਿਸ ਨੂੰ ਦਿਵੀ ਨਿਧੀ ਸ਼ਰਮਾ ਅਤੇ ਅਪਰਾਜਿਤਾ ਸ਼ਰਮਾ ਨੇ ਲਿਖਿਆ ਹੈ। ਲੀਨਾ ਗੰਗੋਪਾਧਿਆਏ ਨੂੰ ‘ਇਸ ਇਸ਼ਕ ਕਾ...’ ’ਚ ਉਨ੍ਹਾਂ ਦੇ ਕੰਮ ਲਈ ਬਿਹਤਰੀਨ ਸਕ੍ਰੀਨਪਲੇਅ ਦਾ ਪੁਰਸਕਾਰ ਮਿਲਿਆ। ‘ਰੱਬ ਰੱਖਾ‘ ਅਤੇ ਅਮਿਤਾਭ ਸਿੰਘ ਰਾਮਕਸ਼ਤਰਾ ਨੂੰ ‘ਜੁਬਲੀ ਟਾਕੀਜ਼’ ਲਈ ਬਿਹਤਰੀਨ ਕਹਾਣੀ ਦਾ ਪੁਰਸਕਾਰ ਮਿਲਿਆ। ਟੀਵੀ/ਵੈੱਬ ਲਈ ਬਿਹਤਰੀਨ ਗੀਤ ਜੂਨੋ ਨੂੰ ‘ਗੁਲਕ’ ਸੀਜ਼ਨ 4 ਦੇ ‘ਫੀਲਿੰਗ ਨਈ ਹੈ’ ਲਈ ਮਿਲੇ।