
ਸਵੇਰੇ ਕਰੀਬ 5 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ
Salman Khan: ਮੁੰਬਈ - ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਗੋਲੀ ਚੱਲੀ ਹੈ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਅਣਪਛਾਤਾ ਵਿਅਕਤੀ ਹਵਾ 'ਚ ਫਾਇਰਿੰਗ ਕਰਕੇ ਫਰਾਰ ਹੋ ਗਿਆ। ਸਵੇਰੇ ਕਰੀਬ 5 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੋਲੀ ਚਲਾਉਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮ ਵੀ ਜਾਂਚ ਲਈ ਪਹੁੰਚ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਸਵੇਰੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਸਥਾਨਕ ਲੋਕਾਂ ਦੇ ਅਨੁਸਾਰ, ਹੈਲਮੇਟ ਪਹਿਨੇ ਦੋ ਅਣਪਛਾਤੇ ਵਿਅਕਤੀ ਇੱਕ ਮੋਟਰਸਾਈਕਲ 'ਤੇ ਤੇਜ਼ ਰਫ਼ਤਾਰ ਨਾਲ ਆਏ ਅਤੇ ਹਨੇਰੇ ਅਤੇ ਸੁੰਨਸਾਨ ਸੜਕ 'ਤੇ ਜਾਣ ਤੋਂ ਪਹਿਲਾਂ ਗਲੈਕਸੀ ਅਪਾਰਟਮੈਂਟ ਦੀ ਦਿਸ਼ਾ ਵਿਚ ਘੱਟੋ-ਘੱਟ ਚਾਰ ਗੋਲੀਆਂ ਚਲਾਈਆਂ।
ਸਲਮਾਨ ਖਾਨ ਨੂੰ ਪੰਜਾਬ ਦੇ ਕੁਝ ਮਾਫੀਆ ਗਰੁੱਪਾਂ ਜਿਵੇਂ ਕਿ ਲਾਰੈਂਸ ਬਿਸ਼ਨੋਈ ਗੈਂਗ ਤੋਂ ਖ਼ਤਰਾ ਹੈ। ਪਿਛਲੇ ਕੁਝ ਸਾਲਾਂ ਤੋਂ ਸਲਮਾਨ ਅਤੇ ਉਸ ਦੇ ਪਿਤਾ ਸਲੀਮ ਖਾਨ ਨੂੰ ਵੱਖ-ਵੱਖ ਤਰੀਕਿਆਂ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਰਿਵਾਰ ਨੂੰ ਪੱਤਰ ਵੀ ਭੇਜਿਆ ਗਿਆ। ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਉਸ ਸਮੇਂ ਸਲਮਾਨ ਖਾਨ ਘਰ ਵਿਚ ਸੀ ਜਾਂ ਨਹੀਂ। ਬਾਂਦਰਾ ਪੁਲਿਸ ਦੀ ਇਕ ਟੀਮ ਖ਼ਾਨ ਦੇ ਘਰ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਆਸਪਾਸ ਦੇ ਇਲਾਕਿਆਂ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਿਸ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਗੋਲੀ ਚਲਾਉਣ ਵਾਲੇ ਕੌਣ ਸਨ।