
ਧਮਕੀ ਮਿਲਣ ਤੋਂ ਬਾਅਦ ਸਲਮਾਨ ਦੀ ਵਧਾਈ ਸੁਰੱਖਿਆ
Salman Khan again received death threats: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਮੁੰਬਈ ਟਰਾਂਸਪੋਰਟ ਵਿਭਾਗ ਦੇ ਵਰਲੀ ਦਫ਼ਤਰ ਦੇ ਵਟਸਐਪ ਨੰਬਰ 'ਤੇ ਇੱਕ ਸੰਦੇਸ਼ ਰਾਹੀਂ ਦਿੱਤੀ ਗਈ ਹੈ।
ਇਸ ਧਮਕੀ ਭਰੇ ਸੁਨੇਹੇ ਵਿੱਚ ਸਲਮਾਨ ਖ਼ਾਨ ਨੂੰ ਨਾ ਸਿਰਫ਼ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਸਗੋਂ ਇਹ ਵੀ ਕਿਹਾ ਗਿਆ ਸੀ ਕਿ ਹਮਲਾਵਰ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ 'ਤੇ ਹਮਲਾ ਕਰਨਗੇ। ਇੰਨਾ ਹੀ ਨਹੀਂ, ਅਦਾਕਾਰ ਦੀ ਕਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਵਰਲੀ ਪੁਲਿਸ ਸਟੇਸ਼ਨ ਵਿੱਚ ਇੱਕ ਅਣਪਛਾਤੇ ਵਿਅਕਤੀ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਸੁਨੇਹਾ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰਨ ਅਤੇ ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੇ ਕੁਝ ਸਮੇਂ ਤੋਂ ਸਲਮਾਨ ਖਾਨ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਨਵੰਬਰ ਵਿੱਚ, ਬਾਲੀਵੁੱਡ ਅਦਾਕਾਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਪਿਛਲੇ ਸਾਲ 12 ਨਵੰਬਰ ਨੂੰ ਮੁੰਬਈ ਪੁਲਿਸ ਨੇ ਸਲਮਾਨ ਖ਼ਾਨ ਨੂੰ ਧਮਕੀ ਭਰੇ ਸੁਨੇਹੇ ਭੇਜਣ ਦੇ ਦੋਸ਼ ਵਿੱਚ ਕਰਨਾਟਕ ਤੋਂ 24 ਸਾਲਾ ਸੋਹੇਲ ਪਾਸ਼ਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ, 20 ਸਾਲਾ ਮੁਹੰਮਦ ਤਇਅਬ ਅਲੀ ਨੂੰ ਸੁਪਰਸਟਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਨੋਇਡਾ, ਯੂਪੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।