
ਦੋ ਡਾਇਰੈਕਟਰਾਂ ਅਤੇ ਇੱਕ ਕਰਮਚਾਰੀ ਦੇ ਖਿਲਾਫ਼ ਪਹਿਲੀ ਨਜ਼ਰੇ ਸਮਝੌਤਾਯੋਗ ਅਪਰਾਧ ਬਣਾਇਆ ਗਿਆ ਹੈ।
Shilpa Shetty-Raj Kundra: ਮੁੰਬਈ - ਮੁੰਬਈ ਦੀ ਇੱਕ ਸਥਾਨਕ ਅਦਾਲਤ ਨੇ ਪੁਲਿਸ ਨੂੰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ, ਉਸ ਦੇ ਪਤੀ ਰਾਜ ਕੁੰਦਰਾ ਅਤੇ ਹੋਰਾਂ ਦੇ ਖਿਲਾਫ਼ ਇੱਕ ਗੋਲਡ ਸਕੀਮ ਵਿਚ ਇੱਕ ਨਿਵੇਸ਼ਕ ਨਾਲ ਧੋਖਾਧੜੀ ਕਰਨ ਦੀ ਸ਼ਿਕਾਇਤ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਿਛਲੇ ਮੰਗਲਵਾਰ ਨੂੰ ਦਿੱਤੇ ਹੁਕਮਾਂ ਵਿਚ ਵਧੀਕ ਸੈਸ਼ਨ ਜੱਜ ਐਨ.ਪੀ.ਮਹਿਤਾ ਨੇ ਕਿਹਾ ਕਿ ਕੁੰਦਰਾ ਜੋੜੇ ਦੀ ਕੰਪਨੀ ਸਤਯੁਗ ਗੋਲਡ ਪ੍ਰਾਈਵੇਟ ਲਿਮਟਡ ਇਸ ਦੇ ਨਾਲ ਹੀ ਕੰਪਨੀ ਦੇ ਦੋ ਡਾਇਰੈਕਟਰਾਂ ਅਤੇ ਇੱਕ ਕਰਮਚਾਰੀ ਦੇ ਖਿਲਾਫ਼ ਪਹਿਲੀ ਨਜ਼ਰੇ ਸੰਗੀਨ ਅਪਰਾਧ ਬਣਾਇਆ ਗਿਆ ਹੈ।
ਅਦਾਲਤ ਨੇ ਬੀਕੇਸੀ ਥਾਣੇ ਨੂੰ ਰਿਧੀ ਸਿੱਧੀ ਬੁਲੀਅਨਜ਼ ਦੇ ਪ੍ਰਬੰਧ ਨਿਰਦੇਸ਼ਕ ਪ੍ਰਿਥਵੀਰਾਜ ਕੋਠਾਰੀ ਵੱਲੋਂ ਦਾਇਰ ਸ਼ਿਕਾਇਤ ਵਿੱਚ ਲਾਏ ਦੋਸ਼ਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੱਜ ਨੇ ਪੁਲਿਸ ਨੂੰ ਕਿਹਾ ਕਿ ਜੇਕਰ ਦੋਸ਼ੀ ਵਿਅਕਤੀਆਂ ਦੁਆਰਾ ਕੋਈ ਵੀ ਅਪਰਾਧ ਕੀਤਾ ਪਾਇਆ ਜਾਂਦਾ ਹੈ ਤਾਂ ਧੋਖਾਧੜੀ ਅਤੇ ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਲਈ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ।
ਵਕੀਲ ਹਰੀਕ੍ਰਿਸ਼ਨ ਮਿਸ਼ਰਾ ਅਤੇ ਵਿਸ਼ਾਲ ਆਚਾਰੀਆ ਦੇ ਜ਼ਰੀਏ ਦਾਇਰ ਸ਼ਿਕਾਇਤ 'ਚ ਕੋਠਾਰੀ ਨੇ ਕਿਹਾ ਕਿ ਕੁੰਦਰਾ ਜੋੜੇ ਨੇ 2014 'ਚ ਗੋਲਡ ਸਕੀਮ ਸ਼ੁਰੂ ਕੀਤੀ ਸੀ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਨੇ ਦੋਸ਼ੀ ਵਿਅਕਤੀਆਂ ਵੱਲੋਂ 2 ਅਪ੍ਰੈਲ 2019 ਨੂੰ 5,000 ਗ੍ਰਾਮ 24 ਕੈਰੇਟ ਸੋਨਾ ਡਿਲੀਵਰ ਕੀਤੇ ਜਾਣ ਦੇ ਭਰੋਸੇ ਦੇ ਆਧਾਰ 'ਤੇ 5 ਸਾਲਾਂ ਦੀ ਸਕੀਮ ਤਹਿਤ 90,38,600 ਰੁਪਏ ਦਾ ਨਿਵੇਸ਼ ਕੀਤਾ। ਪਰ ਪਟੀਸ਼ਨਰ ਨੂੰ ਕੁਝ ਨਹੀਂ ਮਿਲਿਆ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਇੱਕ ਪੂਰੀ ਤਰ੍ਹਾਂ ਧੋਖਾਧੜੀ ਵਾਲੀ ਸਕੀਮ ਨੂੰ ਅੰਜਾਮ ਦੇ ਕੇ, ਮੁਲਜ਼ਮਾਂ ਨੇ ਇੱਕ ਦੂਜੇ ਨਾਲ ਧੋਖਾਧੜੀ ਅਤੇ ਵਿਸ਼ਵਾਸ ਤੋੜਨ ਦੀ ਸਾਜ਼ਿਸ਼ ਰਚੀ।