
Sandeepa Virk News: ਈਡੀ ਨੇ ਛਾਪੇਮਾਰੀ ਤੋਂ ਬਾਅਦ ਕੀਤੀ ਕਾਰਵਾਈ
Instagram influencer Sandeepa Virk arrested News: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੰਸਟਾਗ੍ਰਾਮ ਪ੍ਰਭਾਵਕ ਸੰਦੀਪਾ ਵਿਰਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੰਦੀਪਾ 'ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਈਡੀ ਨੇ ਦਿੱਲੀ ਅਤੇ ਮੁੰਬਈ ਵਿੱਚ ਸੰਦੀਪਾ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਸ ਵੇਲੇ ਈਡੀ ਸੰਦੀਪਾ ਵਿਰਕ ਤੋਂ ਪੁੱਛਗਿੱਛ ਕਰ ਰਹੀ ਹੈ। ਅਦਾਲਤ ਨੇ ਈਡੀ ਨੂੰ ਸੰਦੀਪਾ ਨੂੰ 14 ਅਗਸਤ ਤੱਕ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ। ਪੜ੍ਹੋਂ ਆਖਿਰ ਕੌਣ ਹੈ ਸੰਦੀਪਾ ਵਿਰਕ
ਕੌਣ ਹੈ ਸੰਦੀਪਾ ਵਿਰਕ
ਸੰਦੀਪਾ ਵਿਰਕ ਕੰਨੜ ਫ਼ਿਲਮ ਇੰਡਸਟਰੀ ਦੀ ਇੱਕ ਮਸ਼ਹੂਰ ਅਦਾਕਾਰਾ ਹੈ। ਸੰਦੀਪਾ ਵਿਰਕ, ਜੋ ਦਿੱਲੀ ਵਿੱਚ ਵੱਡੀ ਹੋਈ ਅਤੇ ਮਾਡਲਿੰਗ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਹੈ, ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ ਗਨ ਐਂਡ ਗੋਲ ਨਾਲ ਕੀਤੀ ਸੀ। ਸੰਦੀਪਾ ਨੇ ਇੱਕ ਮਲਿਆਲਮ ਫ਼ਿਲਮ ਵੀ ਕੀਤੀ ਹੈ।
ਫ਼ਿਲਮਾਂ ਵਿਚ ਕੰਮ ਮਿਲਣਾ ਬੰਦ ਹੋਣ ਤੋਂ ਬਾਅਦ, ਸੰਦੀਪਾ ਸੋਸ਼ਲ ਮੀਡੀਆ 'ਤੇ ਸਰਗਰਮ ਹੈ। ਸੰਦੀਪਾ ਵਿਰਕ ਇੱਕ ਵੈੱਬਸਾਈਟ hyboocare.com ਦੀ ਵੀ ਮਾਲਕਣ ਹੈ ਜੋ FDA-ਪ੍ਰਵਾਨਿਤ ਸੁੰਦਰਤਾ ਉਤਪਾਦ ਵੇਚਦੀ ਹੈ। ਉਹ ਇੱਕ ਇੰਸਟਾਗ੍ਰਾਮ ਪ੍ਰਭਾਵਕ ਹੈ। ਇੰਸਟਾਗ੍ਰਾਮ 'ਤੇ ਉਸ ਦੇ 12 ਲੱਖ ਫਾਲੋਅਰਜ਼ ਹਨ। ਸੰਦੀਪਾ ਸੋਸ਼ਲ ਮੀਡੀਆ ਤੋਂ ਲੱਖਾਂ ਰੁਪਏ ਕਮਾਉਂਦੀ ਹੈ। ਕਿਹਾ ਜਾਂਦਾ ਹੈ ਕਿ ਸੰਦੀਪ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ।
ਇਹ ਮਾਮਲਾ ਰਿਲਾਇੰਸ ਕੈਪੀਟਲ ਨਾਲ ਜੁੜੇ ਕਥਿਤ ਫੰਡ ਡਾਇਵਰਸ਼ਨ ਨਾਲ ਸਬੰਧਤ ਹੈ। ਈਡੀ ਨੇ 12 ਅਤੇ 13 ਅਗਸਤ ਨੂੰ ਦਿੱਲੀ ਅਤੇ ਮੁੰਬਈ ਵਿੱਚ ਤਲਾਸ਼ੀ ਲਈ, ਜਿਸ ਵਿੱਚ ਸੰਦੀਪਾ ਵਿਰਕ ਅਤੇ ਹੁਣ ਬੰਦ ਹੋ ਚੁੱਕੀ ਰਿਲਾਇੰਸ ਕੈਪੀਟਲ ਲਿਮਟਿਡ ਦੇ ਸਾਬਕਾ ਡਾਇਰੈਕਟਰ ਅੰਗਾਰਾਈ ਨਟਰਾਜਨ ਸੇਥੁਰਮਨ ਵਿਚਕਾਰ ਕਥਿਤ ਮਿਲੀਭੁਗਤ ਦਾ ਖੁਲਾਸਾ ਹੋਇਆ।
ਇਹ ਜਾਂਚ ਪੰਜਾਬ ਪੁਲਿਸ (ਫੇਜ਼-8, ਐਸਏਐਸ ਨਗਰ) ਦੀ ਇੱਕ ਐਫ਼ਆਈਆਰ 'ਤੇ ਅਧਾਰਤ ਹੈ ਜਿਸ ਵਿੱਚ ਧੋਖਾਧੜੀ ਅਤੇ ਅਪਰਾਧਿਕ ਵਿਸ਼ਵਾਸਘਾਤ ਦਾ ਦੋਸ਼ ਲਗਾਇਆ ਗਿਆ ਹੈ। ਈਡੀ ਦਾ ਦੋਸ਼ ਹੈ ਕਿ ਸੰਦੀਪਾ ਵਿਰਕ ਨੇ ਝੂਠੇ ਦਾਅਵਿਆਂ ਅਤੇ ਝੂਠੇ ਵਾਅਦਿਆਂ ਰਾਹੀਂ ਜਾਇਦਾਦਾਂ ਖ਼ਰੀਦੀਆਂ ਅਤੇ ਆਪਣੀ ਵੈੱਬਸਾਈਟ hyboocare.com ਰਾਹੀਂ ਗ਼ੈਰ-ਕਾਨੂੰਨੀ ਪੈਸਾ ਵੰਡਿਆ।
ਸਾਈਟ ਨੇ FDA-ਪ੍ਰਵਾਨਿਤ ਸੁੰਦਰਤਾ ਉਤਪਾਦ ਵੇਚਣ ਦਾ ਦਾਅਵਾ ਕੀਤਾ ਸੀ, ਪਰ ਜਾਂਚ ਤੋਂ ਪਤਾ ਲੱਗਾ ਕਿ ਉਤਪਾਦ ਅਸਲੀ ਨਹੀਂ ਸਨ, ਭੁਗਤਾਨ ਪ੍ਰਣਾਲੀ ਕੰਮ ਨਹੀਂ ਕਰ ਰਹੀ ਸੀ ਅਤੇ ਸੋਸ਼ਲ ਮੀਡੀਆ 'ਤੇ ਗਾਹਕਾਂ ਦੀ ਸ਼ਮੂਲੀਅਤ ਬਹੁਤ ਘੱਟ ਸੀ। ਈਡੀ ਦੀ ਛਾਪੇਮਾਰੀ ਦੌਰਾਨ, ਸੇਥੁਰਮਨ ਦੇ ਘਰੋਂ ਸੰਦੀਪਾ ਨਾਲ ਕਥਿਤ ਗੈਰ-ਕਾਨੂੰਨੀ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ ਅਤੇ ਫੰਡ ਡਾਇਵਰਸ਼ਨ ਦੇ ਸਬੂਤ ਮਿਲੇ ਹਨ।
ਈਡੀ ਨੇ ਕਈ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ ਹਨ। ਸੰਦੀਪਾ ਵਿਰਕ ਨੂੰ 12 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਸ ਨੂੰ 14 ਅਗਸਤ ਤੱਕ ਈਡੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਹੁਣ, ਈਡੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਸੰਦੀਪਾ ਦੀ ਆਲੀਸ਼ਾਨ ਜੀਵਨ ਸ਼ੈਲੀ, ਜਿਸ ਦਾ ਉਹ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਦੀ ਹੈ, ਰਿਲਾਇੰਸ ਨਾਲ ਜੁੜੇ ਇਨ੍ਹਾਂ ਫੰਡਾਂ ਦੀ ਵਰਤੋਂ ਕਰਕੇ ਚਲਾਈ ਜਾ ਰਹੀ ਸੀ ਜਾਂ ਹੋਰ ਗੈਰ-ਕਾਨੂੰਨੀ ਕਮਾਈਆਂ ਦੀ।
(For more news apart from “Instagram influencer Sandeepa Virk arrested News, ” stay tuned to Rozana Spokesman.)