ਸਰ੍ਹੋਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਸੈਸਿੰਗ ਦੀ ਮਹੱਤਤਾ 
Published : Feb 23, 2026, 7:40 am IST
Updated : Feb 23, 2026, 8:09 am IST
SHARE ARTICLE
Mustard Cultivation
Mustard Cultivation

ਸਰ੍ਹੋਂ ਦੀ ਫ਼ਸਲ ਲਈ ਕਣਕ ਦੇ ਮੁਕਾਬਲੇ ਘੱਟ ਖਾਦਾਂ ਅਤੇ ਪਾਣੀਆਂ ਦੀ ਲੋੜ ਹੁੰਦੀ ਹੈ।

ਖਾਣਯੋਗ ਤੇਲ ਮਨੁੱਖੀ ਸਰੀਰ ਲਈ ਲੋੜੀਂਦੀ ਰੋਜ਼ਾਨਾ ਊਰਜਾ ਦੇ ਚੰਗੇ ਸਰੋਤ ਹਨ। ਵੱਧ ਰਹੀ ਅਬਾਦੀ ਕਰ ਕੇ ਖਾਣਯੋਗ ਤੇਲ ਦੀ ਮੰਗ ਵੀ ਵੱਡੇ ਪੱਧਰ ’ਤੇ ਵੱਧ ਰਹੀ ਹੈ। ਮੌਜੂਦਾ ਸਥਿਤੀ ਅਨੁਸਾਰ ਭਾਰਤ ਵਿਚ ਖਾਣਯੋਗ ਤੇਲ ਦੀ ਅੰਦਾਜ਼ਨ 35-40 ਪ੍ਰਤੀਸ਼ਤ ਪੈਦਾਵਾਰ ਹੁੰਦੀ ਹੈ। ਸਾਨੂੰ ਸਲਾਨਾ ਅੰਦਾਜ਼ਨ 16 ਮਿਲੀਅਨ ਟਨ ਖਾਣਯੋਗ ਤੇਲ ਬਾਹਰਲੇ ਮੁਲਕਾਂ ਤੋਂ ਮੰਗਵਾਉਣਾ ਪੈਂਦਾ ਹੈ ਜਿਸ ਦੀ ਬਜ਼ਾਰੂ ਕੀਮਤ ਅੰਦਾਜ਼ਨ 1.60 ਲੱਖ ਕਰੋੜ ਰੁਪਏ ਬਣਦੀ ਹੈ। ਸੰਸਾਰ ਭਰ ਵਿਚੋਂ ਭਾਰਤ ਖਾਣਯੋਗ ਤੇਲ ਦਾ ਸਭ ਤੋਂ ਵੱਡਾ ਖਪਤਕਾਰ ਹੋਣ ਦੇ ਨਾਲ ਨਾਲ ਸਭ ਤੋਂ ਵੱਡਾ ਦਰਾਮਦਕਾਰ ਵੀ ਹੈ। ਸਾਡੀ ਘਰੇਲੂ ਮੰਗ ਦੀ ਪੂਰਤੀ ਕਰਨ ਲਈ ਖਾਣਯੋਗ ਤੇਲ ਦੀਆਂ ਫ਼ਸਲਾਂ ਦੀ ਕਾਸ਼ਤ ਹੇਠ ਰਕਬਾ ਵਧਾਉਣ ਦੀ ਵੱਡੇ ਪੱਧਰ ’ਤੇ ਲੋੜ ਹੈ।

ਸਰ੍ਹੋਂ ਦੇ ਤੇਲ ਵਿਚ ਮੌਜੂਦ ਚੰਗੇ ਲੌੜੀਂਦੇ ਖੁਰਾਕੀ ਤੱਤਾਂ ਕਰ ਕੇ ਇਸ ਦਾ ਖਾਣਯੋਗ ਤੇਲ ਵਿਚ ਅਹਿਮ ਸਥਾਨ ਹੈ। ਇਸ ਤੋਂ ਇਲਾਵਾ ਸਰ੍ਹੋਂ ਦੀ ਫ਼ਸਲ ਲਈ ਕਣਕ ਦੇ ਮੁਕਾਬਲੇ ਘੱਟ ਖਾਦਾਂ ਅਤੇ ਪਾਣੀਆਂ ਦੀ ਲੋੜ ਹੁੰਦੀ ਹੈ। ਪਰ ਆਮ ਤੌਰ ਤੇ ਸਰ੍ਹੋਂ ਦੀ ਫ਼ਸਲ ਦਾ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਵਿਕਣਾ, ਘੱਟ ਮਸ਼ੀਨੀਕਰਨ ਅਤੇ ਕਣਕ ਦੀ ਫ਼ਸਲ ਦੀ ਪੱਕੀ ਖ਼ਰੀਦ ਹੋਣ ਕਰ ਕੇ ਇਸ ਫ਼ਸਲ ਹੇਠ ਰਕਬਾ ਦਿਨੋਂ ਦਿਨ ਘੱਟਦਾ ਜਾ ਰਿਹਾ ਹੈ। ਪੰਜਾਬ ਵਿਚ ਸਾਲ 1970 ਦੇ ਦੌਰਾਨ ਸਰ੍ਹੋਂ ਦੀ ਫ਼ਸਲ ਹੇਠ ਜੋ ਰਕਬਾ ਪੰਜ ਲੱਖ ਹੈਕਟੇਅਰ ਸੀ ਉਹ ਸਾਲ 2024-25 ਦੌਰਾਨ ਘੱਟ ਕੇ ਸਿਰਫ਼ 42000 ਹੈਕਟੇਅਰ ਰਹਿ ਗਿਆ ਹੈ। ਹੁਣ ਫ਼ਾਜ਼ਿਲਕਾ, ਬਠਿੰਡਾ, ਮਾਨਸਾ, ਹੁਸ਼ਿਆਰਪੁਰ, ਗੁਰਦਾਸਪੁਰ ਆਦਿ ਜ਼ਿਲ੍ਹਿਆਂ ਵਿਚ ਜਿੱਥੇ ਪਾਣੀ ਦੀ ਘਾਟ ਵਾਲੀਆਂ ਜ਼ਮੀਨਾਂ ਹਨ ਉੱਥੇ ਸਰ੍ਹੋਂ ਦੀ ਬਿਜਾਈ ਕੀਤੀ ਜਾਂਦੀ ਹੈ।

ਸਰ੍ਹੋਂ ਦੀ ਫ਼ਸਲ ਤੋਂ ਔਸਤਨ ਝਾੜ 7-8 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ। ਭਾਰਤ ਸਰਕਾਰ ਵਲੋਂ ਹਾੜ੍ਹੀ 2025-26 ਦੌਰਾਨ ਸਰ੍ਹੋਂ ਦੀ ਫ਼ਸਲ ਦਾ ਘੱਟੋ ਘੱਟ ਸਮਰਥਨ ਮੁੱਲ 6200 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਜੇਕਰ ਕਿਸਾਨ ਫ਼ਸਲ ਵੱਢਣ ਉਪਰੰਤ ਸਿੱਧਾ ਮੰਡੀ ਵਿਚ ਵੇਚਣ ਦੀ ਬਜਾਏ ਮੁੱਲ ਵਾਧਾ ਕਰਨ ਦੇ ਲਈ ਪ੍ਰੋਸੈਸਿੰਗ ਕਰ ਕੇ ਸਵੈ-ਮੰਡੀਕਰਨ ਕਰਨ ਤਾਂ ਜਿੱਥੇ ਇਹ ਉਨ੍ਹਾਂ ਦੀ ਆਮਦਨ ਵਧਾਉਣ ਵਿਚ ਸਹਾਈ ਹੋਵੇਗਾ ਉਥੇ ਹੀ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਅੱਜਕੱਲ ਬਜ਼ਾਰਾਂ ਵਿਚ ਵਿੱਕ ਰਹੇ ਖਾਣਯੋਗ ਉਤਪਾਦਾਂ ਵਿਚ ਵਧੀ ਹੋਈ ਮਿਲਾਵਟਖੋਰੀ ਦੀ ਵਜ੍ਹਾ ਕਾਰਨ ਵੱਧ ਰਹੀਆਂ ਬਿਮਾਰੀਆਂ ਅਤੇ ਸਿਹਤ ਸਬੰਧੀ ਵਧੀ ਜਾਗਰੂਕਤਾ ਕਰ ਕੇ ਖਪਤਕਾਰ ਖਾਣਯੋਗ ਪਦਾਰਥਾਂ ਨੂੰ ਸਿੱਧਾ ਕਿਸਾਨ ਤੋਂ ਖਰੀਦਣ ਨੂੰ ਵਧੇਰੇ ਤਰਜੀਹ ਦੇਣ ਲੱਗੇ ਹਨ।

ਇਸ ਤੋਂ ਇਲਾਵਾ ਜੇਕਰ ਕਿਸੇ ਕਿਸਾਨ ਭਰਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫ਼ਾਰਸ਼ ਕਨੋਲਾ ਕਿਸਮਾਂ ਜੀਐਸਸੀ-6 (7S3 6), ਜੀਐਸਸੀ 7 (7S3 7), ਪੀਜੀਐਸਐਚ 1707 (P7S8 1707), ਆਰਸੀਐਚ 1 (R38 1) ਅਤੇ ਆਰਐਲਸੀ 3 (RL3 3) ਵਿਚੋਂ ਕਿਸੇ ਕਿਸਮ ਦੀ ਬਿਜਾਈ ਕੀਤੀ ਹੋਵੇ ਤਾਂ ਇਹ ਆਮਦਨ ਵਧਾਉਣ ਵਿਚ ਹੋਰ ਵੀ ਲਾਹੇਵੰਦ ਹੋ ਸਕਦਾ ਹੈ। ਕਨੋਲਾ ਸਰ੍ਹੋਂ ਤੋਂ ਤਿਆਰ ਤੇਲ ਵਿਚ ਇਰੁਸਿਕ ਐਸਿਡ (2% ਤੋਂ ਘੱਟ) ਅਤੇ ਗਲੂਕੋਸਿਨੋਲੇਟਸ (30 ਮਾਈਕ੍ਰੋਮੋਲ ਤੋਂ ਘੱਟ) ਦੀ ਮਾਤਰਾ ਆਮ ਕਿਸਮਾਂ ਦੇ ਮੁਕਾਬਲੇ ਘੱਟ ਹੋਣ ਕਰ ਕੇ ਬਜ਼ਾਰ ਵਿਚ ਇਨ੍ਹਾਂ ਦੀ ਮੰਗ ਕਾਫ਼ੀ ਵਧ ਰਹੀ ਹੈ। ਸਰ੍ਹੋਂ ਦੇ ਤੇਲ ਵਿਚ ਇਰੁਸਿਕ ਐਸਿਡ ਘੱਟ ਹੋਣ ਕਰ ਕੇ ਦਿਲ ਦੇ ਰੋਗਾਂ ਦਾ ਖ਼ਤਰਾ ਘੱਟ ਰਹਿੰਦਾ ਹੈ ਅਤੇ ਗਲੂਕੋਸਿਨੋਲੇਟਸ ਦੀ ਘੱਟ ਮਾਤਰਾ ਕਾਰਨ ਤਿਆਰ ਖਲ ਪਸ਼ੂਆਂ ਦੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਛੋਟੇ ਪੱਧਰ ਤੇ ਮਕੈਨੀਕਲ ਐਕਸਪੈਲਰ ਰਾਹੀ ਸਰ੍ਹੋਂ ਤੋਂ ਤੇਲ ਕੱਢਣਾ ਸਸਤਾ ਅਤੇ ਸੌਖਾ ਤਰੀਕਾ ਹੈ।

ਇਸ ਨਾਲ ਤੇਲ ਦਾ ਕੁਦਰਤੀ ਰੰਗ, ਗੰਧ, ਸਵਾਦ ਅਤੇ ਹੋਰ ਭੌਤਿਕ ਤੇ ਰਸਾਇਣਕ ਗੁਣ ਵੀ ਨਹੀਂ ਬਦਲਦੇ। ਆਮ ਤੌਰ ਤੇ ਸਰ੍ਹੋਂ ਦੀਆਂ ਵੱਖ ਵੱਖ ਕਿਸਮਾਂ ਤੋਂ ਇਕ ਕੁਇੰਟਲ ਸਰ੍ਹੋਂ ਮਗਰ 32-35 ਕਿਲੋ ਤੇਲ ਨਿਕਲਦਾ ਹੈ ਜਿਸ ਨੂੰ ਅੱਗੇ 180-220 ਰੁਪਏ ਪ੍ਰਤੀ ਲੀਟਰ ਵੇਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਕ ਕੁਇੰਟਲ ਸਰੋਂ੍ਹ ਤੋਂ 65-68 ਕਿਲੋ ਖਲ ਨਿਕਲਦੀ ਹੈ ਜਿਸ ਦੀ ਔਸਤਨ ਬਜ਼ਾਰੂ ਕੀਮਤ 3000-3200 ਰੁਪਏ ਪ੍ਰਤੀ ਕੁਇੰਟਲ ਮਿਲ ਜਾਂਦੀ ਹੈ। ਜੇਕਰ ਕੋਈ ਕਿਸਾਨ ਅਪਣਾ ਤੇਲ ਪ੍ਰੋਸੈਸਿੰਗ ਯੂਨਿਟ ਲਗਾਉਣਾ ਚਾਹੁੰਦਾ ਹੈ ਤਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕੌਮੀ ਖਾਣਯੋਗ ਤੇਲ ਮਿਸ਼ਨ ਦੇ ਤਹਿਤ ਅਤੇ ਪੰਜਾਬ ਐਗਰੋ ਅਦਾਰੇ ਵਲੋਂ ਪੀ ਐਮ ਐਫ ਐਮ ਈ ਸਕੀਮ ਅਧੀਨ ਮਹੁੱਇਆ ਕਰਵਾਈ ਜਾ ਰਹੀ 35 ਪ੍ਰਤੀਸ਼ਤ ਵਿੱਤੀ ਮੱਦਦ ਦਾ ਲਾਭ ਲਿਆ ਜਾ ਸਕਦਾ ਹੈ।

ਛੋਟੇ ਅਤੇ ਸੀਮਾਂਤ ਕਿਸਾਨ ਸ਼ੁਰੂਆਤ ਵਿਚ ਅਪਣਾ ਪ੍ਰੋਸੈਸਿੰਗ ਯੂਨਿਟ ਲਗਾਉਣ ਦੀ ਬਜਾਏ ਜੇਕਰ ਕਿਸੇ ਹੋਰ ਯੂਨਿਟ ਤੋਂ ਤੇਲ ਕੱਢਵਾ ਕੇ ਖੁਦ ਮੰਡੀਕਰਨ ਕਰਨ ਤਾਂ ਵਧੇਰੇ ਸਹਾਈ ਹੋ ਸਕਦਾ ਹੈ। ਕਿਸਾਨ ਸਰ੍ਹੋਂ ਦੇ ਤੇਲ ਦਾ ਮੰਡੀਕਰਨ ਕਰਨ ਲਈ ਸਭ ਤੋਂ ਪਹਿਲਾਂ ਜ਼ਰੂਰੀ ਐਫਐਸਐਸਏਆਈ (fssai) ਲਾਇਸੈਂਸ ਲੈਣ ਅਤੇ ਇਸ ਉਪਰੰਤ ਅਪਣੇ ਬ੍ਰਾਂਡ ਨੂੰ ਵਿਕਸਿਤ ਕਰਨ ਲਈ ਅਪਣਾ ਮਾਰਕਾ ਲਗਾ, ਚੰਗੀ ਪੈਕਿੰਗ ਕਰ ਕੇ ਲੋਕਲ ਬਜ਼ਾਰ, ਕਿਸਾਨ ਮੇਲੇ, ਆਨਲਾਈਨ ਜਾਂ ਸੋਸ਼ਲ ਮੀਡੀਆ ਰਾਹੀਂ ਵੇਚ ਸਕਦੇ ਹਨ। ਤੇਲ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ ਵਲੋਂ ਚਲਾਏ ਜਾਂਦੇ ਸਿਖਲਾਈ ਪ੍ਰੋਗਰਾਮਾਂ ਵਿਚ ਹਿੱਸਾ ਲੈ ਕੇ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਕੁਆਲਿਟੀ ਅਤੇ ਸ਼ੁੱਧਤਾ ਦੇ ਪੱਖੋਂ ਪ੍ਰਮਾਣਕਤਾ ਲਈ ਐਗਮਾਰਕ ਸਕੀਮ ਤਹਿਤ ਗ੍ਰੇਡਿੰਗ ਕਰਨ ਲਈ ਖੇਤੀਬਾੜੀ ਵਿਭਾਗ ਦੇ ਮੰਡੀਕਰਨ ਵਿੰਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇੱਕੋ ਫਸਲੀ ਚੱਕਰ ਝੋਨਾ-ਕਣਕ ਦੀ ਵਜ੍ਹਾ ਕਰ ਕੇ ਡਿੱਗਦੇ ਜਾ ਰਹੇ ਪਾਣੀ ਦੇ ਪੱਧਰ, ਵਾਤਾਵਰਣ ਅਤੇ ਖਰਾਬ ਹੋ ਰਹੀ ਮਿੱਟੀ ਦੀ ਸਿਹਤ ਦੇ ਮੱਦੇਨਜ਼ਰ ਫ਼ਸਲੀ ਵਿਭਿੰਨਤਾ ਵਿਚ ਸਹਾਈ ਸਰ੍ਹੋਂ ਅਤੇ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਨੂੰ ਪ੍ਰਫੁੱਲਿਤ ਕਰਨ ਲਈ ਅਜਿਹੀਆਂ ਮੁੱਲ ਵਾਧਾ ਵਿਧੀਆਂ ਅਪਣਾਉਣ ਦੀ ਅਹਿਮ ਜ਼ਰੂਰਤ ਹੈ।
ਮਨਜਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਮੰਡੀਕਰਨ) ਬਠਿੰਡਾ (ਮੋ. 9463018091)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement