
Allu Arjun: ਕੇਸ ਦੀ ਅਗਲੀ ਸੁਣਵਾਈ 21 ਜਨਵਰੀ, 2025 ਤਕ ਮੁਲਤਵੀ ਕਰ ਦਿੱਤੀ।
Allu Arjun: ਤੇਲੰਗਾਨਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਫ਼ਿਲਮ 'ਪੁਸ਼ਪਾ 2' ਦੀ ਸਕ੍ਰੀਨਿੰਗ ਦੌਰਾਨ ਇਕ ਔਰਤ ਦੀ ਮੌਤ ਦੇ ਮਾਮਲੇ 'ਚ ਤੇਲਗੂ ਅਦਾਕਾਰ ਅੱਲੂ ਅਰਜੁਨ ਨੂੰ ਚਾਰ ਹਫਤਿਆਂ ਲਈ ਅੰਤਰਿਮ ਜ਼ਮਾਨਤ ਦੇ ਦਿਤੀ ਹੈ। ਜਿਸ ਤੋਂ ਬਾਅਦ ਅੱਜ ਸਵੇਰੇ ਉਹ ਜੇਲ ਤੋਂ ਬਾਹਰ ਆ ਗਿਆ ਹੈ। ਦਰਅਸਲ, ਹੈਦਰਾਬਾਦ ਦੀ ਇੱਕ ਅਦਾਲਤ ਨੇ ਅਦਾਕਾਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਸੀ। ਜਿਸ ਤੋਂ ਬਾਅਦ ਇਹ ਮਾਮਲਾ ਤੇਲੰਗਾਨਾ ਹਾਈਕੋਰਟ ਪਹੁੰਚ ਗਿਆ। ਜ਼ਮਾਨਤ ਮਿਲਣ ਤੋਂ ਬਾਅਦ ਵੀ ਅਦਾਕਾਰ ਨੂੰ ਇੱਕ ਰਾਤ ਜੇਲ ਵਿਚ ਕੱਟਣੀ ਪਈ। ਕਿਉਂਕਿ ਸ਼ੁਕਰਵਾਰ ਦੇਰ ਰਾਤ ਤਕ ਜੇਲ੍ਹ ਪ੍ਰਸ਼ਾਸਨ ਨੂੰ ਜ਼ਮਾਨਤ ਦੀ ਕਾਪੀ ਨਹੀਂ ਮਿਲੀ ਸੀ।
ਹਾਈ ਕੋਰਟ ਨੇ ਅਭਿਨੇਤਾ ਨੂੰ ਅੰਤਰਿਮ ਜ਼ਮਾਨਤ ਦੇ ਦਿਤੀ ਸੀ ਅਤੇ ਉਸ ਨੂੰ ਮਾਮਲੇ ਦੀ ਜਾਂਚ ਵਿੱਚ ਅਧਿਕਾਰੀਆਂ ਨੂੰ ਸਹਿਯੋਗ ਕਰਨ ਦਾ ਨਿਰਦੇਸ਼ ਦਿਤਾ ਸੀ। ਅੱਲੂ ਅਰਜੁਨ ਨੂੰ ਬੀਤੇ ਦਿਨ ਆਪਣੀ ਰਿਲੀਜ਼ ਹੋਈ ਫ਼ਿਲਮ 'ਪੁਸ਼ਪਾ 2: ਦ ਰੂਲ' ਦੇ ਪ੍ਰੀਮੀਅਰ ਦੌਰਾਨ ਇੱਕ ਔਰਤ ਦੀ ਮੌਤ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤੀ ਹਿਰਾਸਤ ਦੇ ਹੁਕਮ ਤੋਂ ਬਾਅਦ ਸਖ਼ਤ ਸੁਰਖਿਆ ਵਿਚਕਾਰ ਉਸ ਨੂੰ ਚੰਚਲਗੁੜਾ ਜੇਲ ਭੇਜ ਦਿਤਾ ਗਿਆ ਸੀ।
4 ਦਸੰਬਰ ਦੀ ਰਾਤ ਨੂੰ ਅਭਿਨੇਤਾ ਦੀ ਇੱਕ ਝਲਕ ਦੇਖਣ ਲਈ ਸੰਧਿਆ ਥੀਏਟਰ ਵਿਚ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਇਕੱਠੇ ਹੋਏ ਸਨ। ਭਗਦੜ ਦੌਰਾਨ 35 ਸਾਲਾ ਰੇਵਤੀ ਨਾਂ ਦੀ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਅੱਠ ਸਾਲਾ ਪੁੱਤਰ ਜ਼ਖ਼ਮੀ ਹੋ ਗਿਆ। ਹੈਦਰਾਬਾਦ ਪੁਲਿਸ ਨੇ ਔਰਤ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਚਿੱਕੜਪੱਲੀ ਪੁਲਿਸ ਸਟੇਸ਼ਨ 'ਚ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 105 ਅਤੇ 118 (1) ਦੇ ਤਹਿਤ ਅੱਲੂ ਅਰਜੁਨ, ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
11 ਦਸੰਬਰ ਨੂੰ ਅੱਲੂ ਅਰਜੁਨ ਨੇ ਤੇਲੰਗਾਨਾ ਹਾਈ ਕੋਰਟ ਵਿਚ ਪਹੁੰਚ ਕੀਤੀ ਸੀ ਅਤੇ ਔਰਤ ਦੀ ਮੌਤ ਦੇ ਸਬੰਧ ਵਿਚ ਉਸਦੇ ਖ਼ਿਲਾਫ਼ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਸੀ। ਸਥਾਨਕ ਅਦਾਲਤ ਨੇ ਸ਼ੁਕਰਵਾਰ ਨੂੰ ਅਰਜੁਨ ਨੂੰ ਨਿਆਂਇਕ ਹਿਰਾਸਤ ਵਿਚ ਭੇਜਣ ਤੋਂ ਤੁਰੰਤ ਬਾਅਦ, ਹਾਈ ਕੋਰਟ ਨੇ ਉਸ ਨੂੰ ਚਾਰ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿਤੀ ਅਤੇ ਕੇਸ ਦੀ ਅਗਲੀ ਸੁਣਵਾਈ 21 ਜਨਵਰੀ, 2025 ਤਕ ਮੁਲਤਵੀ ਕਰ ਦਿੱਤੀ।