2025 ਵਿਚ ਵਿਛੜੇ ਕਲਾਕਾਰਾਂ ਨੂੰ ਯਾਦ ਕਰਦਿਆਂ
Published : Feb 8, 2026, 10:09 am IST
Updated : Feb 8, 2026, 10:09 am IST
SHARE ARTICLE
Remembering the departed artists in 2025
Remembering the departed artists in 2025

ਸਾਲ 2025 ਅਪਣੀਆਂ ਕੌੜੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਚੱਲਾ ਗਿਆ

ਸਾਲ 2025 ਅਪਣੀਆਂ ਕੌੜੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਚੱਲਾ ਗਿਆ ਹੈ। ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਸਾਲ 2025 ਦੇਸ਼-ਦੁਨੀਆਂ ਲਈ ਬਹੁਤ ਹੀ ਮੰਦਭਾਗਾ, ਦੁੱਖਾਂ-ਤਕਲੀਫ਼ਾਂ ਅਤੇ ਪਰੇਸ਼ਾਨੀਆਂ ਵਾਲਾ ਰਿਹਾ। ਇਸ ਸਾਲ ਜਿੱਥੇ ਦੇਸ਼ ਦੀਆਂ ਸਰਹੱਦਾਂ ਤੇ ਜੰਗ ਦੇ ਬੱਦਲ ਮੰਡਰਾਏ, ਹੜ ਆਏ, ਉਥੇ ਮਨੋਰੰਜਨ ਤੇ ਫ਼ਿਲਮ  ਜਗਤ ਵਿਚ ਲੰਮੀਆਂ ਪੈੜਾਂ ਪਾਉਣ ਵਾਲੇ ਕਈ ਦਿੱਗਜ਼ ਕਲਾਕਾਰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਲੇਖ ਰਾਹੀਂ ਇਸ ਸਾਲ ਵਿਛੜੇ ਕਲਾਕਾਰਾਂ ਨੂੰ ਯਾਦ ਕਰਦਿਆਂ ਇੰਨ੍ਹਾਂ ਦੀ ਸੰਘਰਸ਼ ਭਰੀ ਜ਼ਿੰਦਗੀ ਬਾਰੇ ਗੱਲ ਕਰੀਏ।

ਧਰਮਿੰਦਰ : ਬਾਲੀਵੁੱਡ ਵਿਚ ਛੇ ਦਹਾਕੇ ਤੱਕ ਸਰਗਰਮ ਰਹੇ ਪੰਜਾਬੀ ਪੁੱਤ ਅਦਾਕਾਰ ਧਰਮਿੰਦਰ ਆਖਰ 89 ਸਾਲ ਦੀ ਉਮਰ ਵਿਚ ਵਿਛੋੜਾ ਦੇ ਗਏ। ਅੱਠ ਦਸੰਬਰ 1935 ਨੂੰ ਪੰਜਾਬ ਦੇ ਪਿੰਡ ਨਸਰਾਲੀ ਵਿਚ ਜਨਮੇ ਧਰਮਿੰਦਰ ਨੇ ਹਿੰਦੀ ਫ਼ਿਲਮ ‘ਦਿਲ ਵੀ ਤੇਰਾ ਹਮ ਵੀ ਤੇਰੇ’ ਨਾਲ ਅਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਧਰਮਿੰਦਰ ਨੇ ਅਪਣੇ ਜੀਵਨ ਕਾਲ ਵਿਚ 300 ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ। ਉਸ ਨੂੰ ਪੰਜਾਬੀ ਹੋਣ ਦਾ ਮਾਣ ਸੀ। ਪੰਜਾਬ, ਪੰਜਾਬੀਅਤ ਪ੍ਰਤੀ ਮੋਹ ਦੇ ਅਨੇਕਾਂ ਕਿੱਸੇ ਉਸ ਦੀ ਜ਼ਿੰਦਗੀ ਨਾਲ ਜੁੜੇ ਹੋਏ ਹਨ। ਧਰਮਿੰਦਰ ਨੇ ਹਿੰਦੀ ਦੇ ਨਾਲ ਨਾਲ ਪੰਜਾਬੀ ਫ਼ਿਲਮਾਂ ਲਈ ਵੀ ਕੰਮ ਕੀਤਾ। ਹਿੰਦੀ ਪਰਦੇ ਤੇ ਧਰਮ ਦੀ ਜੋੜੀ ਹੇਮਾ ਮਾਲਨੀ ਨਾਲ ਬਣੀ।

ਫ਼ਿਲਮ ਸ਼ੋਲੇ ਵਿਚ ਬਸੰਤੀ ਦਾ ਕਿਰਦਾਰ ਨਿਭਾਉਂਦਿਆਂ ਹੇਮਾ ਮਾਲਨੀ ਧਰਮਿੰਦਰ ਦੇ ਪਿਆਰ  ਵਿਚ ਪੈ ਗਈ ਤੇ ਜ਼ਿੰਦਗੀ ਦਾ ਹਿੱਸਾ ਬਣ ਗਈ। ਧਰਮਿੰਦਰ ਨੇ ਅਪਣੇ ਜੀਵਨ ਕਾਲ ਵਿਚ ਇਕ ਨਹੀਂ ਬਲਕਿ ਅਨੇਕਾਂ ਸੁਪਰ ਹਿੱਟ ਫ਼ਿਲਮਾਂ ’ਚ ਕੰਮ ਕੀਤਾ ਜਿਨ੍ਹਾਂ ਵਿਚੋਂ ਆਂਖੇ, ਆਇਆ ਸਾਵਨ ਝੂਮ ਕੇ, ਮੇਰਾ ਗਾਉਂ ਮੇਰਾ ਦੇਸ਼, ਸੀਤਾ ਔਰ ਗੀਤਾ, ਜੁਗਨੂ, ਯਾਦੋਂ ਕੀ ਬਰਾਤ,.ਸ਼ੋਅਲੇ, ਦੋਸਤ, ਪ੍ਰਤਿੱਗਿਆ, ਚਰਸ, ਹਕੂਮਤ, ਗੁਲਾਮੀ, ਧਰਮਵੀਰ, ਚਾਚਾ ਭਤੀਜਾ, ਐਲਾਨੇ ਜੰਗ, ਤਹਿਲਕਾ ਆਦਿ ਫ਼ਿਲਮਾਂ ਵਿਸ਼ੇਸ਼ ਜ਼ਿਕਰ ਯੋਗ ਹਨ।  ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਉਸ ਨੂੰ 1997 ਵਿਚ ਫ਼ਿਲਮ ਫ਼ੇਅਰ ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਵੀ ਮਿਲਿਆ। ਇਹ ਵੀ ਦੱਸਣ ਯੋਗ ਹੈ ਕਿ ਧਰਮਿੰਦਰ ਦੇ ਦੋ ਵਿਆਹ ਸਨ ਪਹਿਲਾ ਵਿਆਹ ਪ੍ਰਕਾਸ਼ ਕੌਰ ਨਾਲ ਹੋਇਆ ਅਤੇ ਦੂਜਾ ਵਿਆਹ ਅਦਾਕਾਰਾ ਹੇਮਾ ਮਾਲਨੀ ਨਾਲ। 89 ਸਾਲ ਦੀ ਉਮਰ ਵਿਚ 24 ਨਵੰਬਰ 2025 ਨੂੰ ਅਲਵਿਦਾ ਕਹਿ ਗਏ। 

ਜਸਵਿੰਦਰ ਭੱਲਾ - ਸਾਲ 2025 ਜਾਂਦਾ ਜਾਂਦਾ ਇਕ ਹੋਰ ਵੱਡਾ ਸਦਮਾ ਝੋਲੀ ਪਾ ਗਿਆ ਜਦ ਪੰਜਾਬੀ ਫ਼ਿਲਮਾਂ ਦਾ ਵਾਮੀਂ ਕਲਾਕਾਰ  ਜਸਵਿੰਦਰ ਭੱਲਾ ਵਿਛੋੜਾ ਦੇ ਗਿਆ। ਕੈਸਟ ਕਲਚਰ ਦੇ ਦੌਰ ਤੋਂ ਫ਼ਿਲਮਾਂ ਵਲ ਆਏ ‘ਛਣਕਾਟੇ ਵਾਲਾ ਭੱਲਾ’ ਵਜੋਂ ਜਾਣੇ ਜਾਂਦੇ ਜਸਵਿੰਦਰ ਭੱਲਾ ਨੇ  ਅਪਣੀਆ ਛਣਕਾਟਾ ਲੜੀ ਦੀਆਂ ਕੈਸਟਾਂ ਜ਼ਰੀਏ ਲੰਮਾ ਸਮਾਂ ਪੰਜਾਬੀਆ ਦਾ ਖ਼ੂਬ ਮਨੋਰੰਜਨ ਕੀਤਾ।  ਸਿਨੇਮਾ ਜਗਤ ਵਿਚ ਮਿਹਰ ਮਿੱਤਲ ਤੋਂ ਬਾਅਦ ਜਸਵਿੰਦਰ ਭੱਲਾ ਹੀ ਇਕ ਅਜਿਹਾ ਕਮੇਡੀਅਨ ਕਲਾਕਾਰ ਸੀ ਜਿਸ ਬਿਨਾਂ ਪੰਜਾਬੀ ਫ਼ਿਲਮਾਂ ਬਣਾਉਣਾ ਇਕ ਵੱਡਾ ਰਿਸਕ ਮੰਨਿਆਂ ਜਾਂਦਾ ਸੀ। ਜਸਵਿੰਦਰ ਭੱਲਾ ਫ਼ਿਲਮਾਂ ਅਤੇ ਸੰਗੀਤਕ ਐਲਬਮਾਂ ਵਿਚ ਅਪਣੇ ਵੱਖਰੇ ਪਾਤਰਾਂ ਕਰ ਕੇ ਵੀ ਮਸ਼ਹੂਰ ਸੀ। ਕੋਈ ਉਸ ਨੂੰ ‘ਚਾਚਾ ਚਤਰ ਸਿੰਘ’ ਕਹਿੰਦਾ ਸੀ, ਕੋਈ ਅਮਰੀਕਾ ਵਾਲਾ ਭਾਨਾ। ਉਸ ਦੇ ਅਨੇਕਾਂ ਡਾਇਲਾਗ ਉਸ ਦੀ ਪਛਾਣ ਬਣੇ ਜਿਨ੍ਹਾਂ ਵਿਚ ‘‘ਢਿੱਲੋ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ’’ ਅਤੇ ‘‘ਮੈਂ ਤਾਂ ਭੰਨ ਦਾਂ ਬੁੱਲਾਂ ਨਾਲ ਖਰੋਟ’’ ਆਦਿ ਬੜੇ ਹਰਮਨ ਪਿਆਰੇ ਸੀ। 

ਰਾਜਵੀਰ ਜਵੰਧਾ : ਰਾਜਵੀਰ ਜਵੰਧਾ ਪੰਜਾਬੀ ਗਾਇਕੀ ਅਤੇ ਫ਼ਿਲਮਾਂ ਦਾ ਉਹ ਟਹਿਕਦਾ ਗੁਲਾਬ ਸੀ ਜੋ ਅਪਣੀ ਮਹਿਕ ਵਿਖੇਰਣ ਤੋਂ ਪਹਿਲਾਂ ਹੀ ਮੁਰਝਾ ਗਿਆ। ਰਾਜਵੀਰ ਹਿੰਮਤੀ, ਹੌਸਲੇ ਵਾਲਾ ਅਤੇ ਜ਼ਿੰਦਾ ਦਿਲ ਇਨਸਾਨ ਸੀ। ਉਹ ਗਾਇਕੀ ਤੇ  ਫ਼ਿਲਮਾਂ ਦੀ ਇਕ ਨਾਮੀ ਸ਼ਖ਼ਸੀਅਤ ਸੀ। ਗਾਇਕੀ ਵਿਚ ਉਸ ਦਾ ਇਕ ਵਖਰਾ ਸਰੋਤਾ ਵਰਗ ਹੈ। ਗਾਇਕੀ ਤੋਂ ਇਲਾਵਾ ਉਸ ਨੂੰ ਰਾਈਡਿੰਗ ਦਾ ਵੀ  ਸ਼ੌਂਕ  ਸੀ। ਫ਼ੁਰਸਤ ਦੇ ਪਲਾਂ ਵਿਚ ਉਹ ਅਕਸਰ ਹੀ ਅਪਣੇ ਦੋਸਤ ਮਿੱਤਰਾਂ ਨਾਲ ਲੰਮੀ ਰਾਇਡ ’ਤੇ ਰਹਿੰਦਾ ਸੀ। ਉਸ ਦੀ ਸੋਚ ਸੀ ਕਿ ਜ਼ਿੰਦਗੀ ਇਕ ਵਾਰ ਮਿਲਦੀ ਹੈ, ਕਿਉਂ ਨਾ ਇਸ ਨੂੰ ਰੱਜ ਕੇ ਮਾਣਿਆ ਜਾਵੇ, ਪਰ ਕੀ ਪਤਾ ਸੀ ਕਿ ਕੁਦਰਤ ਦੇ ਨਜ਼ਾਰੇ ਤੱਕਣ ਵਾਲਾ ਇਹ ਛਬੀਲਾ ਗੱਭਰੂ ਅਵਾਰਾ ਪਸ਼ੂਆਂ ਦੀ ਭੇਟ ਚੜ੍ਹ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਵੇਗਾ ਅਤੇ ਦੁਨੀਆਂ ਤੋਂ ਚਲਾ ਜਾਵੇਗਾ।  ਰਾਜਵੀਰ ਜਵੰਦਾ ਦੇ ਗਾਏ ਗੀਤ ਅਤੇ ਫ਼ਿਲਮਾਂ ਵਿਚ ਕੀਤੀ ਅਦਾਕਾਰੀ ਉਸ ਦੀ ਯਾਦ ਦਿਵਾਉਂਦੀ ਰਹੇਗੀ।

ਧੀਰਜ ਕੁਮਾਰ : ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦਾ ਨਾਮੀ ਅਦਾਕਾਰ ਧੀਰਜ ਕੁਮਾਰ ਵੀ ਇਸ ਸਾਲ ਵਿਛੋੜਾ ਦੇ ਗਿਆ। ਧੀਰਜ ਕੁਮਾਰ ਪੰਜਾਬੀ ਫ਼ਿਲਮਾਂ ਵਿਚ ਤਾਂ ਜਾਣਿਆ ਜਾਂਦਾ ਹੀ ਸੀ ਪਰ ਉਸ ਦੀ ਮੁੱਢਲੀ ਪਛਾਣ ਬਾਲੀਵੁੱਡ ਦੀਆਂ ਫ਼ਿਲਮਾਂ ਰਾਹੀਂ ਹੁੰਦੀ ਹੈ। ਫ਼ਿਲਮ ‘ਰੋਟੀ ਕੱਪੜਾ ਔਰ ਮਕਾਨ’, ਕ੍ਰਾਂਤੀ, ਨਾਲ ਚਰਚਾ ਵਿਚ ਆਏ ਧੀਰਜ ਕੁਮਾਰ ਦਾ ਜਨਮ ਲਹਿੰਦੇ ਪੰਜਾਬ ਵਿਚ ਹੋਇਆ ਪਰ ਵੰਡ ਤੋਂ ਬਾਅਦ ਉਸ ਦਾ ਪਰਿਵਾਰ ਦਿੱਲੀ ਆ ਕੇ ਵੱਸ ਗਿਆ। ਅਦਾਕਾਰੀ ਦਾ ਸ਼ੌਂਕ ਉਸ ਨੂੰ ਸਕੂਲ ਸਮੇਂ ਤੋਂ ਹੀ ਪਿਆ ਜੋ ਉਸ ਨੂੰ ਮੁੰਬਈ ਲੈ ਗਿਆ। ਅਪਣੇ ਸ਼ੁਰੂਆਤੀ ਦੌਰ ਵਿਚ ਕੁਝ ਐਡ ਫ਼ਿਲਮਾਂ ਕਰਨ ਤੋਂ ਬਾਅਦ ਉਸ ਨੇ ਫ਼ਿਲਮ ਦੀਦਾਰ, ਬਹਾਰੋਂ ਫੂਲ ਵਰਸਾਓ, ਹੀਰਾ ਪੰਨਾ, ਰੋਟੀ ਕੱਪੜਾ ਔਰ ਮਕਾਨ, ਕ੍ਰਾਂਤੀ, ਅੰਗਾਰੇ, ਸ਼ਰਾਫਤ ਛੋੜ ਦੀ ਮੈਨੇ, ਮਾਂਗ ਭਰੋ ਸੱਜਣਾ, ਬੇਪਨਾਹ, ਕਰਮ ਯੁੱਧ, ਪੁਰਾਣਾ ਮੰਦਰ ਆਦਿ ਫ਼ਿਲਮਾਂ ਵਿਚ ਅਹਿਮ ਕਿਰਦਾਰ ਨਿਭਾਏ।

ਉਸ ਦੀ ਫ਼ਿਲਮ ਸਵਾਮੀ ਨੂੰ ਅੱਠ ਅੰਤਰਰਾਸ਼ਟਰੀ ਅਵਾਰਡ ਵੀ ਮਿਲੇ। ਜੇਕਰ ਪੰਜਾਬੀ ਸਿਨਮਾ ਦੀ ਗੱਲ ਕਰੀਏ ਤਾਂ ਧੀਰਜ ਕੁਮਾਰ ਨੇ ਫ਼ਿਲਮ ‘ਦਾਜ’ ਨਾਲ ਪੰਜਾਬੀ ਫ਼ਿਲਮਾਂ ਵਲ ਕਦਮ ਵਧਾਇਆ। ਉਸ ਦੀ ਅਦਾਕਾਰੀ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਅਤੇ ਉਹ ਪੰਜਾਬੀ ਸਿਨੇਮਾ ਦੀ ਧੜਕਣ ਬਣ ਗਿਆ। ਦਾਜ ਤੋਂ ਬਾਅਦ ਉਸ ਨੇ ਸ਼ੇਰ ਪੁੱਤਰ, ਸਹਿਤੀ ਮੁਰਾਦ, ਚੋਰਾਂ ਨੂੰ ਮੋਰ, ਅਤੇ ਗੋਰੀ ਦੀਆਂ ਝਾਂਜਰਾਂ, ਜੁਗਨੀ, ਰਾਂਝਾ ਇਕ ਤੇ ਹੀਰਾਂ ਦੋ, ਫ਼ਿਲਮਾਂ ਰਾਹੀਂ ਅਹਿਮ ਕਿਰਦਾਰ ਨਿਭਾਏ। ਉਸਨੇ ਲਗਭਗ 21 ਪੰਜਾਬੀ ਫ਼ਿਲਮਾਂ ਵਿਚ ਕੰਮ ਕੀਤਾ। ਬਤੌਰ ਨਿਰਮਾਤਾ ਨਿਰਦੇਸ਼ਕ ਅਦਾਕਾਰ ਛੋਟੇ ਪਰਦੇ ਤੇ ਕੰਮ ਕਰਦਿਆਂ ਉਸਨੇ ‘ਕਹਾਂ ਗਏ ਵੋਹ ਲੋਗ, ਅਦਾਲਤ, ਸੰਸਾਰ, ਓਮ ਨਮੋ ਸ਼ਿਭਾਏ, ਜਪ ਤਪ ਵਰਤ, ਸ੍ਰੀ ਗਣੇਸ਼, ਘਰ ਕੀ ਲਕਸ਼ਮੀ ਬੇਟੀਆਂ, ਜੈ ਮਾਂ ਵੈਸ਼ਨੋ, ਨਾਮੀ ਚਰਚਿਤ ਲੜੀਵਾਰਾਂ ਲਈ ਕੰਮ ਕੀਤਾ ਜੋ ਦਰਸ਼ਕਾਂ ਦੀ ਖੂਬ ਪਸੰਦ ਬਣੇ। ਵੱਡੇ ਅਤੇ ਛੋਟੇ ਪਰਦੇ ਦਾ ਇਹ ਨਾਮੀ ਸਿਤਾਰਾ 81 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਸ ਦੀਆਂ ਫ਼ਿਲਮਾਂ ਪੰਜਾਬੀ ਦਰਸ਼ਕਾਂ ਨੂੰ ਹਮੇਸ਼ਾ ਚੇਤੇ ਰਹਿਣਗੀਆਂ।

ਪੰਕਜ ਧੀਰ : ਮਹਾਂਭਾਰਤ ਸੀਰੀਅਲ ਵਿਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਪੰਕਜ ਧੀਰ ਛੋਟੇ ਵੱਡੇ ਪਰਦੇ ਦੇ ਇਕ ਨਾਮੀ ਅਭਿਨੇਤਾ ਸੀ, ਜਿਸ ਨੇ ਬਾਲੀਵੁਡ ਦੀਆਂ ਅਨੇਕਾਂ ਵੱਡੀਆਂ ਫ਼ਿਲਮਾਂ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਵਿਚ ਵੀ ਕੰਮ ਕੀਤਾ।  1994-96 ਦੇ ਦੌਰ ਵਿਚ ਡੀਡੀ ਨੈਸ਼ਨਲ ਦੇ ਲੜੀਵਾਰ ‘ਚੰਦਰਕਾਂਤਾ’ ਰਾਹੀਂ ਉਸ ਨੇ ਸ਼ਿਵਦੱਤ ਪਾਤਰ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਇਕ ਖਾਸ ਪਛਾਣ ਬਣਾਈ। 9 ਨਵੰਬਰ 1956 ਨੂੰ ਜਨਮੇ ਪੰਕਜ ਧੀਰ ਮਹਿਜ 69 ਸਾਲ ਦੀ ਉਮਰ ਵਿਚ ਇਸ ਸੰਸਾਰ ਤੋਂ ਚਲੇ ਗਏ। ਬਤੌਰ ਅਭਿਨੇਤਾ ਪੰਕਜ ਧੀਰ ਨੇ ਟਾਰਜਨ ਦਾ ਵੰਡਰਕਾਰ, ਖੰਜਰ, ਜ਼ਮੀਨ, ਬਾਦਸ਼ਾਹ, ਸ਼ੋਲਜਰ, ਨਿਸ਼ਾਨਾ, ਪਾਂਡਵ, ਇਕੇ ਪੇ ਇੱਕਾ, ਸਨਮ ਬੇਵਫਾ, ਸੁਗੰਧ, ਜੀਵਨ ਇਕ ਸੰਘਰਸ਼’ ਆਦਿ ਫ਼ਿਲਮਾਂ ਵਿਚ ਕੰਮ ਕੀਤਾ। ਇਸ ਤੋਂ ਇਲਾਵਾ ਉਸ ਨੇ ਪੰਜਾਬੀ ਫ਼ਿਲਮ ‘ਸਰਦਾਰੀ’ ਅਤੇ ‘ਮੁਕੱਦਰ’ ਵਿਚ ਵੀ ਅਹਿਮ ਭੂਮਿਕਾ ਨਿਭਾਈ। 

ਮੁਕਲ ਦੇਵ : ਮੁਕਲ ਦੇਵ ਭਾਰਤੀ ਸਿਨੇਮਾ ਦਾ ਇਕ ਦਮਦਾਰ ਕਲਾਕਾਰ ਸੀ ਉਸ ਨੇ ਹਿੰਦੀ ਪੰਜਾਬੀ, ਤੇਲਗੂ, ਕੰਨੜ, ਬੰਗਾਲੀ ਅਤੇ ਮਲਿਅਮ ਭਾਸ਼ਾ ਦੀਆਂ ਦਰਜਨਾਂ ਫ਼ਿਲਮਾਂ ਵਿਚ ਯਾਦਗਾਰੀ ਕਿਰਦਾਰ ਨਿਭਾਏ। ਫ਼ਿਲਮਾਂ ਤੋਂ ਇਲਾਵਾ ਛੋਟੇ ਪਰਦੇ ਦੇ ਅਨੇਕਾਂ ਨਾਮੀ ਸੀਰੀਅਲਾਂ  ਵਿਚ ਮੁਕਲਦੇਵ ਨੇ ਕੰਮ ਕੀਤਾ। 17 ਸਤੰਬਰ 1970 ਵਿਚ ਦਿੱਲੀ ’ਚ ਜਨਮੇ ਮੁਕੁਲ ਦੇਵ ਕੌਸ਼ਲ ਦਾ ਪਿਛੋਕੜ ਪੰਜਾਬ ਦੇ ਜਲੰਧਰ ਜ਼ਿਲੇ੍ਹ ਨਾਲ ਸਬੰਧਤ ਹੈ। ਸਕੂਲ ਕਾਲਜ ਪੜ੍ਹਦਿਆਂ ਮੁਕੁਲ ਨੂੰ ਸਟੇਜ ਨਾਲ ਮੋਹ ਪੈ ਗਿਆ। ਉਸ ਨੇ ‘ਦਸਤਕ, ਵਜੂਦ, ਹਿੰਮਤ ਵਾਲਾ, ਕਿਲ੍ਹਾ, ਕੋਹਰਾਮ, ਇਤਫ਼ਾਕ, ਗੁਰੂ ਮਹਾਗੁਰੂ, ਏਕ ਖਿਲਾੜੀ ਏਕ ਹਸੀਨਾ, ਸਨ ਆਫ਼ ਸਰਦਾਰ, ਯਮਲਾ ਪਗਲਾ ਦੀਵਾਨਾ ਆਦਿ ਹਿੰਦੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਬਾਜ਼, ਸ਼ਰੀਕ, ਹੀਰੋ ਨਾਮ ਯਾਦ ਰੱਖਣਾ, ਸਾਕਾ ਨਨਕਾਣਾ ਸਾਹਿਬ, ਜੋਰਾਵਰ, ਜੋਰਾ 10 ਨੰਬਰੀਆ, ਡਾਕਾ, ਸਾਕ, ਮੁੰਡਾ ਫ਼ਰੀਦਕੋਟੀਆ, ਸਰਾਭਾ, ਹੀਰ ਅਤੇ ਹੀਰੋ ਆਦਿ ਫ਼ਿਲਮਾਂ ਵਿਚ ਅਹਿਮ ਕਿਰਦਾਰ ਨਿਭਾਏ। ਉਹ ਪੰਜਾਬੀ ਅਤੇ ਹਿੰਦੀ ਸਿਨੇਮਾ ਦਾ ਇਕ ਜਾਣਿਆ ਪਛਾਣਾ ਚਿਹਰਾ ਸੀ। 

ਮਨੋਜ ਕੁਮਾਰ : ਰੋਟੀ ਕੱਪੜਾ ਔਰ ਮਕਾਨ, ਪੂਰਵ ਪੱਛਮ, ਉਪਕਾਰ, ਕ੍ਰਾਂਤੀ, ਵਰਗੀਆਂ ਦੇਸ਼ ਭਗਤੀ ਵਾਲੀਆਂ ਫ਼ਿਲਮਾਂ ਨਾਲ ਸਿਨੇਮਾ ਦੀ ਨੀਂਹ ਮਜ਼ਬੂਤ ਕਰਨ ਵਾਲਾ ਮਨੋਜ ਕੁਮਾਰ ਉਰਫ਼ ‘ਭਾਰਤ’ ਵੀ ਇਸ ਸਾਲ 2025 ਵਿਚ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਲੇਖਕ ਨਿਰਦੇਸ਼ਕ ਅਦਾਕਾਰ ਵਜੋਂ ਸਿਨੇਮਾ ਜਗਤ ਨਾਲ ਜੁੜੇ ਮਨੋਜ ਕੁਮਾਰ ਦਾ ਜਨਮ ਪਾਕਿਸਤਾਨ ’ਚ ਇਕ ਪੰਜਾਬੀ ਹਿੰਦੂ ਪਰਿਵਾਰ ’ਚ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਉਸ ਦਾ ਪਰਿਵਾਰ ਦਿੱਲੀ ਆ ਵਸਿਆ। 1949 ਵਿਚ ਫ਼ਿਲਮ ‘ਸਾਵਨ’ ਨਾਲ ਦਲੀਪ ਕੁਮਾਰ ਦੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਉਹ ਸਿਨਮੇ ਨਾਲ ਜੁੜਿਆ।

ਮਨੋਜ ਕੁਮਾਰ ਦੀ ਫ਼ਿਲਮ ਜਗਤ ਵਿਚ ਇਕ ਵੱਖਰੀ ਪਛਾਣ ਸੀ। ਉਸਦਾ ਨਾਂ ‘ਭਾਰਤ’ ਉਸ ਦੀਆਂ ਮੁੱਢਲੀਆਂ ਦੇਸ਼ ਭਗਤੀ ਦੀਆਂ ਫ਼ਿਲਮਾਂ ਕਰ ਕੇ ਹੀ ਪਿਆ। 1992 ਵਿਚ ਉਸ ਨੂੰ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦਾ ਐਵਾਰਡ ਵੀ ਮਿਲਿਆ। 2015 ਵਿਚ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ। 4 ਅਪ੍ਰੈਲ 2025 ਨੂੰ 87 ਸਾਲਾਂ ਦੀ ਉਮਰ ਭੋਗ ਕੇ ਮਨੋਜ ਕੁਮਾਰ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ।

ਅਸਰਾਨੀ : ਫਿਲਮ ‘ਸ਼ੋਲੇ’ ਵਿਚ ‘‘ਅੰਗਰੇਜ਼ੋਂ ਕੇ ਜ਼ਮਾਨੇ ਕੇ ਜੇਲ੍ਹਰ’’ ਵਜੋਂ ਮਸ਼ਹੂਰ ਹੋਏ ਕਾਮੇਡੀਅਨ ਅਸਰਾਨੀ ਵੀ ਇਸ ਸਾਲ 84 ਸਾਲ ਦੀ ਉਮਰ ਭੋਗ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਏ। ਅਸਰਾਨੀ ਨੇ ਅਪਣੇ ਕਮੇਡੀ ਕਿਰਦਾਰਾਂ ਨਾਲ ਹਿੰਦੀ ਸਿਨੇਮੇ ਵਿਚ ਇਕ ਖ਼ਾਸ ਪਛਾਣ ਸਥਾਪਤ ਕੀਤੀ ਜੋ ਦਰਸ਼ਕਾਂ ਨੂੰ ਖ਼ੂਬ ਪਸੰਦ ਆਈ। ਗੋਵਰਧਨ ਅਸਰਾਨੀ ਦਾ ਜਨਮ ਇਕ ਜਨਵਰੀ 1941 ਨੂੰ ਰਾਜਸਥਾਨ ਦੇ ਜੈਪੁਰ ਵਿਚ ਹੋਇਆ। ਬਚਪਨ ਤੋਂ ਹੀ ਐਕਟਿੰਗ ਦਾ ਸ਼ੌਂਕ ਰੱਖਣ ਵਾਲੇ ਅਸਰਾਨੀ ਨੇ ਹਿੰਦੀ ਦੇ ਇਲਾਵਾ ਗੁਜਰਾਤੀ ਸਿਨਮੇ ਲਈ ਵੀ ਕੰਮ ਕੀਤਾ।

1966 ਵਿਚ ‘ਹਮ ਕਹਾਂ ਜਾ ਰਹੇ ਹੈ’ ਫ਼ਿਲਮ ਨਾਲ ਅਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਅਸਰਾਨੀ ਨੇ ਤਿੰਨ ਸੌ ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ। ਉਸ ਨੇ ਨਮਕ ਹਰਾਮ, ਅਭਿਮਾਨ, ਅਨਾਮਿਕਾ, ਆਪ ਕੀ ਕਸਮ ,ਬਾਬਰਚੀ, ਸੀਤਾ ਔਰ ਗੀਤਾ, ਕੋਸ਼ਿਸ਼, ਉਮੰਗ, ਅਜਨਬੀ, ਵਿਦਾਈ, ਰਫੂ ਚੱਕਰ, ਸ਼ੋਲੇ, ਪਤੀ ਪਤਨੀ ਔਰ ਵੋ, ਸਰਗਮ, ਸਲਾਮ ਮੇਮ ਸਾਹਿਬ, ਜੁਰਮਾਨਾ, ਬਾਤੋਂ ਬਾਤੋਂ ਮੇ ਆਦਿ ਫ਼ਿਲਮਾਂ ਵਿਚ ਕੰਮ ਕੀਤਾ। ਉਸ ਨੇ ਜ਼ਿਆਦਾਤਰ ਕਾਮੇਡੀ ਕਿਰਦਾਰ ਹੀ ਨਿਭਾਏ ਪ੍ਰੰਤੂ ਫ਼ਿਲਮ ‘ਚਲਾ ਮੁਰਾਰੀ ਹੀਰੋ ਬਣਨੇ’ ਅਤੇ ‘ਸਲਾਮ ਮੇਮ ਸਾਹਿਬ’ ਵਿਚ ਉਸ ਨੇ ਲੀਡ ਰੋਲ ਕੰਮ ਕੀਤਾ।

ਸਤੀਸ ਸ਼ਾਹ : ਛੋਟੇ ਅਤੇ ਵੱਡੇ ਪਰਦੇ ਦੇ ਨਾਮੀ ਅਦਾਕਾਰ ਸਤੀਸ਼ ਸ਼ਾਹ ਵੀ ਇਸ ਸਾਲ 75 ਸਾਲ ਦੀ ਉਮਰ ਭੋਗ ਕੇ ਦੁਨੀਆਂ ਤੋਂ ਚਲੇ ਗਏ। ਸਤੀਸ਼ ਸ਼ਾਹ ਨੇ ‘ਜਾਨੇ ਵੀ ਦੋ ਯਾਰ’ ਤੋਂ ਲੈ ਕੇ ‘ਭੂਤਨਾਥ’ ਵਰਗੀਆਂ ਹਿੱਟ ਫ਼ਿਲਮਾਂ ਵਿਚ ਕੰਮ ਕੀਤਾ। 70-80 ਦੇ ਜ਼ਮਾਨੇ ਵਿਚ ਫ਼ਿਲਮਾਂ ਨਾਲ ਜੁੜੇ ਸਤੀਸ਼ ਸ਼ਾਹ ਛੋਟੇ ਮੋਟੇ ਕਿਰਦਾਰਾਂ ਵਿਚ ਦਰਸ਼ਕਾਂ ਦੀ ਪਸੰਦ ਬਣਦੇ ਰਹੇ। ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ। ਵੱਡੇ ਪਰਦੇ ਤੋਂ ਇਲਾਵਾ ਸਤੀਸ਼ ਛੋਟੇ ਪਰਦੇ ’ਤੇ ਵੀ ਸਰਗਰਮ ਰਿਹਾ। ਉਸ ਨੇ ਸ਼ਕਤੀ, ਪੁਰਾਣਾ ਮੰਦਰ, ਮੇਰੀ ਕਹਾਣੀ, ਗਗਨ, ਉਮਰਾਓ ਜਾਨ, ਮੈਂ ਬਲਵਾਨ, ਅਨੋਖਾ ਰਿਸ਼ਤਾ, ਕਲਯੁਗ ਔਰ ਰਮਾਇਣ, ਜਾਨ ਹਥੇਲੀ ਪੇ, ਪੁਰਾਣੀ ਹਵੇਲੀ ਆਦਿ ਅਨੇਕਾਂ ਫ਼ਿਲਮਾਂ ਵਿਚ ਕੰਮ ਕੀਤਾ।

ਸੁਲਕਸ਼ਣਾ ਪੰਡਿਤ : ਹਿੰਦੀ ਸਿਨਮਾ ਅਤੇ ਭਾਰਤੀ ਸੰਗੀਤ ਜਗਤ ਦੀ ਇਕ ਨਾਮੀ ਕਲਾਕਾਰਾ ਸੀ ਜਿਸ ਨੇ ਗਾਇਕੀ ਦੇ ਨਾਲ ਨਾਲ ਫ਼ਿਲਮਾਂ ਵਿਚ ਵੀ ਅਪਣੀ ਵੱਖਰੀ ਪਛਾਣ ਸਥਾਪਤ ਕੀਤੀ। ਸੱਤਰ ਦੇ ਦਹਾਕੇ ਦੀ ਗੱਲ ਕਰੀਏ ਤਾਂ ਉਸ ਨੇ ਜਤਿੰਦਰ, ਸੰਜੀਵ ਕੁਮਾਰ, ਰਾਜੇਸ਼ ਖੰਨਾ, ਵਿਨੋਦ ਖੰਨਾ, ਸ਼ਸ਼ੀ ਕਪੂਰ ਅਤੇ ਸਤਰੂਘਨ ਸਿਨਹਾ ਵਰਗੇ ਨਾਮੀ ਅਦਾਕਾਰਾਂ ਨਾਲ ਯਾਦਗਾਰੀ ਫ਼ਿਲਮਾਂ ਕੀਤੀਆਂ। 1975 ਵਿਚ ਉਸ ਨੇ ਫਿਲਮ ‘ਉਲਝਣ’ ਨਾਲ ਅਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਉਸ ਨੇ ਫ਼ਿਲਮ ‘ਹੇਰਾਫੇਰੀ, ਆਪਣਾਪਨ, ਖਾਨਦਾਨ, ਚਿਹਰੇ ਪੇ ਚਿਹਰਾ, ਧਰਮਕਾਂਟਾ ਆਦਿ ਅਨੇਕਾਂ ਫ਼ਿਲਮਾਂ ਵਿਚ ਯਾਦਗਾਰੀ ਕਿਰਦਾਰ ਨਿਭਾਏ।

ਜੇਕਰ ਸੁਲੱਖਸ਼ਣਾ ਪੰਡਿਤ ਦੀ ਗਾਇਕੀ ਦੀ ਗੱਲ ਕਰੀਏ ਤਾਂ ਉਸ ਨੇ ਲਤਾ ਮੰਗੇਸ਼ਕਰ ਨਾਲ ‘ਸਾਤ ਸਮੁੰਦਰ ਪਾਰ ਮੈਂ ਤੇਰੇ ਪੀਛੇ ਪੀਛੇ ਆ ਗਈ’ ਵਰਗੇ ਚਰਚਿਤ ਗੀਤ ਨਾਲ ਸ਼ੁਰੂਆਤ ਕੀਤੀ। ਉਸ ਨੇ ਹਿੰਦੀ ਬੰਗਾਲੀ ਮਰਾਠੀ ਉੜੀਆ ਅਤੇ ਗੁਜਰਾਤੀ ਭਾਸ਼ਾ ਦੇ ਗੀਤ ਬਤੌਰ ਪਲੇਅ ਬੈਕ ਗਾਏ।  ਉਸ ਨੇ ਕਿਸ਼ੋਰ ਕੁਮਾਰ, ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ, ਸ਼ੈਲਿੰਦਰ ਸਿੰਘ, ਮਹਿੰਦਰ ਕਪੂਰ ਅਤੇ ਉੱਦਤ ਨਰੈਣ ਨਾਲ ਵੀ ਗਾਇਆ। ਗੀਤ ‘‘ਤੂੰ ਹੀ ਸਾਗਰ ਤੂੰ ਹੀ ਕਿਨਾਰਾ’ ਲਈ ਉਸ ਨੂੰ ਬੈਸਟ ਫੀਮੇਲ ਸਿੰਗਰ ਅਵਾਰਡ ਵੀ ਮਿਲਿਆ।

ਕਾਮਨੀ ਕੌਸ਼ਲ : ਹਿੰਦੀ ਸਿਨਮੇ ਦੀ ਸਭ ਤੋਂ ਬਜ਼ੁਰਗ ਔਰਤ ਅਦਾਕਾਰਾ ਕਾਮਨੀ ਕੌਸ਼ਲ ਵੀ 98 ਸਾਲ ਦੀ ਉਮਰ ਭੋਗ ਕੇ ਇਸ ਸਾਲ ਅਲਵਿਦਾ ਕਹਿ ਗਈ। ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਉਸ ਦੀ ਆਖ਼ਰੀ ਫ਼ਿਲਮ ਸੀ। ਲਾਹੌਰ ਦੀ ਜੰਮਪਲ ਕਾਮਨੀ ਕੌਸ਼ਲ ਇਕ ਚੰਗੇ ਅਸਰ ਰਸੂਖ ਰੱਖਣ ਵਾਲੇ ਪਰਿਵਾਰ ’ਚੋਂ ਸੀ। ਜਦੋਂ ਉਸ ਦੀ ਉਮਰ ਸਿਰਫ਼ ਸੱਤ ਸਾਲ ਦੀ ਸੀ ਤਾਂ ਉਸ ਦੇ ਪਿਤਾ ਜੀ ਦਾ ਸਾਇਆ ਸਿਰ ਤੋਂ ਉੱਠ ਗਿਆ। ਬੜੀਆਂ ਤੰਗੀਆਂ ਤੁਰਸ਼ੀਆਂ ਨਾਲ ਜੂਝਦਿਆਂ ਕਾਮਨੀ ਕੌਸ਼ਲ ਨੇ ਅਪਣੇ ਜੀਵਨ ਦੀ ਗੱਡੀ ਨੂੰ ਪਟੜੀ ’ਤੇ ਲਿਆਂਦਾ।

ਦੇਸ਼ ਦੀ ਵੰਡ ਤੋਂ ਬਾਅਦ ਉਹ ਭਾਰਤ ਆ ਗਈ ਅਤੇ ਅਦਾਕਾਰੀ ਦੇ ਨਾਲ ਜੁੜੀ ਕਾਮਨੀ ਕੌਸ਼ਲ ਦੀ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਫ਼ਿਲਮ ‘ਨੀਚਾ ਨਗਰ’ ਨਾਲ ਹੋਈ। 1946 ਵਿਚ ਆਈ ਇਸ ਫ਼ਿਲਮ ਨੇ ਉਸ ਦੀ ਮੁਢਲੀ ਪਛਾਣ ਸਥਾਪਤ ਕੀਤੀ। ਉਸ ਤੋਂ ਬਾਅਦ ਉਸ ਨੇ ਫ਼ਿਲਮ ਦੋ ਭਾਈ, ਆਗ, ਸ਼ਹੀਦ, ਨਦੀਆ ਕੇ ਪਾਰ, ਜ਼ਿੱਦੀ, ਸ਼ਾਇਰ, ਸ਼ਬਨਮ, ਆਰਜੂ, ਰਾਖੀ, ਪੂਨਮ, ਸ਼ਹਿਨਸ਼ਾਹ, ਆਸ, ਸੰਗਮ, ਰਾਧਾ ਕ੍ਰਿਸ਼ਨ, ਰੋਟੀ ਕੱਪੜਾ ਔਰ ਮਕਾਨ, ਹੀਰ ਰਾਂਝਾ, ਪੂਰਬ ਔਰ ਪੱਛਮ, ਪ੍ਰੇਮ ਨਗਰ, ਸਨਿਆਸੀ ਆਦਿ ਫ਼ਿਲਮਾਂ ਕੀਤੀਆਂ। ਪੁਰਾਣੇ ਸਮੇਂ ਦੇ ਦਰਸ਼ਕ ਕਾਮਨੀ ਕੌਸ਼ਲ ਦੀ ਅਦਾਕਾਰੀ ਦੇ ਅਨੇਕਾਂ ਰੰਗ ਮਾਣ ਚੁੱਕੇ ਹਨ।

ਮਧੂਮਤੀ: ਇਕ ਪ੍ਰਸਿੱਧ ਡਾਂਸਰ ਅਤੇ ਸਹਾਇਕ ਅਭਿਨੇਤਰੀ ਸੀ ਜੋ 1960 ਅਤੇ 70 ਦੇ ਦਹਾਕੇ ਵਿਚ ਅਪਣੇ ਸ਼ਾਨਦਾਰ ਡਾਂਸ ਕਰ ਕੇ ਪ੍ਰਸਿੱਧ ਹੋਈ। ਉਸ ਦੀ ਤੁਲਨਾ ਅਭਿਨੇਤਰੀ ਹੈਲਨ ਨਾਲ ਵੀ ਕੀਤੀ ਜਾਂਦੀ ਸੀ ਕਿਉਂਕਿ ਦੋਵਾਂ ਦਾ ਚਿਹਰਾ-ਮੋਹਰਾ ਆਪਸ ਵਿਚ ਬਹੁਤ ਮਿਲਦਾ ਸੀ। ਦਰਸ਼ਕ ਬਹੁਤੀ ਵਾਰੀ ਹੈਲਨ ਅਤੇ ਮਧੂਮਤੀ ਦਾ ਭੁਲੇਖਾ ਖਾ ਜਾਂਦੇ ਸਨ। ਇਹ ਵੀ ਜ਼ਿਕਰਯੋਗ ਹੈ ਕਿ ਅਭਿਨੇਤਰੀ ਮਧੂਮਤੀ ਅਕਸ਼ੇ ਕੁਮਾਰ ਦੀ ਡਾਂਸ ਗੁਰੂ ਸੀ। ਉਸ ਨੇ ਅਕਸ਼ੇ ਕੁਮਾਰ ਤੋਂ ਇਲਾਵਾ ਤੱਬੂ, ਬਿੰਦੂ ਦਾਰਾ ਸਿੰਘ, ਗੋਵਿੰਦਾ ਅਤੇ ਅਮ੍ਰਿਤਾ ਸਿੰਘ ਵਰਗੀਆਂ ਅਦਾਕਾਰਾਂ ਨੂੰ ਡਾਂਸ ਦੇ ਗੁਰ ਸਿਖਾਏ। ਮਧੂਮਤੀ ਨੂੰ ਭਾਰਤੀ ਨਾਟਅਮ, ਕੱਥਕ ਸਮੇਤ ਰੋਰ ਕਈ ਤਰ੍ਹਾਂ ਦੇ ਨਾਚ ਵਿਚ ਮੁਹਾਰਤ ਹਾਸਲ ਸੀ।

ਮਧੂਮਤੀ ਨੇ ਫ਼ਿਲਮ ਆਂਖੇ, ਸ਼ਿਕਾਰੀ, ਮੁਝੇ ਜੀਨੇ ਦੋ ਵਰਗੀਆਂ ਫ਼ਿਲਮਾਂ ਵਿਚ ਕੰਮ ਕੀਤਾ। ਉਸ ਦਾ ਵਿਆਹ ਪੰਜਾਬ ਦੇ ਮਨੋਹਰ ਦੀਪਕ ਨਾਲ ਹੋਇਆ ਜੋ ਭੰਗੜੇ ਦਾ ਇਕ ਬਹੁਤ ਨਾਮੀ ਮਾਸਟਰ ਕਲਾਕਾਰ ਸੀ। ਮਧੂਮਤੀ ਅਤੇ ਮਨੋਹਰ ਦੀਪਕ ਨੇ ਰਲ ਕੇ ਮੁੰਬਈ ਵਿਚ ਇਕ ਅਪਣੀ ਡਾਂਸ ਅਕੈਡਮੀ ਗਰੁੱਪ ਤਿਆਰ ਕੀਤਾ ਅਤੇ ਫ਼ਿਲਮਾਂ ਵਿਚ ਪੰਜਾਬੀ ਹਿੰਦੀ ਡਾਂਸ ਦੀਆਂ ਆਇਟਮਾਂ ਦੇਣ ਲੱਗੇ। 87 ਸਾਲ ਦੀ ਉਮਰ ਵਿਚ 14 ਅਕਤੂਬਰ 2025 ਨੂੰ ਮਧੂਮਤੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ।

ਚਰਨਜੀਤ ਆਹੂਜਾ : ਪੰਜਾਬੀ ਸੰਗੀਤ ਜਗਤ ਦੀ ਬਹੁਤ ਹੀ ਸਤਿਕਾਰਤ ਸ਼ਖਸ਼ੀਅਤ ਸੰਗੀਤਕਾਰ ਚਰਨਜੀਤ ਆਹੂਜਾ ਵੀ ਇਸ ਸਾਲ ਸੰਗੀਤਕ ਸਫ਼ਰ ਤੇ ਲੰਮੀਆਂ ਅਮਿਟ ਪੈੜਾਂ ਪਾ ਸਦਾ ਲਈ ਚੱਲ ਵਸਿਆ। ਤਵਿਆਂ ਦੇ ਯੁੱਗ ਤੋਂ ਲੈ ਕੇ ਮੌਜੂਦਾ ਦੌਰ ਦੇ ਸੰਗੀਤਕ ਸੰਸਾਰ ਨੂੰ ਨਵੀਆਂ ਧੁਨਾਂ ’ਚ ਪਰੋਣ ਵਾਲੀ ਇਹ ਸ਼ਖਸੀਅਤ ਦੀ ਸੰਗੀਤ ਜਗਤ ਨੂੰ ਦੇਣ ਕਦੇ ਭੁਲਾਈ ਨਹੀਂ ਜਾਵੇਗੀ।

ਵਰਿੰਦਰ ਘੁੰਮਣ: ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਘੁੰਮਣ, ਜਿਸ ਦਾ ਨਾਤਾ ਕਿਸੇ ਸਮੇਂ ਪੰਜਾਬੀ ਸਿਨਮੇ ਨਾਲ ਵੀ ਰਿਹਾ, ਉਹ ਵੀ ਇਸ ਸਾਲ ਦੁਨੀਆਂ ਤੋਂ ਚੱਲ ਵਸਿਆ। ਗੁਰਦਾਸਪੁਰ ਦੇ ਜੰਮਪਲ ਵਰਿੰਦਰ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਤੋਂ ਨੌਜਵਾਨ ਵਰਗ ਬਹੁਤ ਪ੍ਰਭਾਵਤ ਸੀ। ਉਸ ਨੇ ਕਬੱਡੀ ਵੰਨਸ ਅਗੇਨ, ਮਰਜਾਵਾਂ, ਰੋਡ ਦਾ ਟਾਈਗਰ-3 ਆਦਿ ਫ਼ਿਲਮਾਂ ਨਾਲ ਵੱਡੇ ਪਰਦੇ ’ਤੇ ਅਦਾਕਾਰੀ ਕਰਦਿਆਂ ਸਿਨੇ ਦਰਸ਼ਕਾਂ ਦਾ ਪਿਆਰ ਖੱਟਿਆ।

ਸੀਜੇ ਸਿੰਘ : ਚਰਨਜੀਤ ਸਿੰਘ ਸੈਣੀ ਉਰਫ਼ ਸੀਜੇ ਸਿੰਘ ਜਿੱਥੇ ਇਕ ਪੰਜਾਬੀ ਗਾਇਕ ਸੀ ਉੱਥੇ ਉਹ ਫ਼ਿਲਮਾਂ ਦਾ ਵੀ ਨਾਮੀ ਅਦਾਕਾਰ ਸੀ ਪਰ ਗਾਇਕੀ ਨਾਲੋਂ ਵੱਧ ਉਸ ਦੀ ਪਛਾਣ ਫ਼ਿਲਮਾਂ ਦੇ ਖੇਤਰ ਵਿਚ ਬਣੀ। ਉਸ ਨੇ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਉਸ ਰਾਹੀਂ ਉਸ ਦੀ ਅਦਾਕਾਰੀ ਦਰਸ਼ਕਾਂ ਦੀ ਪਛਾਣ ਬਣੀ। ਫ਼ਿਲਮ ਜੋਰਾ 10 ਨੰਬਰੀਆਂ ਵਿਚ ਉਸ ਦੀ ਅਦਾਕਾਰੀ ਕਾਫ਼ੀ ਚਰਚਾ ਵਿਚ ਰਹੀ। ਇਸ ਤੋਂ ਇਲਾਵਾ ਫ਼ਿਲਮ ਸਿਕੰਦਰ, ਕਿੱਸਾ ਪੰਜਾਬ, ਹਿੰਦੀ ਫ਼ਿਲਮ ਸਨ ਆਫ ਸਰਦਾਰ-2 ਵਿਚ ਵੀ ਉਸ ਦੀ ਅਦਾਕਾਰੀ ਦਰਸ਼ਕਾਂ ਨੇ ਪਸੰਦ ਕੀਤੀ। ਸੀਜੇ ਸਿੰਘ ਇਕ ਸੰਭਾਵਨਾਵਾਂ ਭਰਪੂਰ ਮਿਹਨਤੀ ਅਦਾਕਾਰ ਸੀ, ਜਿਸ ਨੇ ਪੰਜਾਬੀ ਸਿਨੇਮਾ ਵਿਚ ਲੰਮੀਆਂ ਪੈੜਾਂ ਪਾਉਣੀਆਂ ਸੀ ਪਰੰਤੂ ਬੇਵਕਤੀ ਮੌਤ ਦੇ ਪੰਜਿਆਂ ਨੇ ਉਸ ਨੂੰ ਭਰ ਜਵਾਨੀ ਵਿਚ ਹੀ ਖੋਹ ਲਿਆ।

ਇਨ੍ਹਾਂ ਤੋਂ ਇਲਾਵਾ ਪੰਜਾਬੀ ਗਾਇਕ ਗੁਰਮੀਤ ਮਾਨ, ਗਾਇਕ ਸੋਹਨ ਲਾਲ ਸੈਣੀ, ਅਲਗੋਜਾ ਵਾਦਕ ਕਰਮਜੀਤ ਬੱਗਾ, ਗਾਇਕ ਰਾਜੂ ਮਾਹੀ ਵੀ ਸਾਲ 2025 ਵਿਚ ਦੁਨੀਆਂ ਨੂੰ ਅਲਵਿਦਾ ਕਹਿ ਗਏ। ਨਾਮਵਰ ਗੀਤਕਾਰ ਨਿੰਮਾ ਲੁਹਾਰਕੇ ਵੀ ਤੰਗੀਆਂ-ਤਰੁਸੀਆਂ ਨਾਲ ਦੋ-ਹੱਥ ਕਰਦਾ ਹੋਇਆ ਦੁਨੀਆਂ ਤੋਂ ਚੱਲ ਵਸਿਆ। ਉਸ ਦੇ ਗੀਤ ਦਿਲਜੀਤ ਦੁਸਾਂਝ, ਅਮਰਿੰਦਰ ਗਿੱਲ, ਨਛੱਤਰ ਗਿੱਲ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਲਖਵਿੰਦਰ ਗਿੱਲ, ਫਿਰੋਜ਼ ਖਾਨ, ਮਲਕੀਤ ਸਿੰਘ ਯੂਕੇ ਆਦਿ ਕਲਾਕਾਰਾਂ ਨੇ ਗਾਏ ਜੋ ਕਿ ਬੇਹਦ ਚਰਚਿਤ ਰਹੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement