
ਈਸਾਈ ਸੰਗਠਨ ਨੇ ਕਰੀਨਾ ਕਪੂਰ ਅਤੇ 2 ਹੋਰਨਾਂ ਖ਼ਿਲਾਫ਼ ਸ਼ਿਵਾਜੀ ਨਗਰ ਥਾਣੇ ਵਿਚ ਕਿਤਾਬ ਦੇ ਸਿਰਲੇਖ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ।
ਮੁੰਬਈ - ਆਪਣੇ ਵਿਆਹ ਤੋਂ ਲੈ ਕੇ ਬੱਚਿਆਂ ਦੇ ਨਾਮਕਰਨ ਤੱਕ ਵਿਵਾਦਾਂ 'ਚ ਰਹੀ ਅਦਾਕਾਰਾ ਕਰੀਨਾ ਕਪੂਰ ਖ਼ਾਨ ਇਕ ਵਾਰ ਫਿਰ ਵਿਵਾਦਾਂ 'ਚ ਆ ਗਈ ਹੈ। ਦਰਅਸਲ ਕਰੀਨਾ ਕਪੂਰ ਨੇ ਆਪਣੀ ਪ੍ਰੈਗਨੈਂਸੀ ਦੇ ਦਿਨਾਂ 'ਤੇ ਇਕ ਕਿਤਾਬ ਲਿਖੀ ਹੈ। ਕਰੀਨਾ ਨੇ ਇਸ ਕਿਤਾਬ ਦਾ ਨਾਮ ਪ੍ਰੈਗਨੈਂਸੀ ਬਾਈਬਲ ਰੱਖਿਆ ਹੈ, ਜਿਸ 'ਤੇ ਇਸਾਈ ਸੰਗਠਨਾਂ ਅਤੇ ਆਲ ਇੰਡੀਆ ਘੱਟ ਗਿਣਤੀ ਬੋਰਡ ਨੇ ਨਰਾਜ਼ਗੀ ਜਤਾਈ ਹੈ।
ਇਹ ਵੀ ਪੜੋ - ਰਿਪੋਰਟ ਦਾ ਦਾਅਵਾ: Twitter ਕੋਲੋਂ ਯੂਜ਼ਰਸ ਦੀ ਸੂਚਨਾ ਮੰਗਣ ਵਿਚ ਦੁਨੀਆਂ ਭਰ 'ਚ ਨੰਬਰ ਇਕ 'ਤੇ ਭਾਰਤ
ਹੁਣ ਮਹਾਰਾਸ਼ਟਰ ਦੇ ਬੀਡ ਵਿਚ ਇੱਕ ਈਸਾਈ ਸੰਗਠਨ ਨੇ ਕਰੀਨਾ ਕਪੂਰ ਅਤੇ 2 ਹੋਰਨਾਂ ਖ਼ਿਲਾਫ਼ ਸ਼ਿਵਾਜੀ ਨਗਰ ਥਾਣੇ ਵਿਚ ਕਿਤਾਬ ਦੇ ਸਿਰਲੇਖ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਕਿਤਾਬ ਦੇ ਸਿਰਲੇਖ ਵਿੱਚ, ਈਸਾਈਆਂ ਦਾ ਪਵਿੱਤਰ ਸ਼ਬਦ 'ਬਾਈਬਲ' ਵਰਤਿਆ ਗਿਆ ਹੈ। ਇਸ ਨਾਲ ਉਸ ਦੀ ਅਤੇ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਅਲਪਾ ਓਮੇਗਾ ਕ੍ਰਿਸ਼ਚਨ ਫੈਡਰੇਸ਼ਨ ਦੇ ਪ੍ਰਧਾਨ ਅਸ਼ੀਸ਼ ਸ਼ਿੰਦੇ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 295-ਏ ਦੇ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਕੇਸ ਦਰਜ ਕੀਤਾ ਗਿਆ ਹੈ ਜਾਂ ਨਹੀਂ। ਕਰੀਨਾ ਕਪੂਰ ਕਿਤਾਬ ਦੀ ਲਾਚਿੰਗ ਤੋਂ ਹੀ ਵਿਵਾਦਾਂ 'ਚ ਹੈ। ਆਲ ਇੰਡੀਆ ਘੱਟ ਗਿਣਤੀ ਬੋਰਡ ਨੇ ਵੀ ਇਸ ਕਿਤਾਬ ਦੇ ਸਿਰਲੇਖ ‘ਤੇ ਇਤਰਾਜ਼ ਜਤਾਇਆ ਹੈ।
ਬੋਰਡ ਦੇ ਚੇਅਰਮੈਨ ਡਾਇਮੰਡ ਯੂਸਫ ਨੇ ਵੀ ਇਸ ਸਿਰਲੇਖ ‘ਤੇ ਇਤਰਾਜ਼ ਜਤਾਇਆ ਸੀ ਅਤੇ ਕਿਹਾ ਸੀ ਕਿ ਕਿਤਾਬ ਦੇ ਲੇਖਕ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਜਾਵੇ। 40 ਸਾਲਾਂ ਦੀ ਕਰੀਨਾ ਨੇ 9 ਜੁਲਾਈ 2020 ਨੂੰ ਆਪਣੀ ਕਿਤਾਬ ਪ੍ਰੈਗਨੈਂਸੀ ਬਾਈਬਲ ਦੀ ਸ਼ੁਰੂਆਤ ਕੀਤੀ। ਅਭਿਨੇਤਰੀ ਅਨੁਸਾਰ, ਇਸ ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਉਹ ਗਰਭਵਤੀ ਸੀ ਤਾਂ ਉਸ ਨੇ ਸਰੀਰਕ ਅਤੇ ਮਾਨਸਿਕ ਤੌਰ ਤੇ ਕਿਵੇਂ ਮਹਿਸੂਸ ਕੀਤਾ। ਕਰੀਨਾ ਨੇ ਕਿਤਾਬ ਨੂੰ ਆਪਣਾ ਤੀਜਾ ਬੱਚਾ ਵੀ ਦੱਸਿਆ ਸੀ।
ਇਹ ਵੀ ਪੜ੍ਹੋ - ਕਿਸਾਨ ਦੇ ਪੁੱਤਰ ਨੂੰ Amazon ’ਚ ਮਿਲਿਆ 67 ਲੱਖ ਦਾ ਪੈਕੇਜ, ਟਿਊਸ਼ਨ ਪੜ੍ਹਾ ਕੇ ਇਕੱਠੀ ਕੀਤੀ ਸੀ ਫੀਸ
ਇਸ ਸਾਲ ਫਰਵਰੀ ਵਿਚ ਕਰੀਨਾ ਨੇ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਉਹ ਆਪਣੇ ਪਹਿਲੇ ਬੱਚੇ ਤੈਮੂਰ ਦੇ ਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹੀ ਸੀ। ਕਿਤਾਬ ਦੀ ਲਾਂਚਿੰਗ ਸਮੇਂ ਕਰੀਨਾ ਗਰਭਵਤੀ ਸੀ। ਜਦੋਂ ਕਰੀਨਾ ਇਸ ਕਿਤਾਬ 'ਤੇ ਕੰਮ ਕਰ ਰਹੀ ਸੀ, ਤਾਂ ਉਸ ਨੇ ਇੱਕ ਤਸਵੀਰ ਪੋਸਟ ਕਰਕੇ ਸੋਸ਼ਲ ਮੀਡੀਆ ਪ੍ਰਸ਼ੰਸਕਾਂ ਨੂੰ ਭੁਲੇਖੇ ਵਿੱਚ ਪਾ ਦਿੱਤਾ ਸੀ।
ਦਰਅਸਲ, ਕਰੀਨਾ ਨੇ ਇਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿਚ ਉਹ ਸੋਨੋਗ੍ਰਾਫੀ ਨੂੰ ਲੈ ਕੇ ਖੜ੍ਹੀ ਹੈ। ਕਰੀਨਾ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ-'ਕੁੱਝ ਲੰਮੇ ਸਮੇਂ ਤੋਂ ਇਕ ਰੋਮਾਂਚਕ ਚੀਜ਼ 'ਤੇ ਕੰਮ ਕਰ ਰਹੀ ਹਾਂ। ਹਾਲਾਂਕਿ, ਇਹ ਉਹ ਕੰਮ ਨਹੀਂ ਹੈ ਜਿਸ ਬਾਰੇ ਤੁਸੀਂ ਸੋਚ ਰਹੇ ਹੋ। ਜਲਦੀ ਹੀ ਇਸ ਦਾ ਐਲਾਨ ਕਰਾਂਗੀ ਇਸ ਪਲੇਟਫਾਰਮ 'ਤੇ ਬਣੇ ਰਹੋ।