
ਹਨੁਮਾਨ ਲਈ ਰਾਖਵੀਂ ਸੀਟ ’ਤੇ ਬੈਠਣ ਲਈ ਸਿਨੇਮਾ ਅੰਦਰ ਇਕ ਵਿਅਕਤੀ ਦੀ ਕੁਟਮਾਰ
ਹੈਦਰਾਬਾਦ: ਅਦਾਕਾਰ ਪ੍ਰਭਾਸ ਦੇ ਪ੍ਰਸ਼ੰਸਕਾਂ ਨੇ ਅਪਣੇ ਪਸੰਦੀਦਾ ਕਲਾਕਾਰ ਦੀ ਨਵੀਂ ਰਿਲੀਜ਼ ਹੋਈ ਫ਼ਿਲਮ ‘ਆਦਿਪੁਰਸ਼’ ਦੀ ਆਲੋਚਨਾ ਰਾਸ ਨਹੀਂ ਆਈ ਅਤੇ ਉਨ੍ਹਾਂ ਨੇ ਇਕ ਸਿਨੇਮਾ ਬਾਹਰ ਕਥਿਤ ਤੌਰ ’ਤੇ ਇਕ ਵਿਅਕਤੀ ਦੀ ਕੁਟਮਾਰ ਕਰ ਦਿਤੀ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਇਕ ਵੀਡੀਓ ’ਚ ‘ਆਦਿਪੁਰਸ਼’ ’ਚ ਰਾਘਵ ਦੇ ਰੂਪ ’ਚ ਪ੍ਰਭਾਸ ਦੇ ਪ੍ਰਦਰਸ਼ਨ ਅਤੇ ਓਮ ਰਾਊਤ ਦੇ ਨਿਰਦੇਸ਼ਨ ’ਚ ਖ਼ਾਮੀਆਂ ਨੂੰ ਗਿਣਾਉਣ ਵਾਲੇ ਇਕ ਵਿਅਕਤੀ ਦੀ ਲੋਕਾਂ ਦੇ ਇਕ ਸਮੂਹ ਵਲੋਂ ਕੁਟਮਾਰ ਕਰਦਿਆਂ ਵੇਖਿਆ ਜਾ ਸਕਦਾ ਹੈ।
ਦਰਸ਼ਕ ਨੇ ਕਿਹਾ, ‘‘ਪ੍ਰਭਾਸ ਭਗਵਾਨ ਰਾਮ ਦੇ ਰੂਪ ’ਚ ਠੀਕ ਨਹੀਂ ਲਗ ਰਹੇ ਸਨ। ਉਹ ‘ਬਾਹੂਬਲੀ’ ਫ਼ਿਲਮ ’ਚ ਇਕ ਰਾਜਾ ਵਾਂਗ ਸਨ ਅਤੇ ਉਸ ’ਚ ਉਨ੍ਹਾਂ ਦਾ ਕਿਰਦਾਰ ਸ਼ਾਨਦਾਰ ਸੀ। ਉਨ੍ਹਾਂ ਦੀ ਅਦਾਕਾਰੀ ਵੇਖ ਕੇ ਉਨ੍ਹਾਂ ਨੂੰ ਇਸ ਭੂਮਿਕਾ ਲਈ ਲਿਆਂਦਾ ਗਿਆ। ਓਮ ਰਾਊਤ ਪ੍ਰਭਾਸ ਨੂੰ ਠੀਕ ਤਰ੍ਹਾਂ ਵਿਖਾਉਣ ’ਚ ਨਾਕਾਮ ਰਹੇ।’’
ਦਰਸ਼ਕ ਦੀਆਂ ਇਨ੍ਹਾਂ ਟਿਪਣੀਆਂ ਕਾਰਨ ਉਸ ਦੇ ਅਤੇ ਤੇਲੁਗੂ ਅਦਾਕਾਰ ਪ੍ਰਭਾਸ ਦੇ ਹੋਰ ਪ੍ਰਸ਼ੰਸਕਾਂ ਵਿਚਕਾਰ ਬਹਿਸ ਹੋ ਗਈ। ਇਹ ਬਹਿਸ ਛੇਤੀ ਹੀ ਹੱਥੋਪਾਈ ’ਚ ਤਬਦੀਲ ਹੋ ਗਈ ਅਤੇ ਪ੍ਰਭਾਸ ਦੇ ਪ੍ਰਸ਼ੰਸਕਾਂ ਨੇ ਉਸ ਦੀ ਕੁਟਮਾਰ ਸ਼ੁਰੂ ਕਰ ਦਿਤੀ। ਇਕ ਹੋਰ ਘਟਨਾ ’ਚ ਸਿਨੇਮਾ ਅੰਦਰ ਭਗਵਾਨ ਹਨੁਮਾਨ ਲਈ ਰਾਖਵੀਂ ਸੀਟ ’ਤੇ ਬੈਠਣ ਲਈ ਲੋਕਾਂ ਦੇ ਇਕ ਵਿਅਕਤੀ ਦੀ ਕੁੱਟਮਾਰ ਕਰ ਦਿਤੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਸ ਹੋ ਰਿਹਾ ਹੈ।
ਫ਼ਿਲਮ ਦੀ ਟੀਮ ਨੇ ਮਾਣ ਵਜੋਂ ਭਗਵਾਨ ਹਨੁਮਾਨ ਲਈ ਸਿਨੇਮਾ ਘਰਾਂ ’ਚ ਇਕ ਸੀਟ ਰਾਖਵੀਂ ਰੱਖਣ ਦਾ ਫ਼ੈਸਲਾ ਕੀਤਾ ਹੈ। ਫ਼ਿਲਮ ’ਚ ਪ੍ਰਭਾਸ, ਕ੍ਰਿਤੀ ਸੇਨਨ, ਸਨੀ ਸਿੰਘ ਅਤੇ ਸੈਫ਼ ਅਲੀ ਖ਼ਾਨ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।