
ਪੰਜਾਬੀ ਭਾਸ਼ਾ ਦੀ ਬਿਹਤਰੀਨ ਫ਼ਿਲਮ ਦਾ ਪੁਰਸਕਾਰ ‘ਬਾਗੀ ਦੀ ਧੀ’ ਨੂੰ ਦਿਤਾ ਜਾਵੇਗਾ
ਨਵੀਂ ਦਿੱਲੀ: 70ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਅੱਜ ਐਲਾਨ ਕਰ ਦਿਤਾ ਗਿਆ। ਇਹ ਪੁਰਸਕਾਰ ਸਾਲ 2022 ਲਈ ਐਲਾਨ ਕੀਤੇ ਗਏ ਹਨ। ਮਲਿਆਲਮ ਫਿਲਮ ‘ਆਟਮ : ਦਿ ਪਲੇਅ’ ਨੂੰ ਬਿਹਤਰੀਨ ਫੀਚਰ ਫਿਲਮ ਦਾ ਪੁਰਸਕਾਰ ਮਿਲਿਆ ਅਤੇ ਸੂਰਜ ਆਰ. ਬੜਜਾਤੀਆ ਨੂੰ ਹਿੰਦੀ ਫਿਲਮ ‘ਉਂਚਾਈ’ ਲਈ ਬਿਹਤਰੀਨ ਨਿਰਦੇਸ਼ਕ ਦਾ ਪੁਰਸਕਾਰ ਦਿਤਾ ਗਿਆ।
ਬਿਹਤਰੀਨ ਅਦਾਕਾਰਾ ਦਾ ਪੁਰਸਕਾਰ ਨਿਤਿਆ ਮੈਨਨ ਨੂੰ ਤਾਮਿਲ ਫਿਲਮ ‘ਥਿਰੂਚਿਤਰੰਬਲਮ’ ਲਈ ਅਤੇ ਮਾਨਸੀ ਪਾਰੇਖ ਨੂੰ ਗੁਜਰਾਤੀ ਫਿਲਮ ‘ਕੱਛ ਐਕਸਪ੍ਰੈਸ’ ਲਈ ਸਾਂਝੇ ਰੂਪ ’ਚ ਮਿਲਿਆ। ਕੰਨੜ ਹਿੱਟ ਫਿਲਮ ‘ਕਾਂਤਾਰਾ’ ਲਈ ਰਿਸ਼ਭ ਸ਼ੈੱਟੀ ਨੂੰ ਬਿਹਤਰੀਨ ਅਦਾਕਾਰ ਦਾ ਪੁਰਸਕਾਰ ਮਿਲਿਆ।
ਨੀਨਾ ਗੁਪਤਾ ਨੂੰ ‘ਉਂਚਾਈ‘ ਲਈ ਬਿਹਤਰੀਨ ਸਹਾਇਕ ਅਦਾਕਾਰਾ ਅਤੇ ਪਵਨ ਮਲਹੋਤਰਾ ਨੂੰ ਹਰਿਆਣਵੀ ਫਿਲਮ ‘ਫੌਜਾ’ ਲਈ ਬਿਹਤਰੀਨ ਸਹਾਇਕ ਅਦਾਕਾਰ ਚੁਣਿਆ ਗਿਆ।
ਸ਼ਰਮੀਲਾ ਟੈਗੋਰ ਅਤੇ ਮਨੋਜ ਬਾਜਪਾਈ ਦੀ ਫਿਲਮ ‘ਗੁਲਮੋਹਰ’ ਨੇ ਬਿਹਤਰੀਨ ਹਿੰਦੀ ਫਿਲਮ ਦਾ ਪੁਰਸਕਾਰ ਜਿੱਤਿਆ। ਬਾਜਪਾਈ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਏ.ਆਰ. ਰਹਿਮਾਨ ਨੇ ਮਨੀ ਰਤਨਮ ਦੀ ਫਿਲਮ ‘ਪੋਨੀਨਿਨ ਸੇਲਵਨ-ਪਾਰਟ 1’ ਵਿਚ ਅਪਣੇ ਕੰਮ ਲਈ ਬਿਹਤਰੀਨ ਸੰਗੀਤ ਨਿਰਦੇਸ਼ਕ (ਬੈਕਗ੍ਰਾਉਂਡ ਸੰਗੀਤ) ਲਈ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ, ਜਿਸ ਨੂੰ ਬਿਹਤਰੀਨ ਤਾਮਿਲ ਫਿਲਮ ਵੀ ਐਲਾਨ ਕੀਤਾ ਗਿਆ। ਪ੍ਰੀਤਮ ਨੂੰ ‘ਬ੍ਰਹਮਾਸਤਰ-ਭਾਗ 1’ ਲਈ ਬਿਹਤਰੀਨ ਸੰਗੀਤ ਨਿਰਦੇਸ਼ਕ (ਗੀਤ) ਦਾ ਪੁਰਸਕਾਰ ਮਿਲਿਆ। ਬਿਹਤਰੀਨ ਗੀਤਾਂ ਦਾ ਪੁਰਸਕਾਰ ਹਰਿਆਣਵੀ ਫ਼ਿਲਮ ਫ਼ੌਜਾ ਨੂੰ ਮਿਲਿਆ।
ਬਿਹਤਰੀਨ ਪੰਜਾਬੀ ਫ਼ਿਲਮ ਦਾ ਪੁਰਸਕਾਰ ‘ਬਾਗੀ ਦੀ ਧੀ’। ਦਿਲਨੂਰ ਏਂਜਲ, ਵਿਕਰਮ ਚਹਾਨ ਅਤੇ ਕੁਲਜੀਤ ਸਿੰਘ ਸਿੱਧੂ ਦੀ ਅਦਾਕਾਰੀ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਮੁਕੇਸ਼ ਗੌਤਮ ਨੇ ਕੀਤਾ ਹੈ। ਬਿਹਤਰੀਨ ਗਾਇਕ ਦਾ ਪੁਰਸਕਾਰ ‘ਬ੍ਰਹਮਅਸਤਰ -1’ ’ਚ ਕੇਸਰੀਆ ਲਈ ਅਰੀਜੀਤ ਸਿੰਘ ਨੂੰ ਦਿਤਾ ਗਿਆ।
ਐਨੀਮੇਸ਼ਨ, ਵਿਜ਼ੂਅਲ ਇਫ਼ੈਕਟਸ ਗੇਮਿੰਗ ਅਤੇ ਕਾਮਿਕ ਲਈ ਬਿਹਤਰੀਨ ਫ਼ਿਲਮ ਦਾ ਪੁਰਸਕਾਰ ‘ਬ੍ਰਹਮਅਸਤਰ -1 : ਸ਼ਿਵਾ’ ਨੂੰ ਦਿਤਾ ਗਿਆ। ਰਾਸ਼ਟਰੀ, ਸਮਾਜਕ ਅਤੇ ਵਾਤਾਵਰਣ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਬਿਹਤਰੀਨ ਫ਼ਿਲਮ ਦਾ ਪੁਰਕਸਾਰ ‘ਕੱਛ ਐਕਸਪ੍ਰੈੱਸ’ ਨੂੰ ਦਿਤਾ ਗਿਆ।
ਕੁਲ ਮਿਲਾ ਕੇ ਮਨੋਰੰਜਨ ਕਰਨ ਵਾਲੀ ਬਿਹਤਰੀਨ ਫ਼ਿਲਮ ਦਾ ਪੁਰਕਸਾਰ ਕੰਨੜ ਭਾਸ਼ਾ ਦੀ ਫ਼ਿਲਮ ‘ਕੰਤਾਰਾ’ ਨੂੰ ਦਿਤਾ ਗਿਆ। ਪਹਿਲੀ ਵਾਰੀ ਨਿਰਦੇਸ਼ਕ ਦੀ ਬਿਹਤਰੀਨ ਫ਼ਿਲਮ ਦਾ ਪੁਰਕਸਾਰ ਹਰਿਆਣਵੀ ਫ਼ਿਲਮ ‘ਫ਼ੌਜਾ’ ਨੂੰ ਦਿਤਾ ਗਿਆ। ਪੁਰਸਕਾਰਾਂ ਦਾ ਐਲਾਨ ਫੀਚਰ ਫਿਲਮ ਜਿਊਰੀ ਦੇ ਮੁਖੀ ਰਾਹੁਲ ਰਵੈਲ ਨੇ ਕੀਤਾ।