
ਹਮੇਸ਼ਾ ਪੀੜਤ ਨੂੰ ਹੀ ਦੋਸ਼ੀ ਠਹਿਰਾਇਆ ਜਾਂਦੈ, ਹੁਣ ਸਮਾਂ ਆ ਗਿਆ ਹੈ ਕਿ ਅਸੀਂ ਖੜ੍ਹੇ ਹੋ ਕੇ ਸੁਰੱਖਿਆ ਦੇ ਅਧਿਕਾਰ ਦੀ ਮੰਗ ਕਰੀਏ : ਸੇਲਿਨਾ ਜੇਟਲੀ
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸੇਲਿਨਾ ਜੇਟਲੀ ਦਾ ਕਹਿਣਾ ਹੈ ਕਿ ਸਕੂਲ ਦੇ ਦਿਨਾਂ ’ਚ ਉਨ੍ਹਾਂ ਨੂੰ ਕਈ ਵਾਰ ਮੁੰਡਿਆਂ ਦੀ ਛੇੜਖਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਇਸ ਗੱਲ ’ਤੇ ਦੁੱਖ ਪ੍ਰਗਟਾਇਆ ਕਿ ਹਰ ਵਾਰ ਪੀੜਤ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ। ਅਦਾਕਾਰਾ ਦੀ ਇਹ ਟਿਪਣੀ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਇਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਵਿਰੁਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਆਈ ਹੈ।
ਸੇਲਿਨਾ ਨੇ ਸਨਿਚਰਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਪੋਸਟ ਕੀਤੀ, ਜਿਸ ਦਾ ਸਿਰਲੇਖ ਸੀ, ‘‘ਪੀੜਤ ਹਮੇਸ਼ਾ ਦੋਸ਼ੀ ਠਹਿਰਾਇਆ ਜਾਂਦਾ ਹੈ।’’ ਉਨ੍ਹਾਂ ਕਿਹਾ, ‘‘ਹੁਣ ਸਮਾਂ ਆ ਗਿਆ ਹੈ ਕਿ ਅਸੀਂ ਖੜ੍ਹੇ ਹੋ ਕੇ ਸੁਰੱਖਿਆ ਦੇ ਅਧਿਕਾਰ ਦੀ ਮੰਗ ਕਰੀਏ ਕਿਉਂਕਿ ਔਰਤਾਂ ਦੀ ਕੋਈ ਗਲਤੀ ਨਹੀਂ ਹੈ।’’
ਛੇਵੀਂ ਜਮਾਤ ਦੀ ਅਪਣੀ ਤਸਵੀਰ ਸਾਂਝੀ ਕਰਦਿਆਂ, ਅਦਾਕਾਰਾ ਨੇ ਯਾਦ ਕੀਤਾ ਕਿ ਕਿਵੇਂ ਨੇੜਲੀ ਯੂਨੀਵਰਸਿਟੀ ਦੇ ਮੁੰਡੇ ਉਨ੍ਹਾਂ ਦੇ ਸਕੂਲ ਦੇ ਬਾਹਰ ਉਨ੍ਹਾਂ ਦੀ ਉਡੀਕ ਕਰਦੇ ਸਨ ਅਤੇ ਹਰ ਰੋਜ਼ ਉਸ ਦੇ ਰਿਕਸ਼ਾ ਦਾ ਪਿੱਛਾ ਕਰਦੇ ਸਨ।
ਹੁਣ 42 ਸਾਲ ਦੀ ਹੋ ਚੁਕੀ ਅਦਾਕਾਰਾ ਨੇ ਪੋਸਟ ’ਚ ਲਿਖਿਆ, ‘‘ਮੈਂ ਉਨ੍ਹਾਂ ਵਲ ਧਿਆਨ ਨਾ ਦੇਣ ਦਾ ਵਿਖਾਵਾ ਕਰਦੀ ਸੀ ਅਤੇ ਕੁੱਝ ਦਿਨਾਂ ਬਾਅਦ ਇਸ ਕਾਰਨ ਉਨ੍ਹਾਂ ਨੇ ਮੇਰਾ ਧਿਆਨ ਖਿੱਚਣ ਲਈ ਸੜਕ ਦੇ ਵਿਚਕਾਰ ਮੇਰੇ ’ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿਤੇ। ਮੇਰੇ ਇਕ ਅਧਿਆਪਕ ਨੇ ਉਦੋਂ ਕਿਹਾ ਸੀ: ਮੇਰੇ ਨਾਲ ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ ਢਿੱਲੇ ਕਪੜੇ ਨਹੀਂ ਪਹਿਨਦੀ ਅਤੇ ਅਪਣੇ ਵਾਲਾਂ ’ਚ ਤੇਲ ਨਹੀਂ ਲਗਾਉਂਦੀ ਤੇ ਦੋ ਗੁੱਤਾਂ ਨਹੀਂ ਕਰਦੀ। ਇਹ ਮੇਰੀ ਗਲਤੀ ਹੈ!‘‘
ਉਨ੍ਹਾਂ ਅੱਗੇ ਕਿਹਾ, ‘‘ਸਵੇਰੇ, ਸਕੂਲ ਰਿਕਸ਼ਾ ਦੀ ਉਡੀਕ ਕਰਦੇ ਸਮੇਂ ਇਕ ਆਦਮੀ ਨੇ ਮੈਨੂੰ ਅਪਣੇ ਗੁਪਤ ਅੰਗ ਵਿਖਾਏ। ਕਈ ਸਾਲਾਂ ਤਕ, ਮੈਂ ਇਸ ਘਟਨਾ ਲਈ ਖ਼ੁਦ ਨੂੰ ਦੋਸ਼ੀ ਮੰਨਦੀ ਰਹੀ ਅਤੇ ਅਪਣੇ ਮਨ ’ਚ ਅਧਿਆਪਕ ਦੇ ਸ਼ਬਦਾਂ ਨੂੰ ਦੁਹਰਾਉਂਦੀ ਰਹੀ ਕਿ ਇਹ ਮੇਰੀ ਗਲਤੀ ਸੀ।’’ ਅਦਾਕਾਰਾ ਨੇ ਕਿਹਾ ਕਿ ਜਦੋਂ ਉਹ 11ਵੀਂ ਜਮਾਤ ਵਿਚ ਸੀ ਤਾਂ ਯੂਨੀਵਰਸਿਟੀ ਦੇ ਵਿਦਿਆਰਥੀ ਉਸ ਦੇ ਸਕੂਟਰ ਦੀਆਂ ਤਾਰਾਂ ਕੱਟ ਦਿੰਦੇ ਸਨ ਕਿਉਂਕਿ ਉਹ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀ ਸੀ। ਸੇਲਿਨਾ ਨੇ ਕਿਹਾ ਕਿ ਉਹ ਉਸ ਨੂੰ ਪਰੇਸ਼ਾਨ ਕਰਦੇ ਸਨ, ਉਸ ਨਾਲ ਬਦਸਲੂਕੀ ਕਰਦੇ ਸਨ ਅਤੇ ਉਸ ਦੀ ਕਾਰ ’ਤੇ ਅਸ਼ਲੀਲ ਸ਼ਬਦ ਤਕ ਲਿਖਦੇ ਜਾਂਦੇ ਸਨ।
ਜਦੋਂ ਅਦਾਕਾਰਾ ਦੇ ਕੁੱਝ ਪੁਰਸ਼ ਸਹਿਪਾਠੀਆਂ ਨੇ ਉਸ ਦੇ ਅਧਿਆਪਕਾਂ ਨੂੰ ਇਸ ਬਾਰੇ ਦਸਿਆ ਤਾਂ ਸੇਲਿਨਾ ਨੇ ਕਿਹਾ ਕਿ ‘ਕਲਾਸ ਟੀਚਰ’ ਨੇ ਉਲਟਾ ਉਸ ਨੂੰ ਹੀ ਦੋਸ਼ੀ ਠਹਿਰਾਇਆ ਅਤੇ ਕਿਹਾ ਕਿ ‘ਉਹ ਖੁੱਲ੍ਹੇ ਵਿਚਾਰਾਂ ਵਾਲੀ ਸਕੂਟੀ ਚਲਾਉਣ ਵਾਲੀ ਕੁੜੀ ਹੈ। ਉਹ ਟਿਊਸ਼ਨ ’ਤੇ ਜੀਨਸ ਪਹਿਨਦੀ ਹੈ ਅਤੇ ਖੁੱਲ੍ਹੇ ਅਤੇ ਛੋਟੇ ਵਾਲਾਂ ਰਖਦੀ ਹੈ। ਇਸ ਲਈ ਮੁੰਡੇ ਸੋਚਦੇ ਹਨ ਕਿ ਉਹ ਚਰਿੱਤਰਹੀਣ ਹੈ।’’
ਸੇਲੀਨਾ ਨੇ ਕਿਹਾ, ‘‘ਮੈਨੂੰ ਅਜੇ ਵੀ ਉਹ ਦਿਨ ਯਾਦ ਹੈ ਜਦੋਂ ਮੈਂ ਅਪਣੀ ਸਕੂਟੀ ਤੋਂ ਛਾਲ ਮਾਰ ਕੇ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਕਿਉਂਕਿ ਮੇਰੀ ਸਕੂਟੀ ਦੀਆਂ ਬਰੇਕ ਦੀਆਂ ਤਾਰਾਂ ਕੱਟ ਦਿਤੀਆਂ ਗਈਆਂ ਸਨ। ਮੈਨੂੰ ਬਹੁਤ ਸਾਰੀਆਂ ਸੱਟਾਂ ਲੱਗੀਆਂ ਸਨ ਅਤੇ ਫਿਰ ਵੀ ਇਹ ਮੇਰੀ ਗਲਤੀ ਸੀ... ਮੈਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਦਮੇ ’ਚ ਸੀ... ਅਤੇ ਮੈਨੂੰ ਦਸਿਆ ਗਿਆ ਕਿ ਇਹ ਮੇਰੀ ਗਲਤੀ ਸੀ।’’
ਉਨ੍ਹਾਂ ਕਿਹਾ, ‘‘ਮੇਰੇ ਰਿਟਾਇਰਡ ਕਰਨਲ ਦਾਦਾ ਜੀ, ਜਿਨ੍ਹਾਂ ਨੇ ਅਪਣੀ ਬੁਢਾਪੇ ਵਿਚ ਸਾਡੇ ਦੇਸ਼ ਲਈ ਦੋ ਜੰਗਾਂ ਲੜੀਆਂ ਸਨ, ਨੂੰ ਮੈਨੂੰ ਵਾਪਸ ਸਕੂਲ ਲਿਜਾਣ ਦਾ ਜ਼ਿੰਮਾ ਲੈਣਾ ਪਿਆ... ਮੈਨੂੰ ਅਜੇ ਵੀ ਯਾਦ ਹੈ ਕਿ ਉਹ ਬੇਰਹਿਮ ਮੁੰਡੇ ਜਿਨ੍ਹਾਂ ਨੇ ਮੇਰਾ ਪਿੱਛਾ ਕੀਤਾ ਅਤੇ ਮੇਰੀ ਸਕੂਟੀ ਨੂੰ ਨੁਕਸਾਨ ਪਹੁੰਚਾਇਆ, ਉਨ੍ਹਾਂ ਨੇ ਮੇਰੇ ਸੇਵਾਮੁਕਤ ਕਰਨਲ ਦਾਦਾ ਜੀ ’ਤੇ ਅਪਮਾਨਜਨਕ ਟਿਪਣੀਆਂ ਵੀ ਕੀਤੀਆਂ। ਮੇਰੇ ਨਾਨਾ ਹੈਰਾਨ ਸਨ ਉਨ੍ਹਾਂ ਲੋਕਾਂ ਦੇ ਮੂੰਹਾਂ ’ਚੋਂ ਇਹ ਸੁਣ ਕੇ ਜਿਨ੍ਹਾਂ ਲਈ ਉਸ ਨੇ ਜੰਗ ਲੜੀ।’’
ਉਨ੍ਹਾਂ ਪੋਸਟ ’ਚ ਲਿਖਿਆ, ‘‘ਹੁਣ ਸਮਾਂ ਆ ਗਿਆ ਹੈ ਕਿ ਅਸੀਂ ਖੜ੍ਹੇ ਹੋ ਕੇ ਅਪਣੇ ਅਧਿਕਾਰ ਦੀ ਮੰਗ ਕਰੀਏ। ਇਹ ਸਾਡੀ ਗਲਤੀ ਨਹੀਂ ਹੈ।’’