
ਭੋਜਨ ਬਹੁਤ ਸੁਆਦੀ ਹੁੰਦਾ ਹੈ ਅਤੇ ਲੋਕ ਗੁੜ ਵਾਂਗ ਮਿੱਠੇ ਹੁੰਦੇ ਹਨ - ਭਾਗਿਆਸ਼੍ਰੀ
Kashmir : ਅਦਾਕਾਰਾ ਭਾਗਿਆਸ਼੍ਰੀ ਨੇ ਕਸ਼ਮੀਰ ਦੀਆਂ ਵਾਦੀਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਬਹੁਤ ਸ਼ਾਂਤ ਅਤੇ ਖੂਬਸੂਰਤ ਜਗ੍ਹਾ ਹੈ। ਉਨ੍ਹਾਂ ਨੇ ਇਹ ਵੀ ਹੈਰਾਨੀ ਪ੍ਰਗਟ ਕੀਤੀ ਕਿ ਭਾਰਤ ’ਚ ਇੰਨੀ ਸੁੰਦਰਤਾ ਦੇ ਬਾਵਜੂਦ ਲੋਕ ਵਿਦੇਸ਼ ਕਿਉਂ ਜਾਂਦੇ ਹਨ। ਸਾਲ 1989 ’ਚ ਫਿਲਮ ‘ਮੈਨੇ ਪਿਆਰ ਕੀਆ’ ਨਾਲ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ 54 ਸਾਲ ਦੀ ਅਦਾਕਾਰਾ ਨੇ ਕਿਹਾ ਕਿ ਬਹੁਤ ਸਾਰੇ ਸੈਲਾਨੀ ਵਾਦੀ ਆਉਣਾ ਚਾਹੁੰਦੇ ਹਨ ਪਰ ਉਹ ਡਰਦੇ ਹਨ।
ਉਨ੍ਹਾਂ ਨੇ ਅਨੰਤਨਾਗ ਜ਼ਿਲ੍ਹੇ ਦੇ ਇਕ ਸੈਰ-ਸਪਾਟਾ ਰਿਜ਼ਾਰਟ ’ਚ ਕਿਹਾ, ‘‘ਜਦੋਂ ਵੀ ਮੈਂ ਇੱਥੇ ਆਉਂਦੀ ਹਾਂ ਤਾਂ ਮੈਨੂੰ ਅਮੀਰ ਖੁਸਰੋ ਦਾ ਇਕ ਦੋਹਾ ਯਾਦ ਆਉਂਦਾ ਹੈ, ‘ਜੇਕਰ ਧਰਤੀ ’ਤੇ ਸਵਰਗ ਹੈ ਤਾਂ ਉਹ ਇੱਥੇ, ਇੱਥੇ, ਇੱਥੇ ਹੈ।’ ਅਪਣੀ ਜ਼ਿੰਦਗੀ ’ਚ ਇਕ ਵਾਰ ਕਸ਼ਮੀਰ ਆਉ। ਇਹ ਬਹੁਤ ਸ਼ਾਂਤ ਅਤੇ ਸੁੰਦਰ ਹੈ... ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਸਵਿਟਜ਼ਰਲੈਂਡ ਜਾਂ ਯੂਰਪ ਕਿਉਂ ਜਾਂਦੇ ਹਨ।’’
ਉਨ੍ਹਾਂ ਕਿਹਾ, ‘‘ਇੱਥੋਂ ਦੇ ਲੋਕ ਕਸ਼ਮੀਰ ਨੂੰ ਮਿੰਨੀ ਸਵਿਟਜ਼ਰਲੈਂਡ ਕਹਿੰਦੇ ਹਨ ਪਰ ਮੈਂ ਸਵਿਟਜ਼ਰਲੈਂਡ ਨੂੰ ਮਿੰਨੀ ਕਸ਼ਮੀਰ ਮੰਨਦੀ ਹਾਂ। ਇੱਥੇ ਤੁਸੀਂ ਅੰਦਰੂਨੀ ਸ਼ਾਂਤੀ ਦਾ ਅਨੁਭਵ ਕਰਦੇ ਹੋ। ਲੋਕ ਇੰਨੇ ਚੰਗੇ ਹਨ ਕਿ ਤੁਹਾਨੂੰ ਕਦੇ ਕੋਈ ਸਮੱਸਿਆ ਨਹੀਂ ਹੋਵੇਗੀ।’’ ਅਦਾਕਾਰਾ ਨੇ ਕਸ਼ਮੀਰੀ ਪਕਵਾਨਾਂ ਅਤੇ ਪ੍ਰਾਹੁਣਚਾਰੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਭੋਜਨ ਬਹੁਤ ਸੁਆਦੀ ਹੁੰਦਾ ਹੈ ਅਤੇ ਲੋਕ ਗੁੜ ਵਾਂਗ ਮਿੱਠੇ ਹੁੰਦੇ ਹਨ।’’ ਭਾਗਿਆਸ਼੍ਰੀ ਹਾਲ ਹੀ ’ਚ ਫਿਲਮ ‘ਸਜਨੀ ਸ਼ਿੰਦੇ ਦਾ ਵਾਇਰਲ ਵੀਡੀਉ’ ’ਚ ਨਜ਼ਰ ਆਈ ਸੀ।
(For more news apart from Kashmir News, stay tuned to Rozana Spokesman)