
ਦਿਲਜੀਤ ਦੋਸਾਂਝ ਤੇ ਕਰਨ ਔਜਲਾ ਦਾ ਸਮਰਥਨ ਕਰਨ ਦੀ ਬਜਾਏ ਕੁਝ ਕੁ ਆਪਣੇ ਲੋਕ ਹੀ ਬਣਾ ਰਹੇ ਨੇ ਨਿਸ਼ਾਨਾ
ਮੁਹਾਲੀ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਸੰਗੀਤਕ ਟੂਰ ਨੂੰ ਲੈ ਕੇ ਸੁਰਖ਼ੀਆਂ 'ਚ ਹਨ। ਹਾਲ ਹੀ 'ਚ ਉਨ੍ਹਾਂ ਨੇ ਚੰਡੀਗੜ੍ਹ 'ਚ ਆਪਣੀ ਪੇਸ਼ਕਸ਼ ਦਿੱਤੀ। ਭਾਵੇਂ ਦਿਲਜੀਤ ਤੇ ਕਰਨ ਔਜਲਾ ਦੀ ਪ੍ਰਸਿੱਧੀ ਦੁਨੀਆਂ ਦੇ ਕੋਨੇ-ਕੋਨੇ ਵਿਚ ਹੈ ਪਰ ਭਾਰਤ ਵਿਚ ਕਈ ਅਜਿਹੇ ਨਿਊਜ਼ ਐਂਕਰ ਹਨ ਜਿਹੜੇ ਦਿਲਜੀਤ ਤੇ ਕਰਨ ਔਜਲਾ ਨੂੰ ਨਾ ਨਿੱਜੀ ਤੌਰ 'ਤੇ ਤੇ ਨਾ ਹੀ ਬਤੌਰ ਗਾਇਕ ਪਸੰਦ ਕਰਦੇ ਹਨ।
ਇਨ੍ਹਾਂ ਲੋਕਾਂ ਦੀ ਸਮੱਸਿਆ ਪੰਜਾਬੀ ਗਾਇਕਾਂ ਸਬੰਧੀ ਪਤਾ ਨਹੀਂ ਕੀ ਹੈ ਇਹ ਲਗਾਤਾਰ ਪੰਜਾਬੀ ਗਾਇਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਹ ਕਦੇ ਗੀਤਾਂ ਵਿਚ ਦਾਰੂ ਸਬੰਧੀ ਗ਼ਲਤੀਆਂ ਕੱਢਦੇ ਹਨ ਤੇ ਕਦੇ ਉਨ੍ਹਾਂ ਦੇ ਗੀਤਾਂ ਨੂੰ ਹਿੰਸਾ ਫੈਲਾਉਣ ਵਾਲੇ ਦੱਸਦੇ ਹਨ ਪਰ ਜਦੋਂ ਅਜਿਹੀ ਪੇਸ਼ਕਾਰੀ ਹਿੰਦੀ ਗੀਤਾਂ ਜਾਂ ਬਾਲੀਵੁਡ ਦੀਆਂ ਫ਼ਿਲਮਾਂ ਵਿਚ ਹੁੰਦੀ ਤਾਂ ਇਨ੍ਹਾਂ ਨੂੰ ਸੱਪ ਸੁੰਘ ਜਾਂਦਾ ਹੈ।
ਹਾਲਾਂਕਿ ਨਿਊਜ਼ ਐਂਕਰਾਂ ਬਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਉਹ ਹਮੇਸ਼ਾ ਨਿਰਪੱਖ ਪੱਤਰਕਾਰੀ ਕਰਦੇ ਹਨ ਪਰ ਕੁਝ ਕੁ ਲੋਕ ਇਸ ਕਿੱਤੇ ਨੂੰ ਵੀ ਦਾਗ਼ ਲਾ ਰਹੇ ਹਨ। ਇਸ ਲਈ ਅਜਿਹੇ ਨਿਊਜ਼ ਐਂਕਰਾਂ ਨੂੰ ਅਪੀਲ ਹੈ ਕਿ ਉਹ ਸੋਚ ਸਮਝ ਕੇ ਪੰਜਾਬੀ ਗਾਇਕਾਂ 'ਤੇ ਟਿੱਪਣੀ ਕਰਨ ਜਾਂ ਫਿਰ ਉਹ ਸਾਰਿਆਂ ਨੂੰ ਹੀ ਇਕ ਨਜ਼ਰ ਨਾਲ ਵੇਖਣ।
ਇਹ ਨਿਊਜ਼ ਐਂਕਰ ਇਹ ਨਹੀਂ ਵੇਖਦੇ ਕਿ ਦਿਲਜੀਤ ਤੇ ਕਰਨ ਔਜਲਾ ਕਿਸੇ ਹੋਰ ਗ੍ਰਹਿ ਤੋਂ ਨਹੀਂ ਆਏ ਸਗੋਂ ਇਸੇ ਧਰਤੀ ਦੇ ਹੀ ਰਹਿਣ ਵਾਲੇ ਹਨ। ਇਸ ਲਈ ਉਹ ਇਥੋਂ ਦੀਆਂ ਪ੍ਰਚਲਿਤ ਰੀਤਾਂ ਅਤੇ ਕਮੀਆਂ ਪੇਸ਼ੀਆਂ ਨੂੰ ਹੀ ਪੇਸ਼ ਕਰ ਰਹੇ ਹਨ। ਜੇਕਰ ਪੂਰੀ ਦੁਨੀਆ ਵਿਚੋਂ ਸ਼ਰਾਬ ਖ਼ਤਮ ਹੋ ਜਾਵੇਗੀ ਤਾਂ ਉਹ ਇਸ ਤਰ੍ਹਾਂ ਦੇ ਗੀਤ ਕਿਉਂ ਹੀ ਗਾਉਣਗੇ। ਜੇਕਰ ਕਿਸੇ ਨੂੰ ਉਨ੍ਹਾਂ ਦੇ ਗੀਤਾਂ ਵਿਚ ਹਿੰਸਾ ਜਾਂ ਹਥਿਆਰ ਨਜ਼ਰ ਆਉਂਦੇ ਹਨ ਤਾਂ ਫਿਰ ਪੂਰੀ ਦੁਨੀਆਂ ਵਿਚ ਹਥਿਆਰਾਂ 'ਤੇ ਪਾਬੰਦੀ ਕਿਉਂ ਨਹੀਂ ਲੱਗਦੀ। ਜੇਕਰ ਦਿਲਜੀਤ ਤੇ ਕਰਨ ਔਜਲਾ ਨੇ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਆਪਣੇ ਗੀਤਾਂ ਵਿਚ ਸੱਚ ਬੋਲ ਦਿੱਤਾ ਤਾਂ ਇਨ੍ਹਾਂ ਲੋਕਾਂ ਦੇ ਢਿੱਡੀਂ ਪੀੜਾਂ ਪੈ ਗਈਆਂ।