
ਬਾਲੀਵੁੱਡ ਦੀ ਚੁਲਬੁਲੀ ਅਦਾਕਾਰਾ ਵੱਜੋਂ ਜਾਣੀ ਜਾਂਦੀ ਆਲੀਆ ਭੱਟ ਅੱਜ 25 ਸਾਲ ਦੀ ਹੋ ਗਈ ਹੈ।
ਬਾਲੀਵੁੱਡ ਦੀ ਚੁਲਬੁਲੀ ਅਦਾਕਾਰਾ ਵੱਜੋਂ ਜਾਣੀ ਜਾਂਦੀ ਆਲੀਆ ਭੱਟ ਅੱਜ 25 ਸਾਲ ਦੀ ਹੋ ਗਈ ਹੈ। 1993 ਨੂੰ ਮੁੰਬਈ 'ਚ ਪੈਦਾ ਹੋਈ ਆਲੀਆ ਬਾਲੀਵੁਡ ਦੇ ਮਸ਼ਹੂਰ ਨਿਰਮਾਤਾ ਨਿਰਦੇਸ਼ ਮਹੇਸ਼ ਭੱਟ ਦੀ ਬੇਟੀ ਹੈ ਪਰ ਬਾਵਜੂਦ ਇਸ ਦੇ ਆਲੀਆ ਨੇ ਆਪਣੇ 6 ਸਾਲ ਦੇ ਬਾਲੀਵੁੱਡ ਕਰੀਅਰ 'ਚ ਖੁਦ ਮੇਹਨਤ ਕਰਕੇ ਅਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ, ਅਤੇ ਅੱਜ ਉਹ ਇਕ ਸਫਲ ਅਦਾਕਾਰਾ ਦੇ ਤੌਰ 'ਤੇ ਦੇਖੀ ਜਾਂਦੀ ਹੈ । ਦਸਣਯੋਗ ਹੈ ਕਿ ਆਲੀਆ ਇੰਡਸਟਰੀ ਦੀਆਂ ਮੌਜ਼ੂਦਾਂ ਅਦਾਕਾਰਾਂ ਨੂੰ ਕੜੀ ਟੱਕਰ ਦੇ ਰਹੀ ਹੈ। ਅੱਜ ਆਲੀਆ ਦੇ ਜਨਮਦਿਨ ਮੌਕੇ ਤੁਹਾਨੂੰ ਆਲੀਆ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਤੋਂ ਜਾਣੂ ਕਰਵਾਉਂਦੇ ਹਾਂ।
ਤੁਹਾਨੂੰ ਦਸ ਦੇਈਏ ਕਿ ਆਲੀਆ ਘਰ ਦੇ ਵਿਚ ਸੱਭ ਤੋਂ ਛੋਟੀ ਅਤੇ ਸੱਭ ਦੀ ਚਹੇਤੀ ਵੀ ਹੈ ਅਤੇ ਉਨ੍ਹਾਂ ਦੇ ਬਚਪਨ ਦਾ ਨਾਂ 'ਆਲੂ' ਸੀ ਅਤੇ ਉਸਨੂੰ ਘਰ ਦੇ ਵਿਚ ਅਜੇ ਵੀ ਆਲੂ ਹੀ ਕਹਿ ਕਿ ਬੁਲਾਇਆ ਜਾਂਦਾ ਹੈ। ਊਂਝ ਤਾਂ ਅਲੀਆ ਨੇ ਅਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2012 'ਚ ਵਰੁਣ ਧਵਨ ਅਤੇ ਸਿਧਾਰਥ ਮਲਹੋਤਰਾ ਦੇ ਨਾਲ ਸਟੂਡੈਂਟ ਆਫ਼ ਦਿ ਈਅਰ ਤੋਂ ਕੀਤੀ ਸੀ ਪਰ ਬਹੁਤ ਘਟ ਲੋਕ ਜਾਂਦੇ ਹਨ ਕਿ ਆਲੀਆ ਨੇ ਫ਼ਿਲਮਾਂ 'ਚ ਬਤੌਰ ਚਾਈਲਡ ਆਰਟਿਸਟ ਹੀ ਕਦਮ ਰੱਖ ਲਏ ਸਨ। ਉਨ੍ਹਾਂ ਦੀ ਪਹਿਲੀ ਫਿਲਮ ਸਾਲ 1999 'ਚ ਸੀ ਜਿਸਦਾ ਨਾਮ 'ਸੰਘਰਸ਼' ਸੀ। ਇਸ 'ਚ ਆਲੀਆ ਨੇ ਪ੍ਰਿਟੀ ਜ਼ਿੰਟਾ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਗੱਲ ਕਰੀਏ ਆਲੀਆ ਦੀ ਪਹਿਲੀ ਫ਼ਿਲਮ ਸਟੂਡੈਂਟ ਆਫ਼ ਦਿ ਈਅਰ ਦੀ ਤਾਂ ਦਸਣਯੋਗ ਹੈ ਕਿ ਆਲੀਆ ਦੇ ਕਿਰਦਾਰ ਲਈ ਪਹਿਲਾਂ 500 ਲੜਕੀਆਂ ਨੇ ਆਡੀਸ਼ਨ ਦਿੱਤੇ ਸਨ, ਜਿਸ 'ਚੋਂ ਆਲੀਆ ਨੂੰ ਚੁਣਿਆ ਗਿਆ ਸੀ ਪਰ ਆਲੀਆ ਦੇ ਮੋਟਾਪੇ ਕਾਰਨ ਉਸ ਦੇ ਸਾਹਮਣੇ ਸ਼ਰਤ ਰੱਖੀ ਗਈ ਸੀ ਕਿ ਉਸ ਨੂੰ 3 ਮਹੀਨਿਆਂ 'ਚ 16 ਕਿਲੋ ਭਾਰ ਘੱਟ ਕਰਨਾ ਹੋਵੇਗਾ। ਜਿਸ ਨੂੰ ਆਲੀਆ ਨੇ ਪੂਰਾ ਕੀਤਾ ਅਤੇ ਅੱਜ ਉਹ ਇਸ ਇੰਡਸਟਰੀ ਵਿਚ ਫਿੱਟ ਅਤੇ ਕਾਮਯਾਬ ਅਦਾਕਾਰਾ ਹੈ। ਇਥੇ ਇਹ ਵੀ ਦਸ ਦੇਈਏ ਕਿ ਇਕ ਵਾਰ ਇਕ ਚੈਟ ਸ਼ੋਅ ਦੇ ਵਿਚ ਆਲੀਆ ਤੋਂ ਜਦ ਵਿਆਹ ਬਾਰੇ ਇਕ ਸਵਾਲ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਕਦੇ ਵੀ ਆਪਣੇ ਪਿਤਾ ਮਹੇਸ਼ ਭੱਟ ਵਰਗੇ ਇਨਸਾਨ ਨਾਲ ਵਿਆਹ ਨਹੀਂ ਕਰਵਾਏਗੀ ।
ਆਲੀਆ ਦੇ ਫ਼ਿਲਮੀ ਸਿਤਾਰਿਆਂ ਨਾਲ ਰਿਸ਼ਤਿਆਂ ਦੀ ਗੱਲ ਕੀਤੀ ਜਾਵੇ ਤਾਂ ਦਸ ਦੇਈਏ ਕਿ ਆਲੀਆ ਅਤੇ ਪੂਜਾ ਭੱਟ ਦੋਵੇਂ ਸੋਤੇਲੀਆਂ ਭੈਣਾਂ ਹਨ। ਪਰ ਬਾਵਜੂਦ ਇਸ ਦੇ ਦੋਹਾਂ ਵਿਚ ਬਹੁਤ ਪਿਆਰ ਹੈ। ਇਸ ਤੋਂ ਇਲਾਵਾ ਇਮਰਾਨ ਹਾਸ਼ਮੀ ਵੀ ਆਲੀਆ ਦੇ ਕਜ਼ਨ ਭਰਾ ਹਨ। ਇਸ ਦੇ ਨਾਲ ਹੀ ਆਲੀਆ ਦੀ ਨਜ਼ਦੀਕੀਆਂ ਦੇ ਚਰਚੇ ਸਿਧਾਰਥ ਮਲਹੋਤਰਾ ਦੇ ਨਾਲ ਖਾਸ ਰਹਿੰਦੇ ਹਨ। ਦੋਹਾਂ ਨੂੰ ਅਕਸਰ ਹੀ ਇਕ ਦੂਜੇ ਦੇ ਨਾਲ ਦੇਖਿਆ ਜਾਂਦਾ ਹੈ ਹਾਲਾਂਕਿ ਦੋਹਾਂ ਨੇ ਹੀ ਕਦੇ ਆਪਣੇ ਰਿਸ਼ਤੇ ਨੂੰ ਕਬੂਲ ਨਹੀਂ ਕੀਤਾ। ਇਸ ਦੇ ਨਾਲ ਹੀ ਦੱਸਣਯੋਗ ਹੈ ਕਿ ਆਲੀਆ ਫ਼ਿਲਮ ਇੰਡਸਟਰੀ ਦੇ ਵਿਚ ਬੇਗਮ ਖ਼ਾਨ ਨੂੰ ਬਹੁਤ ਪਸੰਦ ਕਰਦੀ ਹੈ ਅਤੇ ਹੁਣ ਦੋਵਾਂ ਦੀ ਦੋਸਤੀ ਕਾਫੀ ਗਹਿਰੀ ਹੈ।
ਦੋਵੇਂ ਜਿਮ 'ਚ ਕਈ ਵਾਰ ਇਕੱਠੀਆਂ ਨਜ਼ਰ ਆ ਚੁੱਕੀਆਂ ਹਨ। ਉਸ ਨੇ ਪ੍ਰੋਫੈਸ਼ਨ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ 'ਚ ਰੁਝੀ ਹੋਈ ਹੈ ।ਖਬਰਾਂ ਦੀ ਮੰਨੀਏ ਤਾਂ ਆਲੀਆ ਆਪਣਾ ਜਨਮਦਿਨ ਰਣਬੀਰ ਕਪੂਰ ਤੇ ਅਯਾਨ ਮੁਖਰਜੀ ਨਾਲ ਸੈਲੀਬ੍ਰੇਟ ਕਰਨ ਜਾ ਰਹੀ ਹੈ। ਉਥੇ ਹੀ ਦੱਸਣਯੋਗ ਹੈ ਕਿ ਅੱਜ ਕਲ ਰਣਬੀਰ ਕਪੂਰ ਦੇ ਨਾਲ ਵੀ ਆਲੀਆ ਦਾ ਨਾਮ ਕਾਫੀ ਜੁੜ ਚੁੱਕਿਆ ਹੈ ਪਰ ਇਸ ਦੀ ਅਸਲ ਸਚਾਈ ਤਾਂ ਆਲੀਆ ਹੀ ਜਾਣੇ ਅਸੀਂ ਤਾਂ ਕੋਈ ਫੈਸਲਾ ਨਹੀਂ ਸੁਣਾ ਸਕਦੇ। ਅਸੀਂ ਤਾਂ ਆਲੀਆ ਨੂੰ ਜਨਮਦਿਨ ਤੇ ਮੁਬਾਰਕਾਂ ਹੀ ਦੇ ਸਕਦੇ ਹਾਂ।