
Sanjay Garhvi Death: 56 ਸਾਲ ਦੀ ਉਮਰ ’ਚ ਲਏ ਆਖਰੀ ਸਾਹ
'Dhoom' director Sanjay Garhvi passed away at the age of 56: ਮੁੰਬਈ ਫਿਲਮ ‘ਧੂਮ’ ਦੇ ਡਾਇਰੈਕਟਰ ਸੰਜੇ ਗੜ੍ਹਵੀ ਦਾ ਐਤਵਾਰ ਸਵੇਰੇ ਇੱਥੇ ਉਨ੍ਹਾਂ ਦੇ ਘਰ ਦਿਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੀ ਵੱਡੀ ਬੇਟੀ ਸੰਜੀਨਾ ਨੇ ਦਿਤੀ। ਉਹ 56 ਸਾਲ ਦੇ ਸਨ। ਗੜ੍ਹਵੀ ਨੇ ਤਿੰਨ ਦਿਨ ਬਾਅਦ ਅਪਣਾ 57ਵਾਂ ਜਨਮ ਦਿਨ ਮਨਾਉਣਾ ਸੀ। ਉਹ ਯਸ਼ਰਾਜ ਫਿਲਮਜ਼ ਦੀ ‘ਧੂਮ’ ਸੀਰੀਜ਼ ਦੀਆਂ ਫਿਲਮਾਂ ‘ਧੂਮ’(2004) ਅਤੇ ‘ਧੂਮ 2’ (2006) ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ। ਗੜ੍ਹਵੀ ਦੀ ਬੇਟੀ ਮੁਤਾਬਕ ਡਾਇਰੈਕਟਰ ‘ਪੂਰੀ ਤਰ੍ਹਾਂ ਨਾਲ ਸਿਹਤਮੰਦ’ ਸੀ।
ਇਹ ਵੀ ਪੜ੍ਹੋ:Ludhiana News: ਲੁਧਿਆਣਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਸੰਜੀਨਾ ਨੇ ਕਿਹਾ, ‘‘ਅੱਜ ਸਵੇਰੇ 9:30 ਵਜੇ ਉਨ੍ਹਾਂ ਦੀ ਅਪਣੀ ਰਿਹਾਇਸ਼ ’ਤੇ ਮੌਤ ਹੋ ਗਈ। ਸਾਨੂੰ ਯਕੀਨ ਨਹੀਂ ਹੈ ਕਿ ਇਹ ਕਿਵੇਂ ਹੋਇਆ, ਪਰ ਇਹ ਜ਼ਿਆਦਾ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੋ ਸਕਦਾ ਹੈ। ਉਹ ਬਿਮਾਰ ਨਹੀਂ ਸਨ, ਪੂਰੀ ਤਰ੍ਹਾਂ ਤੰਦਰੁਸਤ ਸਨ।’’ ‘ਹਮ ਤੁਮ’ ਅਤੇ ‘ਫਨਾ’ ਫਿਲਮਾਂ ਦੇ ਨਿਰਦੇਸ਼ਕ ਕੁਨਾਲ ਕੋਹਲੀ ਸਮੇਤ ਕਈ ਫਿਲਮੀ ਹਸਤੀਆਂ ਨੇ ਸੋਸ਼ਲ ਮੀਡੀਆ ’ਤੇ ਗੜ੍ਹਵੀ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ।
ਕੋਹਲੀ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਇਹ ਬਹੁਤ ਹੈਰਾਨ ਕਰਨ ਵਾਲਾ ਹੈ। ਸੰਜੇ ਗੜ੍ਹਵੀ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਤੁਹਾਡੀ ਮੌਤ ਦਾ ਸੰਦੇਸ਼ ਲਿਖਣਾ ਪਏਗਾ। ਕਈ ਸਾਲਾਂ ਤੋਂ ਯਸ਼ ਰਾਜ ਫ਼ਿਲਮਸ ਵਿਖੇ ਦਫਤਰ ਅਤੇ ਨਾਸ਼ਤਾ ਸਾਂਝਾ ਕੀਤਾ, ਵਿਚਾਰ ਵਟਾਂਦਰੇ ਕੀਤੇ। ਤੁਹਾਡੀ ਯਾਦ ਆਏਗੀ ਮੇਰੇ ਦੋਸਤ। ਇਸ ਨੂੰ ਸਹਾਰਨਾ ਬਹੁਤ ਮੁਸ਼ਕਲ ਹੈ।’’
ਇਹ ਵੀ ਪੜ੍ਹੋ: LIVE IND Vs AUS World Cup Final: ਗਿੱਲ ਰੋਹਿਤ ਤੋਂ ਬਾਅਦ ਸ਼੍ਰੇਆਸ ਵੀ ਆਊਟ
ਗੜ੍ਹਵੀ ਨੇ 2000 ’ਚ ਫਿਲਮ ‘ਤੇਰੇ ਲੀਏ’ ਨਾਲ ਨਿਰਦੇਸ਼ਨ ’ਚ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ 2002 ’ਚ ‘ਮੇਰੇ ਯਾਰ ਕੀ ਸ਼ਾਦੀ ਹੈ’ ਬਣਾਈ, ਜੋ ਯਸ਼ਰਾਜ ਫਿਲਮਜ਼ ਨਾਲ ਉਨ੍ਹਾਂ ਦੀ ਪਹਿਲੀ ਫਿਲਮ ਸੀ। ਉਨ੍ਹਾਂ ਨੇ ਅਪਣੀ ਤੀਜੀ ਨਿਰਦੇਸ਼ਿਤ ਐਕਸ਼ਨ-ਥ੍ਰਿਲਰ ‘ਧੂਮ’ ਨਾਲ ਸਾਰਿਆਂ ਦਾ ਧਿਆਨ ਅਪਣੇ ਵਲ ਖਿੱਚਿਆ, ਜਿਸ ਨੇ 2000 ਦੇ ਦਹਾਕੇ ਦੇ ਸ਼ੁਰੂ ’ਚ ਭਾਰਤੀ ਨੌਜਵਾਨਾਂ ’ਚ ਮੋਟਰਬਾਈਕਿੰਗ ਨੂੰ ਪ੍ਰਸਿੱਧ ਕੀਤਾ।
2002 ਦੀ ਫਿਲਮ ਕਬੀਰ (ਜਾਨ ਅਬ੍ਰਾਹਮ) ਅਤੇ ਮੁੰਬਈ ਪੁਲਿਸ ਅਧਿਕਾਰੀ ਜੈ ਦੀਕਸ਼ਿਤ (ਅਭਿਸ਼ੇਕ ਬੱਚਨ) ਦੀ ਅਗਵਾਈ ’ਚ ਮੋਟਰਸਾਈਕਲ ਲੁਟੇਰਿਆਂ ਦੇ ਇਕ ਗਰੋਹ ਵਿਚਕਾਰ ਇਕ ਬਿੱਲੀ ਅਤੇ ਚੂਹੇ ਦੀ ਖੇਡ ਦੀ ਕਹਾਣੀ ਸੀ। ਜੈ ਇਸ ਗਰੋਹ ਨੂੰ ਰੋਕਣ ਲਈ ਮੋਟਰਸਾਈਕਲ ਡੀਲਰ ਅਲੀ (ਉਦੈ ਚੋਪੜਾ) ਨਾਲ ਮਿਲ ਕੇ ਕੰਮ ਕਰਦਾ ਹੈ। ਇਸ ਫਿਲਮ ’ਚ ਈਸ਼ਾ ਦਿਓਲ ਅਤੇ ਰਿਮੀ ਸੇਨ ਵੀ ਸਨ। ਗੜ੍ਹਵੀ ਨੇ ਇਸ ਦੇ ਸੁਪਰਹਿੱਟ ਸੀਕਵਲ ‘ਧੂਮ 2’ ਦਾ ਨਿਰਦੇਸ਼ਨ ਵੀ ਕੀਤਾ। 2006 ਦੀ ਇਸ ਫਿਲਮ ’ਚ ਬੱਚਨ, ਚੋਪੜਾ, ਰਿਤਿਕ ਰੋਸ਼ਨ, ਐਸ਼ਵਰਿਆ ਰਾਏ ਬੱਚਨ ਅਤੇ ਬਿਪਾਸ਼ਾ ਬਾਸੂ ਨੇ ਅਦਾਕਾਰੀ ਕੀਤੀ।
ਫਿਲਮ ‘ਧੂਮ-3’ ਦਾ ਨਿਰਦੇਸ਼ਨ ਵਿਜੇ ਕ੍ਰਿਸ਼ਨ ਆਚਾਰੀਆ ਨੇ ਕੀਤਾ ਸੀ। 2013 ਦੀ ਇਸ ਫਿਲਮ ’ਚ ਬੱਚਨ, ਚੋਪੜਾ, ਆਮਿਰ ਖਾਨ ਅਤੇ ਕੈਟਰੀਨਾ ਕੈਫ ਨੇ ਅਭਿਨੈ ਕੀਤਾ ਸੀ।ਗੜਵੀ ਦੀਆਂ ਫਿਲਮਾਂ ’ਚ ‘ਕਿਡਨੈਪ’ (2008), ‘ਅਜਬ ਗਜਬ ਲਵ’ (2012) ਅਤੇ ‘ਆਪ੍ਰੇਸ਼ਨ ਪਰਿੰਦੇ’ ਸ਼ਾਮਲ ਹਨ। 2020 ’ਚ ਰਿਲੀਜ਼ ਹੋਈ ‘ਆਪ੍ਰੇਸ਼ਨ ਪਰਿੰਦੇ’ ਉਨ੍ਹਾਂ ਦੀ ਆਖਰੀ ਨਿਰਦੇਸ਼ਕ ਫਿਲਮ ਸੀ।