
‘ਇਹ ‘ਖੁੱਲ੍ਹਾ’ ਸੀ ਜਿਸ ’ਚ ਇਕ ਮੁਸਲਿਮ ਔਰਤ ਅਪਣੇ ਪਤੀ ਤੋਂ ਇਕਪਾਸੜ ਤਲਾਕ ਦੀ ਮੰਗ ਕਰ ਸਕਦੀ ਹੈ’ : ਸਾਨਿਆ ਦਾ ਪਰਵਾਰ
ਕਰਾਚੀ: ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਸ਼ੋਏਬ ਮਲਿਕ ਨੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ ਤਲਾਕ ਤੋਂ ਬਾਅਦ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾ ਲਿਆ ਹੈ। ਸ਼ੋਏਬ ਅਤੇ ਸਾਨੀਆ ਦਾ ਇਕ ਪੰਜ ਸਾਲ ਦਾ ਬੇਟਾ ਵੀ ਹੈ ਜੋ ਸਾਨੀਆ ਨਾਲ ਰਹਿੰਦਾ ਹੈ। ਸ਼ੋਏਬ ਨੇ ਅਪਣੀ ਨਵੀਂ ਪਤਨੀ ਨਾਲ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਹਨ। ਸਾਨੀਆ ਪਰਵਾਰ ਦੇ ਇਕ ਸੂਤਰ ਨੇ ਦਸਿਆ, ‘‘ਇਹ ‘ਖੁੱਲ੍ਹਾ’ ਸੀ ਜਿਸ ’ਚ ਇਕ ਮੁਸਲਿਮ ਔਰਤ ਅਪਣੇ ਪਤੀ ਤੋਂ ਇਕਪਾਸੜ ਤਲਾਕ ਦੀ ਮੰਗ ਕਰ ਸਕਦੀ ਹੈ।’’
ਸ਼ੋਏਬ ਅਤੇ ਸਾਨੀਆ ਦੇ ਰਿਸ਼ਤੇ ’ਚ ਤਣਾਅ ਦੀਆਂ ਖਬਰਾਂ 2022 ਤੋਂ ਆ ਰਹੀਆਂ ਸਨ ਅਤੇ ਪਿਛਲੇ ਦੋ ਸਾਲਾਂ ਤੋਂ ਦੋਵੇਂ ਇਕੱਠੇ ਨਜ਼ਰ ਨਹੀਂ ਆਏ ਸਨ। ਇਸ ਤੋਂ ਕੁੱਝ ਸਮਾਂ ਪਹਿਲਾਂ ਸ਼ੋਏਬ ਨੇ ਸਾਨੀਆ ਨੂੰ ਇੰਸਟਾਗ੍ਰਾਮ ’ਤੇ ਅਨਫਾਲੋ ਕੀਤਾ ਸੀ। ਸਾਨੀਆ ਅਤੇ ਸ਼ੋਏਬ ਦਾ ਵਿਆਹ ਅਪ੍ਰੈਲ 2010 ’ਚ ਹੈਦਰਾਬਾਦ ’ਚ ਹੋਇਆ ਸੀ ਅਤੇ ਉਹ ਦੁਬਈ ’ਚ ਰਹਿੰਦੇ ਸਨ।
ਸਨਾ ਜਾਵੇਦ ਨੇ ਪਾਕਿਸਤਾਨ ਦੇ ਕਈ ਪਾਕਿ ਲੜੀਵਾਰਾਂ ਅਤੇ ਫਿਲਮਾਂ ’ਚ ਕੰਮ ਕੀਤਾ ਹੈ। ਉਸ ਨੇ 2020 ’ਚ ਗਾਇਕ ਉਮਰ ਜੈਸਵਾਲ ਨਾਲ ਵਿਆਹ ਕੀਤਾ ਸੀ ਪਰ ਦੋ ਮਹੀਨਿਆਂ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ। ਸਾਨੀਆ ਨੇ ਪਿਛਲੇ ਸਾਲ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲਿਆ ਸੀ। ਅਪਣੇ 20 ਸਾਲਾਂ ਦੇ ਕਰੀਅਰ ’ਚ, ਉਸ ਨੇ 43 ਡਬਲਯੂ.ਟੀ.ਏ. ਡਬਲਜ਼ ਖਿਤਾਬ ਅਤੇ ਇਕ ਸਿੰਗਲਜ਼ ਖਿਤਾਬ ਜਿੱਤਿਆ ਹੈ। ਉਸ ਨੂੰ ਭਾਰਤੀ ਮਹਿਲਾ ਟੈਨਿਸ ਦੀ ਮੋਢੀ ਕਿਹਾ ਜਾਂਦਾ ਹੈ।