
ਸਲਮਾਨ ਖ਼ਾਨ ਨੇ ਸਾਂਝਾ ਕੀਤਾ ਨੰਬਰ, ਫੋਨ ਜਾਂ ਮੈਸੇਜ ਕਰਨ 'ਤੇ ਮਿਲਣਗੇ ਮੁਫ਼ਤ ਆਕਸੀਜਨ ਸਿਲੰਡਰ
ਮੁੰਬਈ - ਦੇਸ਼ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਦੇ ਚਲਦਿਆਂ ਫ਼ਿਲਮ ਇੰਡਸਟਰੀ ਦੇ ਕਈ ਸਿਤਾਰੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਨ੍ਹਾਂ 'ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਸਲਮਾਨ ਖ਼ਾਨ ਦਾ ਵੀ ਨਾਂ ਸ਼ਾਮਲ ਹੈ, ਜੋ ਪਿਛਲੀ ਵਾਰ ਦੀ ਤਰ੍ਹਾਂ ਇਸ ਸਾਲ ਵੀ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਹਨ।
ਦਰਅਸਲ ਸਲਮਾਨ ਖ਼ਾਨ ਨੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਆਕਸੀਜਨ ਸਿਲੰਡਰ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ। ਸਲਮਾਨ ਖ਼ਾਨ ਨੇ 500 ਆਕਸੀਜਨ ਸਿਲੰਡਰਾਂ ਦਾ ਆਯਾਤ ਕਰਵਾਇਆ ਹੈ, ਜਿਨ੍ਹਾਂ ਦੀ ਪਹਿਲੀ ਖੇਪ ਮੁੰਬਈ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਤਸਵੀਰ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਇਹ ਉਸ ਲਈ ਹੈ, ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੋਵੇਗੀ।
ਉਨ੍ਹਾਂ ਨੇ ਇਕ ਨੰਬਰ ਵੀ ਸਾਂਝਾ ਕੀਤਾ ਹੈ, ਜਿਸ 'ਤੇ ਉਹ ਫੋਨ ਕਰਕੇ ਜਾਂ ਮੈਸੇਜ ਕਰ ਕੇ ਕੋਰੋਨਾ ਮਰੀਜ਼ਾਂ ਲਈ ਮੁਫ਼ਤ 'ਚ ਆਕਸੀਜਨ ਸਿਲੰਡਰ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਸਲਮਾਨ ਖ਼ਾਨ ਨੇ ਇਹ ਵੀ ਅਪੀਲ ਕੀਤੀ ਹੈ ਕਿ ਸਿਲੰਡਰ ਖ਼ਾਲੀ ਹੋਣ 'ਤੇ ਉਸ ਦੀ ਵਾਪਸੀ ਜ਼ਰੂਰ ਕੀਤੀ ਜਾਵੇ। ਸਲਮਾਨ ਖ਼ਾਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, 'ਸਾਡੇ 500 ਆਕਸੀਜਨ ਸਿਲੰਡਰਾਂ ਦਾ ਪਹਿਲਾਂ ਲਾਟ ਮੁੰਬਈ ਪਹੁੰਚ ਗਿਆ ਹੈ। ਜਿਹੜੇ ਕੋਵਿਡ ਮਰੀਜ਼ ਨੂੰ ਐਮਰਜੈਂਸੀ ਹਾਲਾਤ 'ਚ ਇਸ ਆਕਸੀਜਨ ਸਿਲੰਡਰ ਦੀ ਜ਼ਰੂਰਤ ਹੈ, ਉਹ 8451869785 'ਤੇ ਕਾਲ ਕਰੇ। ਤੁਸੀਂ ਮੈਨੂੰ ਟੈਗ ਅਤੇ ਡੀ. ਐੱਮ. ਵੀ ਕਰ ਸਕਦੇ ਹੋ। ਅਸੀਂ ਮੁਫ਼ਤ 'ਚ ਇਹ ਸਿਲੰਡਰ ਉਪਲਬਧ ਕਰਵਾਵਾਂਗੇ। ਇਸ ਦੀ ਵਰਤੋਂ ਕਰਨ ਤੋਂ ਬਾਅਦ ਕਿਰਪਾ ਕਰਕੇ ਇਸ ਨੂੰ ਵਾਪਸ ਕਰ ਦੇਣਾ।'